ਖਟਕੜ ਕਲਾਂ ਵਿਖੇ ਵਿਚਾਰ ਚਰਚਾ ਅਤੇ ਕਵੀ ਦਰਬਾਰ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 21 ਜੁਲਾਈ 2021 - ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ, ਚਾਚਾ ਸ਼ਹੀਦ ਸਵਰਣ ਸਿੰਘ ਅਤੇ ਸਾਥੀ ਬੀ.ਕੇ. ਦੱਤ ਦੀ ਯਾਦ ਨੂੰ ਸਮਰਪਿਤ ਕਿਸਾਨ ਸੰਘਰਸ਼ ਦੇ ਪ੍ਰਸੰਗ ਵਿਚ ਵਿਚਾਰ ਚਰਚਾ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਹ ਸਮਾਗਮ ਬੀਬੀ ਅਮਰ ਕੌਰ ਯਾਦਗਾਰੀ ਹਾਲ, ਸ਼ਹੀਦ ਭਗਤ ਸਿੰਘ ਸ਼ਤਾਬਦੀ ਫਾਊਂਡੇਸ਼ਨ ਖਟਕੜ ਕਲਾਂ ਵਿਖੇ ਕੀਤਾ ਗਿਆ।
ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਜਗਮੋਹਣ ਸਿੰਘ, ਪ੍ਰੋ ਸੁਰਜੀਤ ਜੱਜ, ਪ੍ਰੋ. ਬਲਦੇਵ ਸਿੰਘ ਬੱਲੀ, ਸ਼ਾਇਰ ਸੁਨੀਲ ਚੰਦਿਆਣਵੀ ਅਤੇ ਹਰਬੰਸ ਹੀਉਂ ਸ਼ਾਮਿਲ ਹੋਏ। ਪ੍ਰੋ਼ ਜਗਮੋਹਣ ਸਿੰਘ ਨੇ ਬੀਬੀ ਅਮਰ ਕੌਰ, ਸ਼ਹੀਦ ਸਵਰਣ ਸਿੰਘ ਅਤੇ ਬੈਕਟੇਸ਼ਵਰ ਦੱਤ ਦੀਆਂ ਕੁਰਬਾਨੀਆਂ ਦੀ ਚਰਚਾ ਕਰਦੇ ਹੋਏ ਨੌਜਵਾਨਾਂ, ਔਰਤਾਂ ਅਤੇ ਕੁੜੀਆਂ ਨੂੰ ਆਪਣੇ ਇਤਿਹਾਸਕ ਵਿਰਸੇ ਨਾਲ ਜੋੜਣ ਦੀ ਲੋੜ ਵੱਲ ਧਿਆਨ ਕੇਂਦਰਿਤ ਕਰਨ ਲਈ ਵਿਚਾਰ ਪ੍ਰਗਟ ਕੀਤੇ। ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਚਲ ਰਿਹਾ ਕਿਸਾਨ ਘੋਲ ਕੋਈ ਆਰ ਪਾਰ ਦੀ ਲੜਾਈ ਨਹੀਂ ਹੈ। ਹੋਰ ਘੋਲਾਂ ਲਈ ਰਾਹ ਦਰਸਾਵਾ ਹੈ। ਇਸ ਘੋਲ ਤੋਂ ਬਾਅਦ ਵੀ ਘੋਲ ਚਲਦੇ ਰਹਿਣਗੇ।
