ਦਸੂਹਾ, 3 ਮਾਰਚ 2019 - ਕਹਾਣੀਕਾਰ ਲਾਲ ਸਿੰਘ ਨੂੰ ਪੰਜਾਬੀ ਸਾਹਿਤ ਵਿੱਚ ਮਾਂ ਬੋਲੀ ਨੂੰ ਅਮੀਰ ਬਨਾਉਣ ਲਈ ਪਾਏ ਵੱਡਮੁੱਲੇ ਯੋਗਦਾਨ ਲਈ ਪੰਜਾਬੀ ਕਹਾਣੀ ਖੇਤਰ ਵਿੱਚ ਪੰਜਾਬ ਦਾ ਸਭ ਤੋਂ ਵੱਕਾਰੀ ਐਵਾਰਡ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਐਵਾਰਡ ਨਾਲ ਦੋਆਬਾ ਸਾਹਿਤ ਸਭਾ (ਰਜਿ.) ਵੱਲੋਂ ਸਨਮਾਨਿਤ ਕੀਤਾ ਗਿਆ ।
ਇਹ ਪੁਰਸਕਾਰ ਕਹਾਣੀਕਾਰ ਲਾਲ ਸਿੰਘ ਨੂੰ ਉਹਨਾਂ ਵੱਲੋਂ ਕਹਾਣੀ ਖੇਤਰ ਵਿੱਚ ਪਿਛਲੇ 50 ਵਰ੍ਹਿਆਂ ਵਿੱਚ ਪਾਏ ਯੋਗਦਾਨ ਬਦਲੇ ਦਿੱਤਾ ਗਿਆ । ਸਮਾਗਮ ਦੀ ਸਭਾ ਦੇ ਪ੍ਰਧਾਨ ਪ੍ਰੋ. ਸੰਧੂ ਵਰਿਆਣਵੀ ਅਤੇ ਉੱਘੇ ਕਵੀ ਗੁਰਦਿਆਲ ਰੌਸ਼ਨ ਨੇ ਕੀਤੀ । ਉਹਨਾਂ ਆਪਦੇ ਸੰਬੋਧਨ ਵਿੱਚ ਕਿਹਾ ਕਿ ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ , ਪਰ ਉਸ ਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ , ਜੋ ਕਿ ਚੌਥੇ ਪੜਾਅ ਦੇ ਨੌਜਵਾਨ ਕਹਾਣੀਕਾਰਾਂ ਦੀਆਂ ਰਚਨਾਵਾਂ ਵਿੱਚ ਮੌਜੂਦ ਹੈ ।
ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪੇਸ਼ ਕਰਨ ਵਾਲੀ ਲੇਖਕ ਹੈ । ਉਹਨਾਂ ਕਿਹਾ ਕਿ ਲਾਲ ਸਿੰਘ ਦੀ ਕਹਾਣੀ ਪੰਜਾਬੀ ਸਮਾਜ ਦੇ ਜਾਤੀ ਜਮਾਤੀ ਪ੍ਰਸੰਗਾਂ ਨੂੰ ਪ੍ਰਸਤਤ ਕਰਦੀ ਪੰਜਾਬੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਕਾਬਜ਼ ਧਿਰਾਂ ਵੱਲੋਂ ਮਿਹਨਤਕਸ਼ ਵਰਗਾਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਪ੍ਰਤੀ ਤਿੱਖੇ ਪ੍ਰਵਚਨ ਉਚਾਰਦੀ ਹੈ। ਉਸਦੀਆਂ ਸਮੁੱਚੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਸਾਮਰਾਜੀ ਤਾਕਤਾਂ ਦੇ ਵਿਦੇਸ਼ੀ ਅਤੇ ਦੇਸੀ ਰੂਪਾਂ ਦੁਆਰਾ ਹਾਸ਼ੀਅਤ ਵਰਗਾਂ ਨਾਲ ਕੀਤੇ ਜਾਂਦੇ ਸਮਾਜਿਕ ਅਨਿਆਂ ਵਿਰੁੱਧ ਉਗਰ ,ਖਰ੍ਹਵੇਂ ਅਤੇ ਬੜਬੋਲੇ ਉਚਾਰਾਂ ਵਾਲੇ ਕਥਾ ਸ਼ਿਲਪ ਦਾ ਪ੍ਰਸਾਰ ਕਰਨਾ ਹੈ ।
ਇਸ ਪੱਖੋਂ ਉਹ ਵਕਤ ਦੀ ਚਾਲ ਨੂੰ ਪਛਾਣ ਕੇ ਆਪਣੀ ਕਹਾਣੀ ਨੂੰ ਚਿੰਤਨ ਪ੍ਰਧਾਨ ਬਣਾਉਣ ਵਾਲਾ ਸੁਚੇਤ ਕਥਾਕਾਰ ਹੈ। ਖੁਦਕੁਸ਼ੀਆਂ ਦੇ ਰਾਹ ਪਈ ਪੰਜਾਬ ਦੀ ਕਿਸਾਨੀ , ਨੌਜਵਾਨਾਂ ਦੀ ਦਿਸ਼ਾਹੀਣਤਾ, ਦਿਹਾਤੀ ਖੇਤਰ ਵਿੱਚ ਉਪਭੋਗਤਾਵਾਦੀ ਰੁਚੀਆਂ ਦੇ ਦਖ਼ਲ , ਗਲੋਬਲ ਪਿੰਡ ਦੇ ਵਿਕਾਸ ਮਾਡਲ ਵੱਲੋਂ ਮੰਡੀ ਅਤੇ ਬਾਜ਼ਾਰ ਦੇ ਖੜ੍ਹੇ ਕੀਤੇ ਤਲਿੱਸਮ ਵਿੱਚ ਉਲਝੀ ਪੰਜਾਬੀ ਬੰਦਿਆਈ ਨੂੰ ਆਏ ਸੰਕਟਾਂ ‘ਤੇ ਰੁਦਨ ਕਰਨਾ ਵੀ ਉਸ਼ਦਜੇ ਕਥਾ ਮਰਕਜ਼ ਦਾ ਹਿੱਸਾ ਰਿਹਾ ਹੈ । ਉਹਨਾ ਕਿਹਾ ਕਿ ਲਾਲ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ “ ਮਾਰਖੋਰੇ ” 1984 ਵਿੱਚ ਛਪਦਾ ਹੈ ਇਸ ਪਿੱਛੋਂ 1986 ਵਿੱਚ “ਬਲੌਰ ”, 1990 ਵਿੱਚ “ ਧੁੱਪ-ਛਾਂ “ ,1996 ਵਿੱਚ ਕਾਲੀ ਮਿੱਟੀ , 2003 ਵਿੱਚ “ਅੱਧੇ ਅਧੂਰੇ ” ਅਤੇ 2009 ਵਿੱਚ “ ਗੜ੍ਹੀ ਬਖ਼ਸ਼ਾ ਸਿੰਘ ” ਨਾਮਕ ਕਥਾ ਸੰਗ੍ਰਿਹ ਛਪਦੇ ਹਨ । ਇਸ ਮੌਕੇ ਗੁਰਦਿਆਲ ਰੌਸ਼ਨ,ਅਮਰੀਕ ਹਮਰਾਜ਼,ਪ੍ਰਿੰਸੀਪਲ ਪ੍ਰੀਤ ਮਹਿੰਦਰ ਪਾਲ ਸਿੰਘ,ਅਵਤਾਰ ਸਿੰਘ ਸੰਧੂ ,ਗੁਲਜ਼ਾਰ ਸਿੰਘ ਸ਼ੋਕੀ,ਹਰਬੰਸ ਸਿੰਘ ਮਾਛੀਵਾੜਾ, ਸੁਰਿੰਦਰ ਸਿੰਘ ਨੇਕੀ,ਅਮਰੀਕ ਡੋਗਰਾ,ਕਰਨੈਲ ਸਿੰਘ,ਸਾਬੀ ਈਸਪੁਰੀ,ਤਾਰਾ ਸਿੰਘ ਚੌੜਾ,ਸੰਤੋਖ ਸਿੰਘ ਵੀਰ,ਪ੍ਰਿੰ. ਬਿੱਕਰ ਸਿੰਘ, ਪ੍ਰਿੰ. ਸੁਰਿੰਦਰ ਪਾਲ, ਪ੍ਰੋ. ਰਜਿੰਦਰ ਸਿੰਘ , ਕ੍ਰਿਸ਼ਨ ਗੜਸ਼ੰਕਰੀ, ਰਣਬੀਰ ਬੱਬਰ, ਸਰਿੰਦਰ ਸਿੰਘ ਚੰਦ ਟੱਬਾ, ਸੰਤੋਖ ਸਿੰਘ ਵੀਰ, ਤਰਨਦੀਪ ਗੋਗੋ , ਸੁਖਵਿੰਦਰ ਸਿੰਘ ਜੁੰਮੇਸ਼ਾਹ, ਗੁਰਦੀਪ ਕੋਮਲ, ਪ੍ਰੋ ਬਲਵੀਰ ਕੌਰ ਆਦਿ ਸਮੇਤ ਕਈ ਸਾਹਿਤਕਾਰ ਹਾਜ਼ਿਰ ਸਨ ।