ਮਾਲਵਾ ਸਾਹਿਤ ਸਭਾ ਬਰਨਾਲਾ ਨੇ ਬਘੇਲ ਸਿੰਘ ਧਾਲੀਵਾਲ ਦੀ ਪੁਸਤਕ 'ਬੁੰਗਾ ਮਸਤੂਆਣਾ ਇੱਕ ਸਦੀ ਦਾ ਸਫਰ' 'ਤੇ ਕਰਵਾਈ ਗੋਸ਼ਟੀ
- ਚਮਕੌਰ ਸਿੰਘ ਸੇਖੋਂ ਦੀ ਪੁਸਤਕ ਕਲੀਆਂ ਹੀਰ ਦੀਆਂ ਦਾ ਕੀਤਾ ਲੋਕ ਅਰਪਣ
ਬਰਨਾਲਾ, 18 ਫਰਵਰੀ 2024 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਘੇਲ ਸਿੰਘ ਧਾਲੀਵਾਲ ਦੀ ਪੁਸਤਕ ਬੁੰਗਾ ਮਸਤੂਆਣਾ ਇੱਕ ਸਦੀ ਦਾ ਸਫਰ(1923-2023) ਉੱਪਰ ਗੋਸ਼ਟੀ ਕਰਵਾਈ ਗਈ ਜਿਸ ਬਾਰੇ ਬੋਲਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਬਘੇਲ ਸਿੰਘ ਧਾਲੀਵਾਲ ਨੇ ਨਿਤ ਦੀ ਅਰਦਾਸ ਵਿੱਚ ਵਰਤੀਂਦੇ ਸ਼ਬਦ ਝੰਡੇ ਬੁੰਗੇ ਦੀ ਗੱਲ ਦਮਦਮਾ ਸਾਹਿਬ ਦੇ ਬੁੰਗਿਆਂ ਤੋਂ ਸ਼ੁਰੂ ਕਰਕੇ ਉਸ ਨੂੰ ਇਤਿਹਾਸ ਵਿੱਚ ਸਾਂਭ ਕੇ ਸਦਾ ਲਈ ਜੀਵਿਤ ਕਰ ਦਿੱਤਾ ਹੈ ਜੋ ਕਿ ਸਾਡੇ ਕਾਰ ਸੇਵਾ ਵਾਲਿਆਂ ਨੇ ਖਤਮ ਹੀ ਕਰ ਦਿੱਤੇ ਸਨ ।ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਬਘੇਲ ਸਿੰਘ ਧਾਲੀਵਾਲ ਨੇ ਬੁੰਗਾ ਮਸਤੂਆਣਾ ਦਾ ਆਰੰਭ ਤੋਂ ਵਰਤਮਾਨ ਤੱਕ ਦਾ ਸੰਪੂਰਨ ਇਤਿਹਾਸ ਲਿਖ ਕੇ ਉਸਦੇ ਨਾਲ ਦਮਦਮਾ ਸਾਹਿਬ ਦੇ ਸਮੁੱਚੇ ਇਤਿਹਾਸ ਨੂੰ ਵੀ ਕਲਾਵੇ ਵਿੱਚ ਲੈਣ ਨਾਲ ਪੁਸਤਕ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ ਜੋ ਕਿ ਆਉਣ ਵਾਲੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਉਪਰੰਤ ਚਮਕੌਰ ਸਿੰਘ ਸੇਖੋਂ ਦੀ ਪੁਸਤਕ ਕਲੀਆਂ ਹੀਰ ਦੀਆਂ ਦਾ ਲੋਕ ਅਰਪਣ ਕੀਤਾ ਗਿਆ ਜਿਸ ਬਾਰੇ ਬੋਲਦਿਆਂ ਜੁਗਰਾਜ ਧੌਲਾ ਨੇ ਕਿਹਾ ਕਿ ਹੀਰ ਅਤੇ ਰਾਂਝੇ ਦੀ ਮੋਹਵੰਤੀ ਵਾਰਤਾਲਾਪ ਨੂੰ ਚਮਕੌਰ ਸਿੰਘ ਸੇਖੋਂ ਨੇ ਲੋਕ ਭਾਸ਼ਾ ਵਿੱਚ ਬਾਖੂਬੀ ਬਿਆਨਿਆ ਹੈ ।