ਮਾਂ ਬੋਲੀ ਨੂੰ ਭੁੱਲ ਕੇ ਮਨੁੱਖ ਦੀ ਹਾਲਤ ਟਹਿਣੀਓਂ ਟੁੱਟੇ ਪੱਤੇ ਵਾਂਗ ਹੋ ਜਾਂਦੀ ਹੈ - ਮਿੱਤਰ ਸੈਨ ਮੀਤ
- ਰੂਰਲ ਐਨ ਜੀ ਓ ਮੋਗਾ ਵੱਲੋਂ ਕਰਵਾਏ ਗਏ ਪੰਜਾਬੀ ਭਾਸ਼ਾ ਇਮਤਿਹਾਨ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ
ਮੋਗਾ 2 ਅਕਤੂਬਰ 2021 - ਮਾਂ ਬੋਲੀ ਉਸ ਬੋਲੀ ਨੂੰ ਕਿਹਾ ਜਾਂਦਾ ਹੈ, ਜਿਸ ਬੋਲੀ ਵਿੱਚ ਬੱਚੇ ਨੂੰ ਮਾਂ ਲੋਰੀਆਂ ਸੁਣਾਉਂਦੀ ਹੈ, ਮੁਢਲੇ ਸ਼ਬਦ ਬੋਲਣ ਸਿਖਾਉੰਦੇ ਹੈ ਅਤੇ ਕਹਾਣੀਆਂ ਸੁਣਾਉੰਦੀ ਹੈ। ਇੱਕ ਮਨੁੱਖ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਜਿੰਨੇ ਵਧੀਆ ਤਰੀਕੇ ਨਾਲ ਮਾਂ ਬੋਲੀ ਵਿੱਚ ਪ੍ਰਗਟ ਕਰ ਸਕਦਾ ਹੈ, ਉਨ੍ਹਾਂ ਸਪਸ਼ਟ ਕਿਸੇ ਹੋਰ ਭਾਸ਼ਾ ਵਿੱਚ ਪ੍ਰਗਟ ਕਰਨਾ ਸੰਭਵ ਨਹੀਂ ਹੁੰਦਾ। ਇਸ ਲਈ ਸਾਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਤੇ ਤੰਦਰੁਸਤ ਰਹਿਣ ਲਈ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਕਿਉਕਿ ਮਾਂ ਬੋਲੀ ਨੂੰ ਭੁੱਲ ਕੇ ਮਨੁੱਖ ਦੀ ਹਾਲਤ ਟਹਿਣੀਓਂ ਟੁੱਟੇ ਪੱਤੇ ਵਰਗੀ ਹੋ ਜਾਂਦੀ ਹੈ, ਜੋ ਪਹਿਲਾਂ ਮੁਰਝਾ ਜਾਂਦਾ ਹੈ, ਫਿਰ ਸੁੱਕ ਜਾਂਦਾ ਹੈ ਤੇ ਫਿਰ ਮਿੱਟੀ ਵਿੱਚ ਰਲ ਜਾਂਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਦੇ ਉਘੇ ਨਾਵਲਕਾਰ, ਕਾਨੂੰਨਦਾਨ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਦੇ ਕਨਵੀਨਰ ਮਿੱਤਰ ਸੈਨ ਮੀਤ ਜੀ ਨੇ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਆਯੋਜਿਤ ਕੀਤੀ ਗਈ ਮਾਂ ਬੋਲੀ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਨੂੰ ਸੰਸਥਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿਚ ਇਨਾਮ ਤਕਸੀਮ ਕਰਨ ਮੌਕੇ ਕੀਤਾ। ਉਹਨਾਂ ਰੂਰਲ ਐੱਨ ਜੀ ਓ ਮੋਗਾ ਦੇ ਇਸ ਉਦਮ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਸ਼ੁਰੂ ਤੋਂ ਹੀ ਇਸ ਗੱਲੋਂ ਬਦਕਿਸਮਤ ਰਹੀ ਹੈ ਕਿ ਇਸ ਦੇ ਰਹਿਬਰਾਂ ਨੇ ਹੀ ਇਸ ਨੂੰ ਸਭ ਤੋਂ ਵੱਧ ਅਣਗੌਲਿਆਂ ਕੀਤਾ ਹੈ।
