ਅਸ਼ੋਕ ਵਰਮਾ
ਬਠਿੰਡਾ, 7 ਮਾਰਚ 2020 - ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਹੁਰਾਂ ਦੀ ਜਨਮ ਸ਼ਤਾਬਦੀ ਸੰਬੰਧੀ 08 ਮਾਰਚ 2020 ਨੂੰ ਟੀਚਰਜ਼ ਹੋਮ ਵਿੱਚ ਸਵੇਰ ਸਮੇਂ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਪ੍ਰਧਾਨਗੀ ਡਾ.ਸਰਬਜੀਤ ਕੌਰ ਸੋਹਲ ਕਰਨਗੇ ਅਤੇ ਡਾ. ਲਾਭ ਸਿੰਘ ਖੀਵਾ ਮੁੱਖ ਮਹਿਮਾਨ ਹੋਣਗੇ। ਇਸ ਸਮੇਂ ਸੰਤੋਖ ਸਿੰਘ ਧੀਰ ਪਰਿਵਾਰ ਵਿੱਚੋਂ ਸ਼੍ਰੀ ਰਿਪੁਦਮਨ ਸਿੰਘ ਰੂਪ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਣਗੇ ।ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਤੀਨਿਧ ਸ਼੍ਰੀ ਨਿੰਦਰ ਘੁਗਿਆਣਵੀ ਮੁੱਖ ਵਕਤਾ ਵਜੋਂ ਧੀਰ ਸਾਹਿਬ ਦੀ ਜ਼ਿੰਦਗੀ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਤਰੋਤਾਜ਼ਾ ਕਰਨਗੇ। ਡਾ. ਪਰਮਜੀਤ ਸਿੰਘ ਢੀਂਗਰਾ ਅਤੇ ਡਾ. ਜੀਤ ਸਿੰਘ ਜੋਸ਼ੀ ਵਿਸ਼ੇਸ਼ ਬੁਲਾਰੇ ਵਜੋਂ ਸੰਤੋਖ ਸਿੰਘ ਧੀਰ ਹੁਰਾਂ ਦੀਆਂ ਸਾਹਿਤਕ ਕਿਰਤਾਂ ਦਾ ਇਤਿਹਾਸਕ, ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਪੱਖ ਤੋਂ ਵਿਸ਼ਲੇਸ਼ਣ ਕਰਦੇ ਹੋਏ ਅਪਣੇ ਵਡਮੁੱਲੇ ਵਿਚਾਰ ਪੇਸ਼ ਕਰਨਗੇ।
ਇਸ ਸਮੇਂ ਸੰਤੋਖ ਸਿੰਘ ਧੀਰ ਹੁਰਾਂ ਦੀਆਂ ਦੋ ਨਵੀਆਂ ਛਪੀਆਂ ਪੁਸਤਕਾਂ " ਮੇਰੀਆਂ ਸ਼੍ਰੇਸਟ ਕਹਾਣੀਆਂ "ਅਤੇ "ਨਵੀਆਂ ਅੱਖਾਂ "ਜੋ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੀਆਂ ਗਈਆਂ ਹਨ ਵੀ ਰਿਲੀਜ਼ ਕੀਤੀਆਂ ਜਾਣਗੀਆਂ। ਇਸ ਸ਼ੁਭ ਦਿਹਾੜੇ 'ਤੇ ਟੀਚਰਜ਼ ਹੋਮ ਟਰੱਸਟ ਦਾ ਮੈਗਜ਼ੀਨ "ਸਹੀ ਬੁਨਿਆਦ " ਦਾ ਜਨਵਰੀ -ਮਾਰਚ 2020 ਦਾ ਅੰਕ ਵੀ ਲੋਕ ਅਰਪਣ ਕੀਤਾ ਜਾਵੇਗਾ। ਇਸ ਮੌਕੇ 'ਤੇ ਚੇਤਨਾ ਪ੍ਰਕਾਸ਼ਨ ਲੁਧਿਆਣਾ ਅਤੇ ਪੀਪਲਜ਼ ਫੋਰਮ ਬਰਗਾੜੀ ਵੱਲੋਂ ਪੁਸਤਕ ਪ੍ਦਸ਼ਨੀਆਂ ਲਾਈਆਂ ਜਾਣਗੀਆਂ।
ਸਲਾਮ ਕਾਫਲਾ ਵੱਲੋਂ ਧੀਰ ਸਾਹਿਬ ਨਾਲ ਸਬੰਧਤ ਛਾਪੀਆਂ ਕਿਤਾਬਾਂ ਦੀ ਪ੍ਦਸ਼ਨੀ ਵੀ ਕੀਤੀ ਜਾ ਰਹੀ ਹੈ।
ਇਸ ਯਾਦਗਾਰੀ ਸਮਾਗਮ ਸੰਬੰਧੀ ਰੀਵਿਊ ਮੀਟਿੰਗ ਤੋਂ ਬਾਅਦ ਸਭਾ ਦੇ ਪ੍ਰਧਾਨ ਸ਼੍ਰੀ ਜੇ ਸੀ ਪਰਿੰਦਾ ਅਤੇ ਜਨਰਲ ਸਕੱਤਰ ਰਣਬੀਰ ਰਾਣਾ ਨੇ ਬਠਿੰਡਾ ਅਤੇ ਆਸ ਪਾਸ ਦੇ ਸਾਹਿਤਕਾਰਾਂ ,ਕਲਾਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਮਹਾਨ ਸਾਹਿਤਕਾਰ ਸ਼੍ਰੀ ਧੀਰ ਜੀ ਨੂੰ ਅਕੀਦਤ ਭੇਂਟ ਕਰਨ ਲਈ ਆਓ ਸਾਰੇ ਇਸ ਸਾਹਿਤਕ ਸਮਾਗਮ ਵਿੱਚ ਇਕੱਠੇ ਹੋਕੇ ਅਪਣੇ ਸਾਹਿਤਕ ਫਰਜ਼ ਦੀ ਪੂਰਤੀ ਦਾ ਅਹਿਦ ਕਰੀਏ। ਇਸ ਸਮਾਗਮ ਸੰਬੰਧੀ ਸਭਾ ਦੇ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਛੜ ਚੁੱਕੇ ਮਹਾਨ ਸਾਹਿਤਕਾਰਾਂ ਨੂੰ ਸਿਜਦਾ ਕਰਨ ਲਈ ਅਜਿਹੇ ਸਾਹਿਤਕ ਸਮਾਗਮਕ ਕਰਵਾਉਣ ਦੀ ਲੋੜ ਹੈ।
ਇਸ ਸਮਾਗਮ ਨੂੰ ਅੰਤਮ ਛੋਹਾਂ ਦੇਣ ਲਈ ਵਿਸ਼ੇਸ਼ ਮੀਟਿੰਗ ਵਿਚ ਭੋਲਾ ਸਿੰਘ ਸਮੀਰੀਆ, ਰਣਜੀਤ ਗੌਰਵ, ਜਸਪਾਲ ਮਾਨਖੇੜਾ, ਦਮਜੀਤ ਦਰਸ਼ਨ, ਮਨਜੀਤ ਬਠਿੰਡਾ, ਅਮਨਦੀਪ ਦਾਤੇਵਾਸੀਆ, ਦਿਲਬਾਗ ਸਿੰਘ ਅਤੇ ਵਿਕਾਸ ਕੌਸ਼ਲ ਨੇ ਸ਼ਮੂਲੀਅਤ ਕੀਤੀ।