ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ 'ਜ਼ਿੰਦਗੀ ਦੇ ਰਾਹ ਦਸੇਰੇ' ਪੁਸਤਕ 'ਤੇ ਗੋਸ਼ਟੀ ਕਰਵਾਈ ਗਈ
ਫ਼ਿਰੋਜ਼ਪੁਰ, 28 ਅਪ੍ਰੈਲ 2023: ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਸਾਹਿਤ ਸਭਾ (ਰਜਿ.) ਜ਼ੀਰਾ ਦੇ ਸਹਿਯੋਗ ਨਾਲ ਸ. ਨਰਿੰਦਰ ਸਿੰਘ ਜ਼ੀਰਾ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ 'ਜ਼ਿੰਦਗੀ ਦੇ ਰਾਹ ਦਸੇਰੇ' ਉੱਤੇ ਇੱਕ ਪ੍ਰਭਾਵਸ਼ਾਲੀ ਗੋਸ਼ਟੀ ਸਰਕਾਰੀ ਕਾਲਜ ਜ਼ੀਰਾ ਵਿਖੇ ਕਰਵਾਈ ਗਈ।
ਕਰਵਾਉਣ ਦਾ ਮਾਣ ਇਸ ਕਾਲਜ ਨੂੰ ਦਿੱਤਾ ਗਿਆ। ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਨਰਿੰਦਰ ਸਿੰਘ ਜ਼ੀਰਾ ਇੱਕ ਫਿਕਰਮੰਦ ਲੇਖਕ ਹੈ ਜੋ ਸਮਾਜ ਦੇ ਵੱਖ-ਵੱਖ ਵਰਤਾਰਿਆਂ ਦੀਆਂ ਦੁਸ਼ਵਾਰੀਆਂ 'ਤੇ ਚਿੰਤਨ ਕਰਦਾ ਹੈ ਅਤੇ ਇਸ ਚਿੰਤਨ-ਮੰਥਨ ਵਿੱਚੋਂ ਸਮਰੱਥਾ ਅਨੁਸਾਰ ਜੀਵਨ-ਸੇਧ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿੱਚ ਜੀਵਨ ਦੇ ਗੰਭੀਰ ਮਸਲਿਆਂ ਨੂੰ ਤੱਥਾਂ ਦੇ ਆਧਾਰ 'ਤੇ ਬਹੁਤ ਹੀ ਸਾਦੇ ਅਤੇ ਸਪੱਸ਼ਟ ਰੂਪ ਪ੍ਰਗਟ ਕੀਤਾ ਗਿਆ ਹੈ।
ਇਸ ਦੌਰਾਨ ਸ਼੍ਰੀ ਸਤੀਸ਼ ਮੋਹਨ ਦੇਵਗਨ ਨੇ ਇਸ ਪੁਸਤਕ ਦੇ ਵੱਖ-ਵੱਖ ਲੇਖਾਂ ਵਿੱਚ ਦਰਪੇਸ਼ ਸਮੱਸਿਆਵਾਂ ਬਾਰੇ ਚਾਨਣਾ ਪਾਉਂਦਿਆਂ ਸ. ਨਰਿੰਦਰ ਸਿੰਘ ਜ਼ੀਰਾ ਦੇ ਜੀਵਨ 'ਤੇ ਪੰਛੀ ਝਾਤ ਪਵਾਈ। ਪ੍ਰੋ. ਪਵਿੱਤਰ ਸਿੰਘ ਨੇ ਮੰਚ ਸੰਚਾਲਣ ਕਰਦਿਆਂ ਇਸ ਪੁਸਤਕ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੁਸਤਕ ਸਮਕਾਲ ਦੀ ਜੀਵਨ-ਜਾਚ ਨੂੰ ਸਮਝਣ ਵਿੱਚ ਵਿਸ਼ੇਸ਼ ਤੌਰ 'ਤੇ ਸਹਾਈ ਹੋਵੇਗੀ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਉੱਘੇ ਕਾਲਮ ਨਵੀਸ ਸ. ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਨਰਿੰਦਰ ਸਿੰਘ ਜ਼ੀਰਾ ਉਨ੍ਹਾਂ ਸੰਵੇਦਨਸ਼ੀਲ ਮਨੁੱਖਾਂ ਵਿੱਚੋਂ ਹੈ ਜੋ ਦੂਜਿਆਂ ਦੀ ਪੀੜ ਨੂੰ ਸਮਝਦੇ ਹਨ ਅਤੇ ਉਸਨੂੰ ਪ੍ਰਗਟ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਉਨ੍ਹਾਂ ਇਤਿਹਾਸਕ ਹਵਾਲੇ ਦਿੰਦਿਆਂ ਗਿਆਨ ਨਾਲ਼ ਜੁੜਣ ਲਈ ਕਿਹਾ ਕਿਉਂਕਿ ਗਿਆਨ ਹੀ ਮਨੁੱਖ ਨੂੰ ਸਹੀ ਦਿਸ਼ਾ ਦੇ ਸਕਦਾ ਹੈ।
ਅਖੀਰ ਵਿੱਚ ਸ. ਨਰਿੰਦਰ ਸਿੰਘ ਜ਼ੀਰਾ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਇਸ ਪੁਸਤਕ ਦੀ ਸਿਰਜਨ ਪ੍ਰਕਿਰਿਆ ਅਤੇ ਸ੍ਰੋਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਵਿਦਿਆਰਥੀਆਂ ਨਾਲ ਲੰਮਾ ਸਮਾਂ ਜੁੜੇ ਰਹਿਣ ਦਾ ਅਨੁਭਵ ਹੈ ਅਤੇ ਇਸੇ ਅਨੁਭਵ ਵਿੱਚੋਂ ਉਹ ਸਮਾਜ, ਆਰਥਿਕਤਾ ਅਤੇ ਜੀਵਨ ਵਿਹਾਰ ਦੇ ਵਿਭਿੰਨ ਪਹਿਲੂਆਂ ਦੀ ਪੁਣਛਾਣ ਕਰ ਸਕਣ ਦੇ ਸਮਰੱਥ ਹੋ ਸਕੇ।
ਇਸ ਮੌਕੇ ਜਰਨੈਲ ਸਿੰਘ ਭੁੱਲਰ, ਮਹਿੰਦਰਪਾਲ ਕੁਮਾਰ, ਗੁਰਪਾਲ ਸਿੰਘ ਜ਼ੀਰਵੀ, ਜੁਗਰਾਜ ਸਿੰਘ, ਹਕੂਮਤ ਰਾਏ, ਅਸ਼ੋਕ ਪਲਤਾ, ਸੀ. ਐੱਲ ਕੌਸ਼ਿਕ, ਮਿਸ ਪੂਜਾ, ਪੂਨਮ ਬਾਲਾ, ਪੱਤਰਕਾਰ ਪਰਤਾਪ ਸਿੰਘ ਜ਼ੀਰਾ, ਸ਼੍ਰੀ ਰਮਨ ਕੁਮਾਰ, ਸ. ਨਵਦੀਪ ਸਿੰਘ ਤੋਂ ਇਲਾਵਾ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।