ਚੰਡੀਗੜ੍ਹ, 8 ਜਨਵਰੀ, 2017 : ਛੋਟੀ ਉਮਰ ਵਿੱਚ ਹੀ ਸਥਾਪਤ ਅਤੇ ਮੰਝੇ ਹੋਏ ਕਲਾਕਾਰ ਵਾਂਗ ਆਤਮ ਵਿਸ਼ਵਾਸ ਨਾਲ ਗਾਉਣ ਵਾਲੇ ਬਾਲ ਕਲਾਕਾਰ ਸੈਬੀ ਵਾਲੀਆ ਦੇ ਸਿੰਗਲ ਟਰੈਕ ਵੀਡੀਓ ਗੀਤ ਵਿਰਸਾ ਪੰਜਾਬ ਦਾ ਪੋਸਟਰ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਸ੍ਰੀਮਤੀ ਸਤਿੰਦਰ ਸੱਤੀ ਚੇਅਰਪਰਸਨ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਨੇ ਕਿਹਾ ਕਿ ਸੈਬੀ ਵਾਲੀਆ ਦੀ ਗਾਇਨ ਕਲਾ ਨੂੰ ਵੇਖ ਕੇ ਹੈਰਾਨਗੀ ਹੁੰਦੀ ਹੈ ਕਿ ਸੈਬੀ ਨੂੰ ਐਨੀ ਛੋਟੀ ਉਮਰ ਵਿਚ ਸੁਰਾਂ ਦਾ ਭਰਪੂਰ ਗਿਆਨ ਹੈ। ਉਸ ਦੇ ਗੀਤ ਤੋਂ ਉਸ ਦੇ ਹੁਨਰ ਦਾ ਪਤਾ ਲੱਗਦਾ ਹੈ।ਉਨ੍ਹਾ ਕਿਹਾ ਕਿ ਇਹ ਬਾਲ ਕਲਾਕਾਰ ਜਿੱਥੇ ਇਸਦੇ ਹਮਉਮਰ ਉਭਰਦੇ ਗਾਇਕਾਂ ਦੇ ਲਈ ਇਕ ਪ੍ਰੇਰਨਾ ਬਣੇਗਾ, ਉੱਥੇ ਇਸਦੇ ਗੀਤ ਤੋਂ ਪੰਜਾਬ ਦੇ ਸੱਭਿਆਚਾਰ ਦੀ ਝਲਕ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੈਬੀ ਵਾਲੀਆ ਦੇ ਇਸ ਗੀਤ ਦੇਖ ਪੰਜਾਬ ਦਾ ਵਿਰਸਾ ਓ ਬੰਦਿਆ ਵਿੱਚ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਵਿਰਸੇ ਦੀ ਝਲਕ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾਖੋਰੀ ਦਾ ਘਰ ਦੱਸਣ ਵਾਲਿਆਂ ਅਤੇ ਇਸ ਵਿਰੁੱਧ ਭੰਡੀ ਪ੍ਰਚਾਰ ਕਰਨ ਵਾਲਿਆਂ ਨੂੰ ਇਸ ਗੀਤ ਰਾਹੀਂ ਕਰਾਰਾ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੇ ਗੀਤਾਂ ਤੋਂ ਜਿੱਥੇ ਸਮਾਜਿਕ ਬੁਰਾਈਆਂ ਦੇ ਵਿਰੁੱਧ ਲਾਮਬੰਦ ਹੋਇਆ ਜਾ ਸਕਦਾ ਹੈ, ਉੱਥੇ ਅੱਜ ਦੀ ਭੱਜਦੌੜ ਜਿੰਦਗੀ ਵਿਚ ਮਨੋਰੰਜਨ ਦਾ ਇਕ ਮਜਬੂਤ ਮਾਧਿਅਮ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਬੀ ਦੇ ਗੀਤ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵੇਖਿਆ ਜਾ ਸਕਦਾ ਹੈ। ਇਸ ਮੌਕੇ ਤੇ ਸੈਬੀ ਵਾਲੀਆ ਨੇ ਦੱਸਿਆ ਕਿ ਇਸ ਗੀਤ ਦੀ ਕਲਾਤਮਿਕ ਵੀਡੀਓ ਮਨਤਦੀਪ ਪਰਾਸ਼ਰ, ਸੰਗੀਤ ਐੱਚ.ਐੱਸ. ਮਿਊਜ਼ਕ ਤੇ ਖ਼ੂਬਸੂਰਤ ਸਾਹਿਤਕ ਬੋਲ ਰਿਸ਼ਮ ਰਾਗ ਸਾਰੇ ਬਾਲ ਕਲਾਕਾਰਾਂ ਨੇ ਤਿਆਰ ਕੀਤੇ ਹਨ। ਸੈਬੀ ਵਾਲੀਆ ਦਾ ਇਹ ਗੀਤ ਬੀਤੇ ਦਿਨੀ ਯੂ ਟਿਊਬ ਅਤੇ ਨੈੱਟ 'ਤੇ ਨਸ਼ਰ ਕੀਤਾ ਜਾ ਚੁੱਕਾ ਹੈ।