ਜਥੇ: ਗਿਆਨੀ ਹਰਪ੍ਰੀਤ ਸਿੰਘ ਵੱਲੋਂ ਡਾ. ਰੂਪ ਸਿੰਘ ਦੁਆਰਾ ਰਚਿਤ 101 ਸੇਕਰਡ ਸਿੱਖ ਸ਼ਰਾਈਨਜ ਅਤੇ ਸਚਿਆਰ ਸਿੱਖ ਸ਼ਖ਼ਸੀਅਤਾਂ ਪੁਸਤਕਾਂ ਲੋਕ ਅਰਪਣ
ਅੰਮ੍ਰਿਤਸਰ, 15 ਜੁਲਾਈ 2024- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾ. ਰਪੂ ਸਿੰਘ ਵੱਲੋਂ ਪ੍ਰਕਾਸ਼ਤ ਪੁਸਤਕ ਸੋ ਥਾਨੁ ਸੁਹਾਵਾ ਦਾ ਅੰਗਰੇਜ਼ੀ ਅਨੁਵਾਦ ਕਰਵਾ “101 ਸੇਕਰਡ ਸਿੱਖ ਸ਼ਰਾਈਨਜ” ਅਤੇ ਸਚਿਆਰ ਸਿੱਖ ਸ਼ਖ਼ਸੀਅਤਾਂ, ਦੋ ਪੁਸਤਕਾਂ ਸਿੰਘ ਬ੍ਰਦਰਜ਼ ਪਬਲੀਕੇਸ਼ਨ ਹਾਊਸ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਕਰ ਕਮਲਾ ਨਾਲ ਪਾਠਕ ਜਗਤ ਨੂੰ ਭੇਟ ਕੀਤੀਆਂ। ਦੋਵੇਂ ਪੁਸਤਕਾਂ ਦੇ ਪ੍ਰਕਾਸ਼ਕ ਸਿੰਘ ਬ੍ਰਦਰਜ, ਬਜ਼ਾਰ ਮਾਈ ਸੇਵਾਂ ਵਾਲੇ ਹਨ ਅਤੇ ਛਾਪਕ ਪ੍ਰਿੰਟਵੈਲ , ਸ੍ਰੀ ਅੰਮ੍ਰਿਤਸਰ ਹਨ।
ਗੌਰਤਲਬ ਹੈ ਕਿ ਡਾ ਰੂਪ ਸਿੰਘ ਦੀ 2003 ਵਿੱਚ ਪ੍ਰਕਾਸ਼ਤ ਹੋਈ ਪੁਸਤਕ “ ਸੋ ਥਾਨੁ ਸੁਹਾਵਾ “ ਕਾਫੀ ਮਕਬੂਲ ਹੋਈ ਸੀ ਅਤੇ ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਛਾਪਣ ਦੀ ਮੰਗ ਚਿਰੋਕਣੀ ਅਤੇ ਨਿਰੰਤਰ ਹੋ ਰਹੀ ਸੀ । ਇਸ ਸਚਿੱਤਰ ਪੁਸਤਕ ਵਿੱਚ ਪੰਜਾਬ ਵਿਚਲੇ ਇਤਿਹਾਸਕ ਗੁਰਧਾਮਾਂ ਦਾ ਵਿਵਰਣ ਜ਼ਿਲ੍ਹਾ ਵੰਡ ਤੇ ਆਧਾਰਤ ਕੀਤਾ ਗਿਆ ਹੈ । ਪੰਜਾਬ ਤੋਂ ਇਲਾਵਾ ਇਸ ਪੁਸਤਕ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣਵੇਂ ਗੁਰਧਾਮਾਂ ਅਤੇ ਪੰਜਾਬ ਸਮੇਤ ਬਾਹਰਲੇ ਰਾਜਾਂ ਵਿੱਚਲੇ ਤਖ਼ਤ ਸਾਹਿਬਾਨ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਗੁਰਧਾਮਾਂ ਦੀਆਂ ਸੁੰਦਰ ਤਸਵੀਰਾਂ ਦੀ ਸੁੰਦਰ ਦਿੱਖ ਪ੍ਰਭਾਵਸ਼ਾਲੀ ਹੈ। ਇਸ ਦਾ ਅੰਗਰੇਜ਼ੀ ਅਨੁਵਾਦ ਸ. ਜੋਗਿੰਦਰ ਸਿੰਘ ਅਦਲੀਵਾਲ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ। ਉਨ੍ਹਾਂ ਵੱਲੋ ਢੁਕਵੀ ਤੇ ਸੁਖਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।
ਸ੍ਰੀ ਅੰਮ੍ਰਿਤਸਰ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੁਸਤਕਾਂ ਰੀਲੀਜ ਕਰਨ ਸਮੇਂ ਪੁਸਤਕ ਦੇ ਮੂਲ ਲੇਖਕ ਡਾ. ਰੂਪ ਸਿੰਘ, ਅੰਗਰੇਜ਼ੀ ਅਨੁਵਾਦਕ ਸ ਜੋਗਿੰਦਰ ਸਿੰਘ ਅਦਲੀਵਾਲ, ਪਬਲਿਸ਼ਰ ਸ. ਗੁਰਸਾਗਰ ਸਿੰਘ, ਸ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਸ਼੍ਰੋ:ਗੁ:ਪ੍ਰ ਕਮੇਟੀ, ਸ. ਕੁਲਜੀਤ ਸਿੰਘ ਆਫ ਸਿੰਘ ਬ੍ਰਦਰਜ, ਸ. ਗੁਰਿੰਦਰ ਸਿੰਘ, ਸ. ਰਵਿੰਦਰ ਸਿੰਘ (ਰਵੀ) ਪ੍ਰਿੰਟਵੈਲ ਵਾਲੇ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸਾਬਕਾ ਸਕੱਤਰ ਅਤੇ ਸ਼੍ਰੋ:ਗੁ:ਪ੍ਰ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਤੋ ਇਲਾਵਾ ਹੋਰ ਕਈ ਪ੍ਰਤਿ਼ਸ਼ਠ ਸ਼ਖਸੀਅਤਾਂ ਹਾਜ਼ਰ ਸਨ। ਪੁਸਤਕ ਰੀਲੀਜ ਉਪ੍ਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਡਾ ਰੂਪ ਸਿੰਘ ਦੁਆਰਾ ਰਚਿਤ ਇਸ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਸਿੱਖ ਗੁਰਧਾਮਾਂ ਪ੍ਰਤੀ ਸ਼ਰਧਾਵਾਨ ਅਤੇ ਜਗਿਆਸੂ ਪਾਠਕਾਂ ਦੀ ਰੀਝ ਪੂਰੀ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਾਅਦ ਪੁਸਤਕ ਪ੍ਰਕਾਸ਼ਨ ਵਿੱਚ ਇਜਾਫਾ ਹੋਇਆ, ਵੱਡੀ ਮਾਤਰਾ ਵਿੱਚ ਪੁਸਤਕਾਂ ਛੱਪ ਰਹੀਆਂ ਹਨ। ਇਸ ਸਮੇਂ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਵੱਲੋਂ ਪੁਸਤਕ ਦੇ ਮੂਲ ਲੇਖਕ ਡਾ. ਰੂਪ ਸਿੰਘ ਤੇ ਅੰਗਰੇਜ਼ੀ ਅਨੁਵਾਦਕ ਸ. ਜੋਗਿੰਦਰ ਸਿੰਘ ਅਦਲੀਵਾਲ ਨੂੰ ਸਿਰਪਾਓ ਬਖਸ਼ਿਸ਼ ਕੀਤਾ ਗਿਆ।