ਜਰਨੈਲ ਸਿੰਘ ਅੱਚਰਵਾਲ ਨੇ ਕਿਹਾ ਕਿ ਹੀਰ ਦੇ ਸੰਬੰਧ ਵਿੱਚ ਬੇਸ਼ੱਕ ਸੈਂਕੜੇ ਪੁਸਤਕਾਂ ਆ ਚੁੱਕੀਆਂ ਹਨ ਪਰ ਚਮਕੌਰ ਸਿੰਘ ਸੇਖੋਂ ਨੇ ਇਸ ਪੁਸਤਕ ਵਿੱਚ ਕੁਝ ਨਿਵੇਕਲੀਆਂ ਗੱਲਾਂ ਕਰਕੇ ਇਸ ਨੂੰ ਨਵੀਨ ਰੂਪ ਦਿੱਤਾ ਹੈ ।
ਇਸ ਮੌਕੇ ਰੁਪਿੰਦਰ ਥਰਾਜ ਕਨੇਡਾ ਦੇ ਮਿੰਨੀ ਕਹਾਣੀ ਖੂਹ ਦੀਆਂ ਟਿੰਡਾਂ ਦਾ ਵੀ ਲੋਕ ਅਰਪਣ ਕੀਤਾ ਗਿਆ।ਇਹਨਾਂ ਪੁਸਤਕਾਂ ਬਾਰੇ ਡਾ ਭੁਪਿੰਦਰ ਸਿੰਘ ਬੇਦੀ ਦਰਸ਼ਨ ਸਿੰਘ ਗੁਰੂ ਮਨਜੀਤ ਸਿੰਘ ਸਾਗਰ ਨਿਰਮਲ ਸਿੰਘ ਪੰਡੋਰੀ ਡਾ ਕੁਲਵੰਤ ਸਿੰਘ ਜੋਗਾ ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਦਵਿੰਦਰ ਸਿੰਘ ਬਰਾੜ ਨੇ ਆਪਣੇ ਵਿਚਾਰ ਪੇਸ਼ ਕੀਤੇ । ਉਪਰੰਤ ਬਸੰਤ ਰੁੱਤ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਲਖਵਿੰਦਰ ਸਿੰਘ ਠੀਕਰੀਵਾਲ ਸ਼ਿੰਦਰ ਧੌਲਾ ਮੱਖਣ ਸਿੰਘ ਲੌਂਗੋਵਾਲ ਦਰਸ਼ਨ ਸਿੰਘ ਬਾਜਵਾ ਸ਼ੇਰ ਸਿੰਘ ਨਮੋਲ ਸੁਰਜੀਤ ਸਿੰਘ ਦੇਹੜ ਡਾ ਉਜਾਗਰ ਸਿੰਘ ਮਾਨ ਦਲਵਾਰ ਸਿੰਘ ਧਨੌਲਾ ਚਰਨੀ ਬੇਦਲ ਰਾਮ ਸਿੰਘ ਬੀਹਲਾ ਰਾਮ ਸਰੂਪ ਸ਼ਰਮਾ ਗੁਰਮੇਲ ਸਿੰਘ ਰੂੜੇਕੇ ਲਖਬੀਰ ਸਿੰਘ ਦੇਹੜ ਅਤੇ ਤਰਸੇਮ ਸਿੰਘ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਰਵਣ ਸਿੰਘ ਕਾਲਾਬੂਲਾ ਹੈਡ ਮਾਸਟਰ ਰਣਜੀਤ ਸਿੰਘ ਟੱਲੇਵਾਲ ਡਾ ਰਾਮਪਾਲ ਸਿੰਘ ਦਲੇਰ ਸਿੰਘ ਠੁੱਲੀਵਾਲ ਗੁਰਚਰਨ ਸਿੰਘ ਸੇਖੋਂ ਸਾਧੂ ਸਿੰਘ ਝੋਰੜਾਂ ਅਤੇ ਚਮਕੌਰ ਸਿੰਘ ਕਕਰਾਲਾ ਅੰਗਰੇਜ਼ ਸਿੰਘ ਕਲੇਰ ਕਿੱਲੀ ਚਾਹਲ ਹਾਜ਼ਰ ਸਨ ।