ਹਰਦਮ ਮਾਨ
ਸਰੀ, ਕੈਨੇਡਾ, 8 ਅਕਤੂਬਰ 2019 - ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪੋਤਰੀ ਪ੍ਰਭਜੋਤ ਕੌਰ ਸਿੰਘ ਦੁਆਰਾ ਦੋ ਭਾਸ਼ਾਵਾਂ (ਪੰਜਾਬੀ ਤੇ ਅੰਗ੍ਰੇਜ਼ੀ) ਵਿਚ ਰਚਿਤ ਨਿਵੇਕਲੀ ਪੁਸਤਕ ' ਇੱਕ ਸੀ ਚਿੜੀ, ਜਿਸ ਦਾ ਨਾਂਅ ਸੀ ਚੂਈ' ਰਿਲੀਜ਼ ਕਰਨ ਲਈ ਬੰਬੇ ਬੈਂਕੁਇਟ ਹਾਲ ਸਰੀ ਵਿਖੇ ਸਮਾਗਮ ਰਚਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਟੀ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ, ਸਾਧੂ ਬਨਿੰਗ, ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ, ਪੰਜਾਬੀ ਅਧਿਆਪਕਾ ਅਮਨਦੀਪ ਛੀਨਾ ਅਤੇ ਵਿਦਿਆਰਥਣ ਨੰਦਨੀ ਕੌਸ਼ਲ ਨੇ ਕੀਤੀ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਵਿਦਿਆਰਥਣ ਕਰਮਨ ਗਿੱਲ ਨੇ ਐਨੀ ਓਹਾਨਾ ਨੂੰ ਸਮਾਗਮ ਦਾ ਸ਼ੁੱਭ ਅਰੰਭ ਕਰਨ ਦੀ ਦਾਅਵਤ ਦਿੱਤੀ ਅਤੇ ਫਿਰ ਪੁਸਤਕ ਦੀ ਲੇਖਿਕਾ ਪ੍ਰਭਜੋਤ ਕੌਰ ਸਿੰਘ ਨੇ ਸਭ ਦਾ ਸਵਾਗਤ ਕਰਦਿਆਂ ਇਸ ਪੁਸਤਕ ਦੇ ਹੋਂਦ ਵਿਚ ਆਉਣ ਦੀ ਦਿਲਚਸਪ ਕਹਾਣੀ ਸਾਂਝੀ ਕੀਤੀ। ਪ੍ਰਭਜੋਤ ਨੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਵੱਲੋਂ ਇਸ ਪੁਸਤਕ ਨੂੰ ਬਹੁਤ ਹੀ ਖੂਬਸੂਰਤ ਚਿੱਤਰਾਂ ਨਾਲ ਸ਼ੰਗਾਰਨ ਅਤੇ ਸੁਚਿੱਤਰ ਬਣਾਉਣ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਪੁਸਤਕ ਉਪਰ ਬੋਲਦਿਆਂ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪ੍ਰਭਜੋਤ ਕੌਰ ਸਿੰਘ ਦੇ ਬਚਪਨ ਬਾਰੇ, ਜੀਵਨ ਬਾਰੇ, ਕਿਤਾਬਾਂ ਨਾਲ ਜੁੜਨ ਸਬੰਧੀ ਸਮੁੱਚੀ ਕਹਾਣੀ ਵਿਸਥਾਰ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਹੁਣ ਉਨ੍ਹਾਂ ਨੂੰ ਤਸੱਲੀ ਹੋ ਗਈ ਹੈ ਕਿ ਪਰਿਵਾਰ ਵਿਚ ਪੁਸਤਕਾਂ ਦੇ ਵਿਰਸੇ ਨੂੰ ਸੰਭਾਲਣ ਵਾਲੀ ਪ੍ਰਭਜੋਤ ਕੌਰ ਸਿੰਘ ਹੈ। ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਇਸ ਪੁਸਤਕ ਬਹੁਤ ਹੀ ਦਿਲਚਸਪ ਵਾਰਤਾਲਾਪ ਹੈ। ਸ਼ਾਇਰ ਮੋਹਨ ਗਿੱਲ ਨੇ ਪੁਸਤਕ ਦੇ ਕਈ ਹਵਾਲੇ ਦਿੰਦਿਆਂ ਦੱਸਿਆ ਕਿ ਇਸ ਪੁਸਤਕ ਵਿਚ ਹਰ ਵਰਗ ਦੇ ਪਾਠਕ ਲਈ ਬਹੁਤ ਹੀ ਦਿਲਕਸ਼ ਸਮੱਗਰੀ ਹੈ ਅਤੇ ਇਸ ਵਿਚ ਪੰਛੀਆਂ ਬਾਰੇ ਅਤੇ ਮਨੁੱਖੀ ਰਿਸ਼ਤਿਆਂ ਬਾਰੇ ਖੂਬਸੂਰਤ ਅਤੇ ਉਸਾਰੂ ਭਾਵਨਾ ਦਾ ਪ੍ਰਗਟਾਵਾ ਹੈ। ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ, ਮੀਤ ਪ੍ਰਧਾਨ ਸਾਧੂ ਬਿਨਿੰਗ, ਅਧਿਆਪਕਾ ਅਮਨਦੀਪ ਛੀਨਾ, ਵਿਦਿਆਰਥਣ ਨੰਦਨੀ ਕੌਸ਼ਲ ਅਤੇ ਅਰਮਾਨ ਥਾਂਦੀ ਨੇ ਪ੍ਰਭਜੋਤ ਕੌਰ ਸਿੰਘ ਦੀ ਸੁਹਿਰਦਤਾ, ਕਾਰਜਸ਼ੀਲਤਾ ਅਤੇ ਨਿਮਰ ਸੁਭਾਅ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਇਸ ਪੁਸਤਕ ਦੀ ਪ੍ਰਸੰਸਾ ਕਰਦਿਆਂ ਪ੍ਰਭਜਜੋਤ ਨੂੰ ਵਧਾਈ ਦਿੱਤੀ।
ਡਾ. ਐਸ. ਪੀ. ਸਿੰਘ ਨੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੋ ਕੁਝ ਅਸੀਂ ਪੰਜਾਬ ਵਿਚ ਨਹੀਂ ਕਰ ਸਕੇ ਉਹ ਪ੍ਰਭਜੋਤ ਨੇ ਕੈਨੇਡਾ ਵਿਚ ਕਰਕੇ ਪੰਜਾਬੀ ਸਾਹਿਤ ਲਈ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦੀ ਵਿੱਲਖਣਤਾ ਇਸ ਕਰਕੇ ਵੀ ਇਹ ਇਕ ਹੋਣਹਾਰ ਕੈਨੇਡੀਅਨ ਨੌਜਵਾਨ ਲੇਖਿਕਾ ਦੀ ਰਚਨਾ ਹੈ ਅਤੇ ਇਸ ਤੋਂ ਸਪੱਸ਼ਟ ਰੂਪ ਵਿਚ ਝਲਕਾਰਾ ਮਿਲਦਾ ਹੈ ਕਿ ਕੈਨੇਡਾ ਦੇ ਜੰਮਪਲ ਨਵੇਂ ਲੇਖਕਾਂ ਦੀ ਭਾਸ਼ਾ, ਸ਼ੈਲੀ ਅਤੇ ਸਿਨਫ ਕਿਸ ਤਰ੍ਹਾਂ ਦੀ ਹੋਵੇਗੀ। ਅੰਤ ਵਿਚ ਪ੍ਰਭਜੋਤ ਕੌਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ। ਸਮੁੱਚੇ ਰੂਪ ਵਿਚ ਇਹ ਸਮਾਗਮ ਸਰੀ ਵਿਚ ਹੋ ਰਹੇ ਸਾਹਿਤਕ ਸਮਾਗਮਾਂ ਤੋਂ ਬਿਲਕੁਲ ਹੀ ਨਿਵੇਕਲਾ ਢੁੱਕਵਾਂ ਸੀ ਅਤੇ ਸਭ ਨੇ ਇਸ ਦੀ ਸ਼ਲਾਘਾ ਕੀਤੀ।