ਇਸ ਘੋਲ ਨੇ ਹਾਕਮਾਂ ਦੀਆਂ ਬਹੁਤ ਸਾਰੀਆਂ ਚਾਲਾਂ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ। ਪ੍ਰੋ. ਬਲਦੇਵ ਸਿੰਘ ਬੱਲੀ ਨੇ ਆਜ਼ਾਦੀ ਸੰਗਰਾਮ ਦੇ ਜੁਝਾਰੂਆਂ ਨੂੰ ਸਮਰਪਿਤ ਇਸ ਸਮਾਗਮ ਲਈ ਪ੍ਰਬੰਧਕਾਂ ਨੂੰ ਮੁਬਾਰਕਾਂ ਦਿੱਤੀਆਂ। ਇਸ ਸਮਾਗਮ ਦੌਰਾਨ ਅਧਿਆਪਕਾ ਰੇਸ਼ਮ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਅਤੇ ਮੀਤੂ ਬੰਗਾ ਨੂੰ ਫਾਊਂਡੇਸ਼ਨ ਵੱਲੋਂ ਟ੍ਰਾਈ ਸਾਈਕਲ ਭੇਂਟ ਕੀਤੇ ਗਏ। ਇਸ ਸਮੇਂ ਹੋਏ ਕਵੀ ਦਰਬਾਰ ਵਿਚ ਸੁਰਜੀਤ ਜੱਜ, ਸੁਨੀਲ ਚੰਦਿਆਣਵੀ, ਨਵਤੇਜ ਗੜ੍ਹਦੀਵਾਲਾ, ਕੁਲਵਿੰਦਰ ਬੱਛੋਆਣਾ, ਤਲਵਿੰਦਰ ਸ਼ੇਰਗਿੱਲ, ਸੋਹਣ ਆਦੋਆਣਾ, ਰੇਸ਼ਮ ਕਰਨਾਣਵੀਂ, ਦੀਪ ਕਲੇਰ, ਜਸਵੰਤ ਖਟਕੜ, ਪਰਮਜੀਤ ਕਾਹਮਾ, ਕ੍ਰਿਸ਼ਨ ਹੀਉਂ, ਧਰਮਿੰਦਰ ਮਸਾਣੀ, ਤਰਸੇਮ ਸਾਕੀ, ਸੀਤਲ ਰਾਮ ਬੰਗਾ, ਸ਼ਿੰਗਾਰਾ ਲੰਗੇਰੀ, ਪਰਮਿੰਦਰ ਕਲੇਰਾਂ, ਰਵੀ ਗੁਰਦਾਸਪੁਰੀ ਆਦਿ ਨੇ ਆਪਣੀਆਂ ਕਾਵਿ-ਰਚਨਾਵਾਂ ਸੁਣਾਈਆਂ।
ਇਸ ਸਮਾਗਮ ਵਿੱਚ ਪ੍ਰਿੰਸੀਪਲ ਸਵਿੰਦਰ ਪਾਲ ਕਮਲਾ ਨਹਿਰੂ ਕਾਲਜ ਫਗਵਾੜਾ, ਪ੍ਰੋ. ਐਚ. ਐਮ. ਸਿੰਘ, ਪਰਮਜੀਤ ਕੌਰ, ਡਾ. ਸਰਗਮ ਪ੍ਰੀਤ, ਹਰਪ੍ਰੀਤ ਕੌਰ ਅਰੌੜਾ, ਪਰਮਜੀਤ ਚਾਹਲ ਐਡਵੋਕੇਟ, ਡਾ. ਬਲਦੇਵ ਸਿੰਘ ਬੀਕਾ, ਕਸ਼ਮੀਰੀ ਲਾਲ ਮੰਗੂਵਾਲ, ਗੁਰਜੀਤ ਸਿੰਘ ਦੁਸਾਂਝ, ਸੋਹਣ ਸਿੰਘ ਟੋਨੀ, ਤਾਰਾ ਸਿੰਘ ਚੇੜਾ, ਸੰਤੋਖ ਜੱਸੀ, ਰਵਿੰਦਰ ਸਿੰਘ ਝਿੱਕਾ, ਗੁਰਨਾਮ ਸਿੰਘ ਅੰਬਾਲਵੀਂ, ਅਮਰਜੀਤ ਸਿੰਘ, ਕੁਲਵਿੰਦਰ ਕੌਰ ਆਦਿ ਹਾਜ਼ਰ ਹੋਏ।