ਰਣਜੀਤ ਸਿੰਘ ਦੀ ਲਿਖਤ ਪੁਸਤਕ '' ਗੁਰੂ ਅੰਗਦ ਦੇਵ ਜੀ ਦਾ ਜੀਵਨ ਅਤੇ ਬਾਣੀ'' ਕੀਤੀ ਗਈ ਸੰਗਤ ਅਰਪਿਤ
- ਸੰਗਤਾਂ ਗੁਰਬਾਣੀ ਦੀਆਂ ਖੋਜ ਭਰਪੂਰ ਪੁਸਤਕਾਂ ਪੜ ਕੇ ਗਿਆਨ ਦੀ ਪ੍ਰਾਪਤੀ ਕਰਨ-ਪ੍ਰਿੰ ਚਰਨਜੀਤ ਸਿੰਘ
- ਜੈਕਾਰਿਆਂ ਦੀ ਗੂੰਜ 'ਚ ਸ.ਰਣਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ,1 ਸਤੰਬਰ 2022 - ਗੁਰੂ ਸਾਹਿਬਾਨ ਤੇ ਭਗਤਾਂ ਵੱਲੋ ਉਚਰੀ ਇਲਾਹੀ ਬਾਣੀ ਗਿਆਨ ਦਾ ਉਹ ਵਿਸ਼ਾਲ ਸਾਗਰ ਹੈ ।ਜਿਸ ਵਿੱਚ ਚੁੱਬੀ ਲੱਗਾ ਕੇ ਕੋਈ ਵੀ ਮਨੁੱਖ ਅਧਿਆਤਮਕ ਤੇ ਰੂਹਾਨੀਅਤ ਦਾ ਗਿਆਨ ਪ੍ਰਪਤ ਕਰਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ।ਇਸੇ ਉਦੇਸ਼ ਦੀ ਪੂਰਤੀ ਨੂੰ ਲੈ ਕੇ ਉੱਘੀ ਸਿੱਖ ਸ਼ਖਸ਼ੀਅਤ ਸ.ਰਣਜੀਤ ਸਿੰਘ( ਰਿਟਾ. ਹੈਡ ਮਾਸਟਰ) ਨੈਸ਼ਨਲ ਐਵਾਰਡੀ ਵੱਲੋ ਲਿਖੀ ਗਈ ਆਪਣੀ ਤੀਜੀ ਪੁਸਤਕ ਗੁਰੂ ਅੰਗਦ ਦੇਵ ਜੀ ਦਾ ਜੀਵਨ ਅਤੇ ਬਾਣੀ ( ਅਰਥਾਂ ਸਹਿਤ) ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਚਰਨਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਨੇ ਸਥਾਨਕ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ, ਮਾਇਆ ਨਗਰ, ਸਿਵਲ ਲਾਈਨ, ਲੁਧਿਆਣਾ ਵਿਖੇ ਨੈਸ਼ਨਲ ਐਵਾਰਡੀ ਸ.ਰਣਜੀਤ ਸਿੰਘ ਵੱਲੋ ਲਿਖੀ ਗਈ ਆਪਣੀ ਤੀਜੀ ਪੁਸਤਕ ਗੁਰੂ ਅੰਗਦ ਦੇਵ ਜੀ ਦਾ ਜੀਵਨ ਅਤੇ ਬਾਣੀ ( ਅਰਥਾਂ ਸਹਿਤ) ਨੂੰ ਸੰਗਤ ਅਰਪਿਤ ਕਰਨ ਲਈ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇੱਕਤਰ ਹੋਈਆਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ। ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਪ੍ਰਿੰ ਚਰਨਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਗੁਰਬਾਣੀ ਦੇ ਸਿਧਾਂਤਾਂ, ਗੁਰੂ ਇਤਿਹਾਸ, ਧਰਮ ਤੇ ਵਿਰਸੇ ਨਾਲ ਜੋੜਨ ਦੇ ਲਈ ਉੱਚਕੋਟੀ ਦੀਆਂ ਗਿਆਨ ਭਰਪੂਰ ਪੁਸਤਕਾਂ ਕਾਫੀ ਲਾਹੇਵੰਦ ਸਿੱਧ ਹੋ ਸਕਦੀਆਂ ਹਨ।
ਇਸੇ ਮਿਸ਼ਨ ਦੀ ਪ੍ਰਾਪਤੀ ਲਈ ਜੋ ਨਿੱਘਾ ਉਪਰਾਲਾ ਇਕਬਾਲ ਨਰਸਿੰਗ ਹੋਮ ਦੇ ਡਾ.ਇਕਬਾਲ ਸਿੰਘ, ਡਾ.ਮਨਿੰਦਰ ਸਿੰਘ ਚਾਵਲਾ ਅਤੇ ਜੇ.ਆਰ.ਐਡ ਸੰਨਜ਼ ਦੇ ਸ.ਅਮਰਜੀਤ ਸਿੰਘ ਨੇ ਸਾਂਝੇ ਰੂਪ ਵਿੱਚ ਉਕਤ ਪੁਸਤਕ ਨੂੰ ਪ੍ਰਕਾਸ਼ਿਤ ਕਰਵਾ ਕੇ ਕੀਤਾ ਹੈ।ਉਹ ਸਮੁੱਚੀ ਸੰਗਤ ਲਈ ਇੱਕ ਚਾਨਣ ਦਾ ਮੁਨਾਰਾ ਹੈ।ਸਮਾਗਮ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਸ.ਪਰਵਿੰਦਰ ਸਿੰਘ ਸ਼ਾਹਜਹਾਨ ਪੁਰ, ਸ.ਜਗਜੀਤ ਸਿੰਘ ਦੋਰਾਹਾ, ਕਵੰਲ ਸਰੂਪ ਸਿੰਘ ਨੇ ਕਿਹਾ ਕਿ ਨੈਸ਼ਨਲ ਐਵਾਰਡੀ ਸ.ਰਣਜੀਤ ਸਿੰਘ ਵੱਲੋ ਲਿਖੀ ਗਈ ਉਕਤ ਪੁਸਤਕ ਅੰਦਰ ਸਾਹਿਬ ਸ਼੍ਰੀ ਗੁਰ ਅੰਗਦ ਦੇਵ ਜੀ ਦੀ ਸਮੁੱਚੀ ਬਾਣੀ ਵਿੱਚ ਆਏ 63 ਸਲੋਕਾਂ ਨੂੰ ਇੱਕ ਸਥਾਨ ਤੇ ਅਰਥਾਂ ਸਹਿਤ ਇੱਕਤਰ ਕਰਨ ਦਾ ਸੁਚੱਜਾ ਉਪਰਾਲਾ ਸਮੁੱਚੀਆਂ ਸੰਗਤਾਂ ਦੇ ਲਈ ਪ੍ਰੇਣਾ ਦਾ ਸਰੋਤ ਬਣੇਗਾ, ਉੱਥੇ ਨਾਲ ਹੀ ਇਹ ਪੁਸਤਕ ਨੌਜਵਾਨ ਪੀੜ੍ਹੀ ਦੇ ਬੌਧਿਕ ਗਿਆਨ ਵਿੱਚ ਵਾਧਾ ਵੀ ਕਰੇਗੀ।
ਇਸ ਤੋ ਪਹਿਲਾਂ ਉਨ੍ਹਾਂ ਵੱਲੋ ਸੰਗਤਾਂ ਦੀ ਝੋਲੀ ਵਿੱਚ ਪਾਈਆਂ ਗਈਆਂ ਦੋ ਪੁਸਤਕਾਂ ਗਿਆਨ ਸਾਗਰ ਤੇ ਗਿਆਨ ਰਤਨ ਵੀ ਕਾਫੀ ਚਰਚਿਤ ਹੋਈਆਂ ਸਨ। ਸਮੂਹ ਬੁਲਾਰਿਆਂ ਨੇ ਪੁਸਤਕ ਦੇ ਲੇਖਕ ਸ.