ਮਾਸਟਰ ਫਰਤੂਲ ਚੰਦ ਫ਼ੱਕਰ ਦੀ ਕਿਤਾਬ 'ਫ਼ੱਕਰਾਂ ਦੀਆਂ ਖੇਡਾਂ ' ਦਾ ਕੀਤਾ ਲੋਕ ਅਰਪਣ
ਪਠਾਨਕੋਟ: 23 ਅਕਤੂਬਰ 2023 : ਦੀਨ ਹੀਨ ਅਸਹਾਇ ਸੁਸਾਇਟੀ,ਭੋਆ ਵੱਲੋਂ ਭਾਸ਼ਾ ਵਿਭਾਗ, ਜ਼ਿਲ੍ਹਾ ਪਠਾਨਕੋਟ ਦੇ ਸਹਿਯੋਗ ਨਾਲ ਸਕੂਲ ਆਫ਼ ਐਮੀਨੈਂਸ,ਭੋਆ (ਪਠਾਨਕੋਟ) ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਮਾਸਟਰ ਫਰਤੂਲ ਚੰਦ ਫ਼ੱਕਰ ਹੋਰਾਂ ਦੀ ਕਿਤਾਬ 'ਫ਼ੱਕਰਾਂ ਦੀਆਂ ਖੇਡਾਂ ' ਦਾ ਲੋਕ ਅਰਪਣ ਕੀਤਾ ਗਿਆ ਅਤੇ ਮੁਸ਼ਾਇਰਾ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਨੋਦ ਸ਼ਰਾਫ ਹੋਰਾਂ ਸ਼ਮੂਲੀਅਤ ਕੀਤੀ ਤੇ ਪ੍ਰਸਿੱਧ ਸ਼ਾਇਰ ਨਰੇਸ਼ ਨਿਰਗੁਣ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਖੂਬਸੂਰਤ ਸਮਾਰੋਹ ਦੀ ਪ੍ਰਧਾਨਗੀ ਤਹਿਸੀਲਦਾਰ (ਰਿਟਾ.) ਸ਼੍ਰੀ ਯਸ਼ਪਾਲ ਸ਼ਰਮਾ ਹੋਰਾਂ ਨੇ ਕੀਤੀ। ਸਮਾਰੋਹ ਦਾ ਆਗਾਜ਼ ਆਏ ਮਹਿਮਾਨਾਂ ਦਾ ਬੁੱਕੇ ਦੇ ਸਵਾਗਤ ਨਾਲ ਕੀਤਾ ਗਿਆ। ਇਸ ਉਪਰੰਤ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਨਸੀਬ ਸਿੰਘ ਹੋਰਾਂ ਵੱਲੋਂ ਸਕੂਲ ਦੇ ਵਿਹੜੇ ਵਿੱਚ ਪਹੁੰਚਣ ਵਾਲੇ ਅਦੀਬਾਂ, ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਨੂੰ ਕਿਹਾ ਤੇ ਅੱਜ ਦੇ ਦਿਨ 'ਤੇ ਸਕੂਲ ਦੇ ਵਿਹੜੇ ਵਿੱਚ ਰੌਣਕਾਂ ਲਾਉਣ ਲਈ ਧੰਨਵਾਦ ਵੀ ਕੀਤਾ। ਇਸ ਉਪਰੰਤ ਆਏ ਖ਼ਾਸ ਮਹਿਮਾਨਾਂ ਤੇ ਪ੍ਰਧਾਨਗੀ ਮੰਡਲ ਵੱਲੋਂ ਸ਼ਾਇਰ ਮਾਸਟਰ ਫਰਤੂਲ ਚੰਦ ਫ਼ੱਕਰ ਹੋਰਾਂ ਦੀ ਕਿਤਾਬ ' ਫ਼ੱਕਰਾਂ ਦੀਆਂ ਖੇਡਾਂ ' ਨੂੰ ਲੋਕ ਅਰਪਿਤ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੁਰੇਸ਼ ਮਹਿਤਾ ਹੋਰਾਂ ਫ਼ੱਕਰ ਹੋਰਾਂ ਦੇ ਸਾਹਿਤਕ ਸਫ਼ਰ 'ਤੇ ਰੋਸ਼ਨੀ ਪਾਉਂਦੇ ਹੋਏ ਦੱਸਿਆ ਕਿ ਫੱਕਰ ਸਾਡੇ ਇੱਕ ਐਸੇ ਬਜ਼ੁਰਗ ਸ਼ਾਇਰ ਨੇ ਜਿਨ੍ਹਾਂ ਦੋਹੜਾ ਸ਼ਾਇਰੀ ਵਿੱਚ ਹਾਸ਼ਮ ਸ਼ਾਹ ਤੇ ਸੁਲਤਾਨ ਬਾਹੂ ਤੋਂ ਬਾਅਦ ਦੋਹੜਾ ਸ਼ਾਇਰੀ ਵਿੱਚ ਨਾਮਣਾ ਖੱਟਿਆ ਹੈ। ਉਨ੍ਹਾਂ ਦੀ ਪੁਖਤਾ ਸ਼ਾਇਰੀ ਕਰਕੇ ਉਨ੍ਹਾਂ ਦਾ ਨਾਮ ਦੁਨੀਆਂ ਭਰ ਵਿੱਚ ਗੂੰਜਦਾ ਹੈ। ਇਸ ਖੂਬਸੂਰਤ ਸ਼ਾਇਰੀ ਨਾਲ ਸੱਜੇ ਹੋਏ ਮੁਸ਼ਾਇਰੇ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਆਏ ਸ਼ਾਇਰਾਂ ਦੀਆਂ ਸਵਰ ਲਹਿਰੀਆਂ ਨੇ ਮਹਿਫ਼ਲ ਵਿੱਚ ਕਾਵਿਕ ਰੰਗ ਬਿਖੇਰ ਕੇ ਮਾਹੌਲ ਨੂੰ ਹੁਸੀਨ ਤੇ ਰੰਗੀਨ ਬਣਾ ਦਿੱਤਾ। ਲੰਬਾ ਚੱਲਣ ਵਾਲੇ ਇਸ ਸਮਾਰੋਹ ਵਿੱਚ ਸ਼ਾਇਰ ਲੋਕ ਆਪਣੀ ਹਾਜ਼ਰੀ ਲਗਵਾਉਂਦੇ ਤੇ ਆਪਣੇ ਕਲਾਮ ਨਾਲ ਮੰਤਰਮੁਗਧ ਕਰਦੇ ਰਹੇ। ਕਾਵਿ ਮਹਿਫ਼ਲ ਦਾ ਆਗਾਜ਼ ਗੁਰਮੀਤ ਬਾਜਵਾ ਜੀ ਦੇ ਦੋਹੜਿਆਂ ਨਾਲ ਕੀਤਾ ਗਿਆ ਜਿਸ ਨੇ ਖੂਬ ਰੰਗ ਬੰਨ੍ਹਿਆ। ਪਠਾਨਕੋਟ ਦੀ ਸਾਹਿਤ ਸਭਾ ਦੇ ਪ੍ਰਧਾਨ ਸ਼੍ਰੀ ਬੀ ਆਰ ਗੁਪਤਾ ਤੇ ਪ੍ਰਸਿੱਧ ਸ਼ਾਇਰ ਪੂਰਨ ਅਹਿਸਾਨ ਹੋਰਾਂ ਦੇ ਤਰਾਨੁੰਮ ਵਿੱਚ ਪੇਸ਼ ਕੀਤੇ ਕਲਾਮ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਹਿਮਾਚਲ ਪ੍ਰਦੇਸ਼ ਤੋਂ ਪਹੁੰਚੇ ਸ਼ਾਇਰ ਸੁਭਾਸ਼ ਸਾਹਿਲ ਤੇ ਫ਼ਿਰੋਜ਼ ਆਰੋਜ਼ ਅਤੇ ਸ਼ਾਹਪੁਰ ਕੰਢੀ ਤੋਂ ਪਹੁੰਚੇ ਸੁਨੀਲ ਆਫ਼ਤਾਬ ਤੇ ਦਵਿੰਦਰ ਅੱਤਰੀ ਹੋਰਾਂ ਦੇ ਕਲਾਮ ਨੇ ਕਾਵਿ ਮਹਿਫ਼ਲ ਨੂੰ ਹੋਰ ਵੀ ਹੁਸੀਨ ਬਣਾ ਦਿੱਤਾ। ਡਾ. ਗੁਰਚਰਨ ਗਾਂਧੀ ਸੰਪਾਦਕ 'ਸੂਹੀ ਸਵੇਰ ' ਹੋਰਾਂ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਹਾਜ਼ਰੀ ਲਵਾਈ।ਸੂਬਾ ਸਿੰਘ ਖਹਿਰਾ,ਰਾਮ ਕਿਸ਼ੋਰ 'ਰਾਮ', ਰਮਨੀ ਸੁਜਾਨਪੁਰੀ, ਜੁਗਲ ਕਿਸ਼ੋਰ, ਵਿਜੇ ਕੁਮਾਰ, ਰਾਜ ਕੁਮਾਰੀ,ਪ੍ਰੇਮ ਲਾਲ ਆਦਿ ਨੇ ਵੀ ਆਪਣੇ ਕਲਾਮ ਪੇਸ਼ ਕੀਤੇ। ਮਾਸਟਰ ਫਰਤੂਲ ਚੰਦ ਫ਼ੱਕਰ ਹੋਰਾਂ ਨੇ ਆਪਣੀ ਸ਼ਾਇਰਾਨਾ ਹਾਜ਼ਰੀ ਦੇ ਨਾਲ ਆਏ ਮਹਿਮਾਨਾਂ ਤੇ ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਪਠਾਨਕੋਟ ਦਾ ਅਤੇ ਸਕੂਲ ਪ੍ਰਿੰਸੀਪਲ ਹੋਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਆਪਣੇ ਮੁਰਸ਼ਦ ਨੂੰ ਸਮਰਪਿਤ ਇਸ ਕਿਤਾਬ ਦੇ ਲੋਕ ਅਰਪਣ ਕਰਕੇ ਅੱਜ ਦੇ ਦਿਨ ਨੂੰ ਭਾਗਾਂ ਵਾਲਾ ਤੇ ਅਭੁੱਲ ਬਣ ਗਿਆ ਕਿਹਾ। ਨਰੇਸ਼ ਨਿਰਗੁਣ ਜੋ ਅੱਜ ਦੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵੀ ਸਨ ਉਨ੍ਹਾਂ ਕਿਹਾ ਕਿ ਫ਼ੱਕਰ ਜੀ ਅਜਿਹੇ ਇਨਸਾਨ, ਸ਼ਾਇਰ ਤੇ ਸਮਾਜ ਸੇਵੀ ਹਨ ਜਿਨ੍ਹਾਂ ਦੀ ਸਮਾਜ ਅਤੇ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ।
ਉਨ੍ਹਾਂ ਆਪਣੇ ਦਿਲਕਸ਼ ਅੰਦਾਜ਼ ਵਿੱਚ ਆਪਣੀ ਸ਼ਾਇਰੀ ਰਾਹੀਂ ਹਾਜ਼ਰੀ ਵੀ ਲਗਵਾਈ ਜਿਸ ਨਾਲ ਸਭ ਦਾ ਮਨ ਮੋਹ ਲਿਆ। ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਵਿਨੋਦ ਸ਼ਰਾਫ ਹੋਰਾਂ ਨੇ ਫ਼ੱਕਰ ਹੋਰਾਂ ਦੀ ਸਾਹਿਤਕ ਤੇ ਸਮਾਜਿਕ ਦੇਣ ਬਾਰੇ ਰੋਸ਼ਨੀ ਪਾਉਂਦੇ ਕਿਹਾ ਕਿ ਫ਼ੱਕਰ ਹੋਰਾਂ ਦਾ ਸਮਾਜ ਸੇਵਾ ਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਵੱਡਾ ਨਾਂ ਹੈ ਤੇ ਉਹ ਆਪਣੇ ਕੰਮਾਂ ਤੇ ਗੁਣਾਂ ਕਰਕੇ ਇੱਕ ਵਿਅਕਤੀ ਹੁੰਦੇ ਹੋਏ ਵੀ ਸੰਸਥਾ ਬਣ ਗਏ ਹਨ। ਉਨ੍ਹਾਂ ਅੱਜ ਦੇ ਇਸ ਸਫ਼ਲ ਸਮਾਗਮ ਦੇ ਮੌਕੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਇਹ ਨਾਯਾਬ ਕਿਤਾਬ ਦਾ ਵਿਮੋਚਨ ਅਤੇ ਅੱਜ ਦਾ ਮੁਸ਼ਾਇਰਾ ਉਨ੍ਹਾਂ ਲਈ ਹਮੇਸ਼ਾ ਲਈ ਯਾਦਗਾਰੀ ਤੇ ਅਭੁੱਲ ਬਣ ਗਿਆ ਹੈ। ਇਸ ਸਮਾਰੋਹ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਖੋਜ ਅਫ਼ਸਰ ਰਾਜੇਸ਼ ਕੁਮਾਰ , ਸ਼ਿਵ ਕੁਮਾਰ, ਰਾਮੇਸ਼ ਕੁਮਾਰ,ਰੇਖਾ ਤੋਂ ਰੇਨੂੰ ਅਤੇ ਪਿੰਡ ਦੇ ਹੋਣਹਾਰ ਨੌਜਵਾਨ ਯੁਵਰਾਜ ਹੋਰਾਂ ਦੀ ਹਾਜ਼ਰੀ ਵੀ ਵਿਸ਼ੇਸ਼ ਰਹੀ।ਮੰਚ ਸੰਚਾਲਕ ਰਮਨ ਕੁਮਾਰ ਹੋਰਾਂ ਦੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤੇ ਮੰਚ ਸੰਚਾਲਨ ਨੂੰ ਸਭ ਵੱਲੋਂ ਖ਼ੂਬ ਸਲਾਹਿਆ ਗਿਆ