ਯੂਨੀਵਰਸਿਟੀ ਕਾਲਜ ਦੇ ਪਲੇਠੇ ਰਸਾਲੇ 'ਵੀਚਾਰ' ਦਾ ਪਹਿਲਾ ਅੰਕ ਲੋਕ ਅਰਪਿਤ
ਪਟਿਆਲਾ ,28 ਅਕਤੂਬਰ 2023 : ਪੰਜਾਬੀ ਯੂਨੀਵਰਸਿਟੀ ਕਾਲਜ ਘਨੌਰ ਵੱਲੋਂ ਆਪਣਾ ਪਲੇਠਾ ਵਿਦਿਆਰਥੀ ਰਸਾਲਾ ਸ਼ੁਰੂ ਕੀਤਾ ਗਿਆ ਹੈ। 'ਵੀਚਾਰ' ਨਾਮਕ ਇਸ ਰਸਾਲੇ ਦਾ ਪਲੇਠਾ ਅੰਕ ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਲੋਕ ਅਰਪਿਤ ਕੀਤਾ ਗਿਆ।
ਪ੍ਰੋ. ਅਰਵਿੰਦ ਨੇ ਇਸ ਮੌਕੇ ਹਾਜ਼ਰ ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ, ਰਸਾਲੇ ਦੇ ਮੁੱਖ ਸੰਪਾਦਕ ਡਾ. ਰਵਿੰਦਰ ਸਿੰਘ ਘੁੰਮਣ ਅਤੇ ਕਾਲਜ ਪ੍ਰਤੀਨਿਧੀਆਂ ਨੂੰ ਇਸ ਸੰਬੰਧੀ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਨਿਰਧਾਰਿਤ ਪਾਠਕ੍ਰਮ ਤੋਂ ਪਾਰ ਜਾ ਕੇ ਪੜ੍ਹਨ ਲਿਖਣ ਦੀ ਚੇਟਕ ਲਗਾਉਣ ਲਈ ਵਿਦਿਆਰਥੀ ਰਸਾਲਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਵੱਧ ਤੋਂ ਵੱਧ ਮੰਚ ਸਿਰਜ ਕੇ ਦੇਣ ਜਿਨ੍ਹਾਂ ਰਾਹੀਂ ਵਿਦਿਆਰਥੀ ਆਪਣੇ ਸਿਰਜਣਾਤਮਕ ਆਪੇ ਨੂੰ ਪੇਸ਼ ਕਰਦਿਆਂ ਆਪਣੇ ਆਪ ਨੂੰ ਤਰਾਸ਼ ਸਕਣ।
ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਇਸ ਕੋਸ਼ਿਸ਼ ਦਾ ਮੰਤਵ ਹੈ ਕਿ ਸਾਡੇ ਵਿਦਿਆਰਥੀ ਅਕਾਦਮਿਕ ਪ੍ਰਬੁੱਧਤਾ ਹਾਸਿਲ ਕਰ ਕੇ ਆਪਣੀ ਜ਼ਿੰਦਗੀ ਲਈ ਬਿਹਤਰ ਰਾਹ ਅਖ਼ਤਿਆਰ ਕਰ ਸਕਣ।
ਰਸਾਲੇ ਦੇ ਮੁੱਖ ਸੰਪਾਦਕ ਡਾ. ਰਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਇੱਕ ਸਾਲਾਨਾ ਰਸਾਲਾ ਹੋਵੇਗਾ ਜਿਸ ਦੇ ਛੇ ਵੱਖ-ਵੱਖ ਸੈਕਸ਼ਨ ਹਨ ਜਿਨ੍ਹਾਂ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਕਾਮਰਸ, ਵਿਗਿਆਨ, ਕੰਪਿਊਟਰ ਅਤੇ ਤਕਨਾਲੋਜੀ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਗੁਰਬਾਣੀ ਵਿੱਚੋਂ ਲਏ ਗਏ ਸ਼ਬਦ 'ਵੀਚਾਰ' ਨੂੰ ਆਧਾਰ ਬਣਾ ਕੇ ਇਸ ਦਾ ਨਾਮਕਰਣ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀਆਂ ਵਿੱਚ ਵਿਚਾਰ ਕਰਨ ਅਤੇ ਆਪਣੇ ਵਿਚਾਰ ਰੱਖਣ ਦੀ ਸੋਝੀ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਕਾਲਜ ਪੜ੍ਹਦੇ ਵਿਦਿਆਰਥੀ ਵਿਚਾਰ ਸਮਝਣ ਅਤੇ ਵਿਚਾਰ ਬਣਾਉਣ ਦੀ ਪ੍ਰਕਿਰਿਆ ਵਿੱਚ ਹੀ ਹੁੰਦੇ ਹਨ। ਇਸ ਤਰ੍ਹਾਂ ਇਹ ਰਸਾਲਾ ਵਿਦਿਆਰਥੀਆਂ ਦੇ ਵਿਚਾਰਾਂ, ਕਲਪਨਾਵਾਂ ਆਦਿ ਦੇ ਪ੍ਰਗਟਾਵੇ ਲਈ ਸਿਰਜਿਆ ਗਿਆ ਇੱਕ ਮੰਚ ਹੀ ਹੈ।