ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰੋ. ਬਡੂੰਗਰ ਦੁਆਰਾ ਰਚਿਤ ਅੱਠਵੀਂ ਧਾਰਮਕ ਪੁਸਤਕ ‘ਸਚਹੁ ਓਰੈ ਸਭੁ ਕੋ’ ਰਿਲੀਜ਼
- ਪੁਸਤਕ ਰਾਹੀਂ ਗੁਰਬਾਣੀ ਫਲਸਫੇ ਨਾਲ ਜੋੜਨ ਦਾ ਉਪਰਾਲਾ ਮਹਾਨ ਸ਼ਲਾਘਾਯੋਗ : ਸਿੰਘ ਗਿਆਨੀ ਹਰਪ੍ਰੀਤ ਸਿੰਘ
- ਅਜੋਕੀ ਪੀੜ੍ਹੀ ਪੁਸਤਕ ਸੱਭਿਆਚਾਰ ਨਾਲ ਜੁੜਕੇ ਗਿਆਨ ਦਾ ਚਾਨਣ ਕਰੇ : ਪ੍ਰੋ. ਬਡੂੰਗਰ
ਪਟਿਆਲਾ 10 ਦਸੰਬਰ 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੁਆਰਾ ਰਚਿਤ ਅੱਠਵੀਂ ਪੁਸਤਕ ‘ਸਚਹੁ ਓਰੈ ਸਭੁ ਕੋ’ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨਛੋਹ ਪਾਵਨ ਧਰਤੀ ਤਖਤ ਸ੍ਰੀ ਤਲਵੰਡੀ ਸਾਬੋ ਵਿਖੇ ਰਿਲੀਜ਼ ਕੀਤਾ ਗਿਆ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੁਸਤਕ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਧਰਮ ਦੇ ਪ੍ਰਚਾਰ ਪਸਾਰ ਦੇ ਨਾਲ-ਨਾਲ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਹੋਰਾਂ ਦੁਆਰਾ ਰਚਿਤ ਪੁਸਤਕ ਜਿਥੇ ਸਾਰਿਆਂ ਦਾ ਮਾਰਗ ਦਰਸ਼ਨ ਕਰੇਗੀ, ਉਥੇ ਹੀ ਗੁਰਬਾਣੀ ਦੇ ਫਲਸਫੇ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਨ ਦਾ ਮਹਾਨ ਉਪਰਾਲਾ ਵੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਨੇ ਧਾਰਮਕ ਖੇਤਰ ਵਿਚ ਫਰਜਾਂ ਦੀ ਪਹਿਰੇਦਾਰੀ ਕਰਦਿਆਂ ਹਮੇਸ਼ਾ ਸਿੱਖੀ ਸਿਧਾਂਤ ਅਤੇ ਗੁਰਮਤਿ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਅਤੇ ਇਹ ਪੁਸਤਕ ਵੀ ਸਾਰਿਆਂ ਲਈ ਗਿਆਨ ਅਤੇ ਚਾਨਣ ਦਾ ਪ੍ਰਕਾਸ਼ ਕਰੇਗੀ।
ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਇਹ ਅੱਠਵੀਂ ਪੁਸਤਕ ਦੀ ਰਚਨਾ ਕਰ ਸਕੇ ਹਨ ਅਤੇ ਗੁਰੂ ਸਾਹਿਬ ਨੇ ਆਪ ਹੀ ਕਲਮ ਚਲਵਾਈ ਅਤੇ ਗੁਰੂ ਜੱਸ ਕਰਵਾਇਆ। ਉਨ੍ਹਾਂ ਕਿਹਾ ਕਿ ਪ੍ਰੇਰਨਾ ਦਿੰਦਿਆਂ ਕਿਹਾ ਕਿ ਅਜੌਕੀ ਪੀੜ੍ਹੀ ਨੂੰ ਪੁਸਤਕ ਸੱਭਿਆਚਾਰ ਨਾਲ ਜੁੜਕੇ ਗਿਆਨ ਦਾ ਚਾਨਣ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਧਾਰਮਕ ਪੁਸਤਕਾਂ ਰਾਹੀਂ ਗੁਰੂ ਸਾਹਿਬ ਦਾ ਉਦੇਸ਼ ਅਤੇ ਵਿਚਾਰਧਾਰਾ ਦੇ ਨਾਲ-ਨਾਲ ਗੁਰਬਾਣੀ ਦੇ ਫਲਸਫੇ ਨਾਲ ਜੁੜਕੇ ਗੁਰੂ ਮਾਰਗ ਦਾ ਪਾਂਧੀ ਬਣਿਆ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖ ਸੈਕਲੋਪੀਡੀਆ ਵਿਭਾਗ ਦੇ ਮੁਖੀ ਪ੍ਰੋ. ਪਰਮਵੀਰ ਸਿੰਘ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦਮਦਮਾ ਸਾਹਿਬ ਪਿ੍ਰੰਸੀਪਲ ਡਾ. ਕਮਲਪ੍ਰੀਤ ਕੌਰ ਕੌਰ, ਡਾ. ਅਮਨ ਸਿੰਘ, ਡਾ. ਗੁਰਤੇਜ ਸਿੰਘ, ਡਾ. ਭੁਪਿੰਦਰਪਾਲ ਸਿੰਘ, ਬੀਬੀ ਕਮਲਜੀਤ ਕੌਰ ਅਤੇ ਮੈਨੇਜਰ ਰਣਜੀਤ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।