ਉਨ੍ਹਾਂ ਕਿਹਾ ਕਿ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਹੋਰ ਭਾਸ਼ਾਵਾਂ ਸਿੱਖਣਾ ਜਿੰਨੀ ਵਧੀਆ ਗੱਲ ਹੈ, ਆਪਣੀ ਮਾਤ ਭਾਸ਼ਾ ਤੋਂ ਮੁੱਖ ਮੋੜ ਜਾਣਾ, ਉਨੀ ਹੀ ਘਟੀਆ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲ ਸਕਿਆ। ਉਹਨਾਂ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਇਸ ਤੋਂ ਵੱਡੀ ਮਾਂ ਬੋਲੀ ਦੀ ਬਦਕਿਸਮਤੀ ਕੀ ਹੋਵੇਗੀ ਕਿ ਹਾਲੇ ਵੀ ਵੱਡੇ ਪ੍ਰਾਈਵੇਟ ਸਕੂਲਾਂ ਵੱਲੋਂ ਬੱਚਿਆਂ ਦੇ ਮਾਤ ਭਾਸ਼ਾ ਵਿੱਚ ਗੱਲ ਕਰਨ ਤੇ ਜੁਰਮਾਨੇ ਲਗਾਏ ਜਾ ਰਹੇ ਹਨ ਤੇ ਬਿਨਾਂ ਪੰਜਾਬੀ ਪਾਸ ਕੀਤਿਆਂ ਬੱਚਿਆਂ ਨੂੰ ਅੱਠਵੀਂ ਅਤੇ ਦਸਵੀਂ ਕਲਾਸ ਵਿੱਚੋਂ ਪਾਸ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਮਾਂ ਬੋਲੀ ਨੂੰ ਉਸਦਾ ਬਣਦਾ ਸਤਿਕਾਰ ਦਿਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਤੇ ਮੋਗਾ ਜਿਲ੍ਹੇ ਦੀ ਟੀਮ ਜਿਲ੍ਹਾ ਕਨਵੀਨਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਮੋਗਾ ਜਿਲ੍ਹੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦੀ ਚੋਣ ਵਿੱਚ ਕੀਤੇ ਜਾ ਰਹੇ ਭਾਈ ਭਤੀਜਾਵਾਦ ਖਿਲਾਫ ਭਾਈਚਾਰੇ ਵੱਲੋਂ ਵਿੱਢੀ ਗਈ ਜੰਗ ਵੀ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਪ੍ਰੀਖਿਆ ਵਿੱਚੋਂ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਲੜਕੀ ਕਮਲਪ੍ਰੀਤ ਕੌਰ ਝੰਡੇਆਣਾ ਸ਼ਰਕੀ, ਦੂਸਰਾ ਸਥਾਨ ਹਾਸਲ ਕਰਨ ਵਾਲੀ ਲੜਕੀਆਂ ਰਣਦੀਪ ਕੌਰ ਜਲਾਲਾਬਾਦ ਅਤੇ ਹਰਦੀਪ ਕੌਰ ਸੋਸਣ, ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੀ ਲੜਕੀ ਰਾਜਵੀਰ ਕੌਰ ਚੜਿੱਕ ਨੂੰ ਆਪਣੇ ਹੱਥੀਂ ਪੁਰਸਕਾਰ ਦਿੱਤੇ।
ਇਸ ਮੌਕੇ ਉਘੇ ਸਾਹਿਤਕਾਰ ਅਮਰ ਸੂਫੀ, ਸੁਰਜੀਤ ਸਿੰਘ ਕਾਉੰਕੇ, ਦਵਿੰਦਰ ਸੇਖਾ, ਪ੍ਰੋ ਰਾਜਿੰਦਰ ਸਿੰਘ ਸੁਰਜੀਤ ਸਿੰਘ ਦੌਧਰ, ਬੇਅੰਤ ਕੌਰ ਗਿੱਲ, ਗਾਇਕ ਹਰਮਿਲਾਪ ਗਿੱਲ, ਜਸਵਿੰਦਰ ਸਰਾਵਾਂ, ਪ੍ਰੇਮ ਕੁਮਾਰ, ਗਿਆਨ ਸਿੰਘ ਰਿਟਾ. ਡੀ ਪੀ ਆਰ ਓ, ਰਣਜੀਤ ਸਿੰਘ ਧਾਲੀਵਾਲ ਨੇ ਵੀ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਮਿੱਤਰ ਸੈਨ ਮੀਤ ਜੀ ਦੀਆਂ ਪੰਜਾਬੀ ਭਾਸ਼ਾ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਐਨ ਜੀ ਓ ਚੇਅਰਮੈਨ ਅਤੇ ਭਾਈਚਾਰੇ ਦੇ ਜਿਲ੍ਹਾ ਕਨਵੀਨਰ ਮਹਿੰਦਰ ਪਾਲ ਲੂੰਬਾ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਆਏ ਹੋਏ ਮਹਿਮਾਨਾਂ ਅਤੇ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਜਸਵੰਤ ਸਿੰਘ ਪੁਰਾਣੇਵਾਲਾ, ਨਰਜੀਤ ਕੌਰ ਅਤੇ ਮੈਡਮ ਜਸਵੀਰ ਕੌਰ ਉਚੇਚਾ ਧੰਨਵਾਦ ਕੀਤਾ।