ਰਣਜੀਤ ਸਿੰਘ ਨੂੰ ਜਿੱਥੇ ਆਪਣੀ ਨਿੱਘੀ ਅਸੀਸ ਦਿੱਤੀ ਉੱਥੇ ਨਾਲ ਹੀ ਗੁਰ ਮਹਾਰਾਜ ਦੀ ਹਜ਼ੂਰੀ ਵਿੱਚ ਅਕਾਲ ਪੁਰਖ ਦੇ ਸਨਮੁੱਖ ਉਨਾਂ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਕੀਤੀ ਤਾਂ ਕਿ ਉਹ ਇਸੇ ਤਰ੍ਹਾਂ ਦੇਸ਼ ਤਾਂ ਕੌਮ ਦੀ ਸੇਵਾ ਕਰਦੇ ਰਹਿਣ।ਇਸ ਦੌਰਾਨ ਪ੍ਰਿੰਸੀਪਲ ਚਰਨਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅਨੰਦਪੁਰ ਸਾਹਿਬ, ਡਾ.ਇਕਬਾਲ ਸਿੰਘ,ਡਾ.ਮਨਿੰਦਰ ਸਿੰਘ ਚਾਵਲਾ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਕਰਤਾਰ ਸਿੰਘ ਬਾਵਾ,ਸ.ਜਗਜੀਤ ਸਿੰਘ ਦੋਰਾਹਾ,ਸ.ਸੁਖਦੇਵ ਸਿੰਘ ਲਾਜ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਨੇ ਸਾਂਝੇ ਰੂਪ ਵਿੱਚ ਸ.ਰਣਜੀਤ ਸਿੰਘ ਦੀ ਲਿਖਤ ਪੁਸਤਕ ਗੁਰੂ ਅੰਗਦ ਦੇਵ ਜੀ ਦਾ ਜੀਵਨ ਅਤੇ ਬਾਣੀ (ਅਰਥਾਂ ਸਹਿਤ) ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸੰਗਤ ਅਰਪਿਤ ਕੀਤਾ।
ਇਸ ਮੌਕੇ ਵੱਖ ਵੱਖ ਸੁਸਾਇਟੀਆਂ ਦੇ ਪ੍ਰਮੁੱਖ ਅਹੁਦੇਦਾਰਾਂ ਵੱਲੋ ਪੁਸਤਕ ਦੇ ਲੇਖਕ ਸ.ਰਣਜੀਤ ਸਿੰਘ ਨੈਸ਼ਨਲ ਐਵਾਰਡੀ ਨੂੰ ਦੁਸ਼ਾਲੇ ਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ।ਇਸ ਸਮੇਂ ਉਨ੍ਹਾਂ ਦੇ ਨਾਲ ਸ.ਅਜੈਬ ਸਿੰਘ, ਬੀਬੀ ਕਵੰਲਜੀਤ ਕੌਰ,ਸੁਖਮਿੰਦਰ ਸਿੰਘ, ਸ਼੍ਰੀਮਤੀ ਕੁਸਮ ਨਰੂਲਾ ਨੈਸ਼ਨਲ ਐਵਾਰਡੀ ਰੱਪਵਿੰਦਰ ਕੌਰ, ਬੀਬੀ ਸਤਿੰਦਰ ਕੌਰ ਮਿਸ਼ਨਰੀ, ਪ੍ਰਿੰ.ਪ੍ਰਦੀਪ ਕੌਰ ਵਾਲੀਆਂ, ਮੈਡਮ ਪ੍ਰਮਿੰਦਰ ਕੌਰ ਸਮੇਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕਈ ਪ੍ਰਮੁੱਖ ਅਹੁਦੇਦਾਰ ਅਤੇ ਇਲਾਕੇ ਦੀਆਂ ਸ਼ਖਸ਼ੀਅਤਾਂ ਹਾਜ਼ਰ ਸਨ।