ਮਾਲਵਾ ਸਾਹਿਤ ਸਭਾ ਵੱਲੋਂ ਪੁਸਤਕਾਂ ਸੁਣੀਆਂ ਸੁਣਾਈਆਂ ਅਤੇ ਸੁਕਰਾਤ ਦਾ ਲੋਕ ਅਰਪਣ
ਬਰਨਾਲਾ, 10 ਅਪ੍ਰੈਲ 2022 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈ ਟੀ ਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ।ਇਸ ਸਮਾਗਮ ਵਿੱਚ ਦਰਸ਼ਨ ਸਿੰਘ ਗੁਰੂ ਦੇ ਵਿਚਾਰ ਸੰਗ੍ਰਹਿ ਸੁਣੀਆਂ ਸੁਣਾਈਆਂ ਅਤੇ ਰਾਮ ਸਰੂਪ ਸ਼ਰਮਾ ਦੀ ਪੁਸਤਕ ਸੁਕਰਾਤ ਜੀਵਨ ਅਤੇ ਵਿਚਾਰ ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਸੁਕਰਾਤ ਜੀਵਨ ਅਤੇ ਵਿਚਾਰ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਰਾਮ ਸਰੂਪ ਸ਼ਰਮਾ ਨੇ ਪ੍ਰਸਿੱਧ ਯੂਨਾਨੀ ਦਾਰਸ਼ਨਿਕ ਸੁਕਰਾਤ ਦੇ ਵਿਚਾਰਾਂ ਨੂੰ ਇਕੱਤਰ ਕਰਕੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਕਿਉਂਕਿ ਵਿਗਿਆਨਕ ਸੋਚ ਦਾ ਮੁੱਢ ਅਜਿਹੇ ਦਾਰਸ਼ਨਿਕਾਂ ਦੇ ਸੰਵਾਦ ਤੋਂ ਹੀ ਸ਼ੁਰੂ ਹੁੰਦਾ ਹੈ ਅੱਜ ਵੀ ਸੁਕਰਾਤ ਦਾ ਫਲਸਫਾ ਸਾਡੇ ਰਾਹਾਂ ਨੂੰ ਰੁਸ਼ਨਾ ਰਿਹਾ ਹੈ।
ਡਾ ਸੁਰਿੰਦਰ ਸਿੰਘ ਭੱਠਲ ਨੇ ਇਸ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਭਾਵੇਂ ਕਿ ਸੱਚ ਨੂੰ ਸੂਲੀ ਤੇ ਚੜ੍ਹਨਾ ਪੈ ਜਾਵੇ ਜਾਂ ਸੁਕਰਾਤ ਵਾਂਗ ਜ਼ਹਿਰ ਦਾ ਪਿਆਲਾ ਪੀਣਾ ਪੈ ਜਾਵੇ ਪਰ ਕੁਝ ਵੀ ਹੋਵੇ ਦੁਨੀਆਂ ਦੇ ਸਾਰੇ ਲੋਕ ਸੁਕਰਾਤ ਨੂੰ ਇਕ ਮਹਾਨ ਦਾਰਸ਼ਨਿਕ ਮੰਨਦੇ ਹਨ ।ਦਰਸ਼ਨ ਸਿੰਘ ਗੁਰੂ ਦੇ ਵਿਚਾਰ ਸੰਗ੍ਰਹਿ ਸੁਣੀਆਂ ਸੁਣਾਈਆਂ ਉੱਪਰ ਵਿਚਾਰ ਪੇਸ਼ ਕਰਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਵਿਚ ਦਰਸ਼ਨ ਸਿੰਘ ਗੁਰੂ ਨੇ ਆਪਣੀ ਜ਼ਿੰਦਗੀ ਦੇ ਅਨੁਭਵਾਂ ਨੂੰ ਬਹੁਤ ਹੀ ਬਰੀਕੀ ਨਾਲ ਕਲਮਬੱਧ ਕੀਤਾ ਹੈ ਜੋ ਕਿ ਪਾਠਕਾਂ ਲਈ ਰਾਹ ਦਸੇਰਾ ਸਿੱਧ ਹੋਵੇਗਾ ।
ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਪੁਸਤਕ ਸਮਾਜ ਦੇ ਸਦੀਵੀ ਸੱਚ ਨੂੰ ਸੌਖਿਆਂ ਕਰਕੇ ਲਿਖੀ ਗਈ ਹੈ ਜੋ ਕਿਤੋਂ ਵੀ ਸ਼ੁਰੂ ਹੋ ਸਕਦੀ ਹੈ ਇਸ ਦਾ ਨਾਂ ਆਦ ਹੈ ਨਾ ਅੰਤ ਜਿਸ ਤਰ੍ਹਾਂ ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ।ਇਨ੍ਹਾਂ ਤੋਂ ਇਲਾਵਾ ਕੰਵਰਜੀਤ ਭੱਠਲ ਡਾ ਰਾਮਪਾਲ ਸਿੰਘ ਸਾਗਰ ਸਿੰਘ ਸਾਗਰ ਚਰਨ ਸਿੰਘ ਭਦੌੜ ਪਰਮਜੀਤ ਮਾਨ ਸਰਵਣ ਸਿੰਘ ਕਾਲਾਬੂਲਾ ਮਹਿੰਦਰ ਸਿੰਘ ਰਾਹੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਮਨਦੀਪ ਕੌਰ ਭਦੌੜ ਜਗਤਾਰ ਬੈਂਸ ਹਾਕਮ ਸਿੰਘ ਰੂੜੇਕੇ ਹਾਕਮ ਸਿੰਘ ਨੂਰ ਤੇਜਿੰਦਰ ਚੰਡਿਹੋਕ ਦੀਪਕ ਸਿੰਗਲਾ ਜਸਮੇਲ ਸਿੰਘ ਕਾਲੇਕੇ ਮਮਤਾ ਸੇਤੀਆ ਸੇਖਾ ਰਘਵੀਰ ਸਿੰਘ ਗਿੱਲ ਕੱਟੂ ਮਨਦੀਪ ਕੁਮਾਰ ਰਾਜਿੰਦਰ ਸਿੰਘ ਰਾਜਨ ਗੁਰਮੇਲ ਸਿੰਘ ਰੂੜੇਕੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ।