ਪਟਿਆਲਾ: 18 ਸਤੰਬਰ 2019 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪ੍ਰਸਿੱਧ ਲੋਕ ਗਾਇਕ ਅਤੇ ਅੰਤਰਰਾਸ਼ਟਰੀ ਪੱਧਰ ਤੇ ਭੰਗੜੇ ਦੇ ਕਲਾਕਾਰ ਪਰਮਜੀਤ ਸਿੰਘ ਸਿੱਧੂ ਉਰਫ਼ ਪੰਮੀ ਬਾਈ ਦੇ ਜੀਵਨ ਉੱਪਰ ਸੰਪਾਦਿਤ ਕਿਤਾਬ ਵਾਈਸ ਚਾਂਸਲਰ ਡਾ. ਬ . ਸ ਘੁੰਮਣ, ਡਾ: ਦੀਪਕ ਮਨਮੋਹਨ ਸਿੰਘ, ਪ੍ਰੋ: ਗੁਰਭਜਨ ਗਿੱਲ ਤੇ ਡਾ: ਬਲਕਾਰ ਸਿੰਘ ਵੱਲੋਂ ਲੋਕ ਅਰਪਣ ਕੀਤੀ ਗਈ। ਵਿਰਸੇ ਦਾ ਵਾਰਿਸ : ਪੰਮੀ ਬਾਈ’ ਨਾਮੀ ਕਿਤਾਬ ਨੂੰ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਖੋਜ ਵਿਦਿਆਰਥੀ ਸਤਨਾਮ ਸਿੰਘ ਪੰਜਾਬੀ ਵੱਲੋਂ ਸੰਪਾਦਿਤ ਕੀਤਾ ਗਿਆ ਹੈ। ਸਤਨਾਮ ਪੰਜਾਬੀ ਲੋਕਧਾਰਾ ਨੂੰ ਪ੍ਰਫੁੱਲਿਤ ਕਰਨ ਵਿਚ ਪੰਮੀ ਬਾਈ ਦਾ ਯੋਗਦਾਨ’ ਵਿਸ਼ੇ ਉੱਪਰ ਡਾ: ਨਵਜੋਤ ਕੌਰ ਕਸੇਲ ਦੀ ਅਗਵਾਈ ਹੇਠ ਪੀ-ਐੱਚ.ਡੀ ਕਰ ਰਿਹਾ ਹੈ।
ਵਰਲਡ ਪੰਜਾਬੀ ਸੈਂਟਰ ਵੱਲੋਂ ਡਾਇਰੈਕਟਰ ਡਾ. ਬਲਕਾਰ ਸਿੰਘ ਦੀ ਦੇਖ ਰੇਖ ਵਿਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸ ਸ ਘੁੰਮਣ ਨੇ ਕਿਹਾ ਕਿ ਇਹ ਮੌਕਾ ਇਕ ਦੁਰਲਭ ਅਤੇ ਇਤਿਹਾਸਿਕ ਮੌਕਾ ਹੈ ਜਦੋਂ ਯੂਨੀਵਰਸਿਟੀ ਵਿਦਿਆਰਥੀ ਸਤਨਾਮ ਵੱਲੋਂ ਪ੍ਰਸਿੱਧ ਲੋਕ ਗਾਇਕ ਪੰਮੀ ਬਾਈ ਉੱਪਰ ਮੁੱਲਵਾਨ ਸਮੱਗਰੀ ਪੁਸਤਕ ਸੰਪਾਦਿਤ ਕੀਤੀ ਗਈ ਹੈ। ਉਨ੍ਹਾਂ ਵੱਲੋਂ ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਿਜ ਚ ਸਹਿਪਾੰਠੀ ਰਹੇ ਪਰਮਜੀਤ ਸਿੰਘ ਸਿੱਧੂ ਉਰਫ਼ ਪੰਮੀ ਬਾਈ ਦੀ ਸ਼ਲਾਘਾ ਕਰਦਿਆਂ ਕਿਹਾ ਜਦੋਂ ਹੋਰ ਬਹੁਤ ਸਾਰੇ ਗਾਇਕ ਪ੍ਰਸਿੱਧੀ ਅਤੇ ਗਲੈਮਰ ਪਿੱਛੇ ਭਜਦਿਆਂ ਲੱਚਰਤਾ ਭਰੀ ਗਾਇਕੀ ਵੱਲ ਰੁਚਿਤ ਹੋ ਰਹੇ ਹਨ ਤਾਂ ਉਸ ਦੌਰ ਵਿਚ ਵੀ ਪੰਮੀ ਬਾਈ ਆਪਣੇ ਵਿਰਸੇ ਨਾਲ ਸੰਬੰਧਤ ਗਾਇਕੀ ਨਾਲ ਲਗਾਤਾਰ ਜੁੜਿਆ ਹੋਇਆ ਹੈ।
ਪੰਮੀ ਬਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਵਿਸ਼ੇਸ ਧੰਨਵਾਦੀ ਹੈ ਕਿਉਂਕਿ ਇਸ ਯੂਨੀਵਰਸਿਟੀ ਦਾ ਉਸ ਦੇ ਇਸ ਮੁਕਾਮ ਤਕ ਪਹੁੰਚਣ ਵਿਚ ਵਿਸ਼ੇਸ ਯੋਗਦਾਨ ਹੈ। ਉਨ੍ਹਾਂ ਵੱਲੋਂ ਆਪਣੇ ਮਾਪਿਆਂ ਕਾਮਰੇਡ ਪ੍ਰਤਾਪ ਸਿੰਘ ਬਾਗੀ ਤੇ ਮਾਤਾ ਸਤਵੰਤ ਕੌਰ ਦਾ ਵਿਸ਼ੇਸ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਉਸ ਨੂੰ ਰਾਜਨੀਤੀ ਖੇਤਰ ਵਿਚ ਜਾਣ ਦੀ ਬਜਾਇ ਉਨ੍ਹਾਂ ਨੇ ਦਿਲ ਦੀ ਅਵਾਜ ਸੁਣ ਕੇ ਗਾਇਕੀ ਵੱਲ ਜਾਣ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਭ ਨੂੰ ਆਪਣੇ ਦਿਲ ਦੀ ਆਵਾਜ਼ ਸੁਣ ਕੇ ਹੀ ਆਪਣੇ ਪੇਸ਼ੇ ਦੀ ਚੋਣ ਕਰਨੀ ਚਾਹੀਦੀ ਹੈ। ਰੁਜ਼ਗਾਰ ਤੇ ਸ਼ੌਕ ਦਾ ਸੁਮੇਲ ਮੇਰੀ ਸ਼ਕਤੀ ਹੈ।
ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਨੇ ਪੰਮੀ ਬਾਈ ਦੀ ਗਾਇਕੀ ਬਾਰੇ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਲੋਕਧਾਰਾ ਅਤੇ ਸੰਗੀਤ ਨੂੰ ਦੇਸ਼ਾਂ ਵਿਦੇਸ਼ਾਂ ਤਕ ਪਹੁੰਚਾਇਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਮੀ ਬਾਈ ਨੇ ਉਨ੍ਹਾਂ ਸਮਿਆਂ ਵਿਚ ਵੀ ਪੰਜਾਬੀ ਸੰਗੀਤ ਪ੍ਰਤੀ ਆਪਣੀ ਪ੍ਰਤੀਬੱਧਤਾ ਕਾਇਮ ਰੱਖੀ ਜਦੋਂ ਪੰਜਾਬੀ ਸੰਗੀਤ ਦਾ ਅਤਿਵਾਦ ਤੇ ਹੋਰ ਦਹਿਸ਼ਤੀ ਮਾਹੌਲ ਕਾਰਨ ਢਹਿੰਦੀ ਕਲਾ ਵੱਲ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ 1980 ਤੋਂ ਅਸੀਂ ਇੱਕ ਦੂਜੇ ਦੇ ਵਿਸ਼ਵਾਸ ਪਾਤਰ ਹਾਂ ਤੇ ਸਾਹਿੱਤ , ਕਲਾ ਤੇ ਸਭਿਆਚਾਰ ਦੇ ਖੇਤਰ ਚ ਸਹਿਯਾਤਰੀ ਵੀ। ਪੰਮੀ ਨੇ ਲੋਕ ਗਾਇਕੀ ਦੀਆਂ ਸਿਰਮੌਰ ਹਸਤੀਆਂ ਸੁਰਿੰਦਰ ਕੌਰ, ਨਰਿੰਦਰ ਬੀਬਾ, ਜਗਮੋਹਨ ਕੌਰ ਤੇ ਗੁਰਮੀਤ ਬਾਵਾ ਨਾਲ ਲੋਕ ਰੰਗ ਸੰਗੀਤ ਗਾ ਕੇ ਸ਼ੁਰੂਆਤ ਕੀਤੀ।
ਪੰਜਾਬੀ ਅਖ਼ਬਾਰਾਂ ਚ ਸਭਿਆਚਾਰਕ ਮਾਮਲਿਆਂ ਤੇ ਲਿਖਣਾ ਉਸ ਦਾ ਸ਼ੌਕ ਹੈ ਤੇ ਲੋਕ ਨਾਚ, ਲੋਕ ਸਾਜ਼ ਵਾਦਨ ਵਿਧੀ ਸੰਭਾਲਣ ਚ ਉਹ ਸੰਸਥਾ ਜਿੰਨਾ ਕੰਮ ਕਰ ਚੁਕਾ ਹੈ। ਮਲਵਈ ਗਿੱਧੇ ਦੀ ਪੁਨਰ ਸੁਰਜੀਤੀ ਤੇ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਵੱਲੋਂ ਲੋਕ ਸੰਗੀਤ ਉਤਸਵ ਕਰਕੇ ਉਸਨੇ ਸੈਂਕੜੇ ਕਲਾਕਾਰ ਸਾਹਮਣੇ ਲਿਆਂਦੇ ਹਨ।
ਭਾਰਤੀ ਸੰਗੀਤ ਨਾਟਕ ਅਕਾਡਮੀ ਪੁਰਸਕਾਰ, ਭਾਸ਼ਾ ਵਿਭਾਗ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸਨਮਾਨਿਤ ਹੋਣ ਵਾਲਾ ਉਹ ਮਾਣਮੱਤਾ ਕਲਾਕਾਰ ਹੈ।
ਵਰਲਡ ਪੰਜਾਬੀ ਕੇਂਦਰ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਕਿਹਾ ਕਿ ਪੰਮੀ ਬਾਈ ਦੀ ਮੁਹਾਰਤ ਨੂੰ ਵੇਖਦਿਆਂ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦੀ ਅਗਵਾਈ ਵਿਚ ਪੰਜਾਬ ਫੋਕ ਆਰਟ ਸੰਸਥਾਨ ਦੀ ਸਥਾਪਨਾ ਕਰੇ।
ਪੁਸਤਕ ਦੇ ਸੰਪਾਦਕ ਸਤਨਾਮ ਸਿੰਘ ਪੰਜਾਬੀ ਨੇ ਪੁਸਤਕ ਸੰਪਾਦਨ ਦਾ ਮਨੋਰਥ ਤੇ ਪੰਮੀ ਬਾਈ ਦੇ ਕੀਤੇ ਕਾਰਜਾਂ ਤੇ ਚਾਨਣਾ ਪਾਇਆ।
ਸਮਾਗਮ ਵਿੱਚ ਡਾ: ਨਵਜੋਤ ਕੌਰ ਕਸੇਲ, ਫਿਲਮ ਅਭਿਨੇਤਰੀ ਤੇ ਪ੍ਰੋਫੈਸਰ ਡਾ: ਸੁਨੀਤਾ ਧੀਰ, ਡਾ: ਕੇਹਰ ਸਿੰਘ ਸਾਬਕਾ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਅਨੂਪ ਵਿਰਕ, ਡਾ: ਨਿਰਮਲ ਸਿੰਘ ਨਿੰਮਾ ਸੰਗੀਤ ਵਿਭਾਗ, ਉੱਘੇ ਵਿਦਵਾਨ ਡਾ: ਸੁਰਜੀਤ ਸਿੰਘ ਭੱਟੀ, ਇਤਿਹਾਸ ਵਿਭਾਗ ਦੀ ਪ੍ਰੋਫੈਸਰ ਡਾ: ਬਲਵਿੰਦਜੀਤ ਕੌਰ ਭੱਟੀ, ਡਾ: ਗੁਰਮੀਤ ਸਿੰਘ ਮਾਨ, ਡਾ: ਜਸਪਾਲ ਕੌਰ, ਜਸਮੇਰ ਸਿੰਘ ਢੱਟ ਚੇਅਰਮੈਨ, ਸਭਿਆਚਾਰਕ ਸੱਥ ਪੰਜਾਬ, ਡਾ: ਹਰਿੰਦਰ ਹੁੰਦਲ, ਸੰਤੋਸ਼ ਸੰਧੀਰ, ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਵਿਜੈ ਯਮਲਾ ਜੱਟ, ਡਾ: ਹਰਜੋਧ ਸਿੰਘ ਜੋਗਰ, ਗਾਇਕਾ ਕੁਦਰਤ ਸਿੰਘ, ਗੁਰਦੇਵ ਸੁਨਾਮੀ , ਡਾ: ਗੁਰਮੀਤ ਸਿੰਘ ਮਾਨ, ਡਾ: ਜਸਪਾਲ ਕੌਰ, ਜੱਸੀ ਲੌਗੋਵਾਲੀਆ, ਪਰਮਿੰਦਰ ਪੰਮਾ ਸੰਗਰੂਰ, ਜੇ ਪੀ ਸਿੰਘ , ਜਸ਼ਨਦੀਪ ਗੋਸ਼ਾ, ਪੈਰੀ ਸੋਹਲ,ਰਾਣਾ ਕੇ ਅਨੇਕਾਂ ਸੰਗੀਤਕਾਰ, ਜਸਮੇਰ ਸਿੰਘ ਢੱਟ ਚੇਅਰਮੈਨ, ਸਭਿਆਚਾਰਕ ਸੱਥ ਪੰਜਾਬ, ਸੁਰੀਲੀ ਗਾਇਕਾ ਡਾ: ਹਰਿੰਦਰ ਕੌਰ ਹੁੰਦਲ, ਕਵਿੱਤਰੀ ਸੰਤੋਸ਼ ਸੰਧੀਰ, ਵਿਜੈ ਯਮਲਾ ਜੱਟ, ਉਸਤਾਦ ਭਾਨਾ ਰਾਮ ਦੇ ਪੋਤਰੇ ਗੁਰਦੇਵ ਸੁਨਾਮੀ, ਸ਼ਮਸ਼ੇਰ ਕੌਰ ਚਾਹਲ ,ਡਾ: ਹਰਜੋਧ ਸਿੰਘ ਜੋਗਰ, ਭੰਗੜਾ ਕਲਾਕਾਰ ਤੇ ਸਾਬਕਾ ਸੁਪਰਡੈਂਟ ਜੇਲ੍ਹਾਂ ਸ: ਜੋਗਾ ਸਿੰਘ ਸੇਖੋਂ, ਯਾਦਵਿੰਦਰ ਸਿੱਧੂ ਸੰਗਰੂਰ ,ਅਮਰਿੰਦਰ ਸੋਹਲ, ਗੁਰਸਿਮਰਨ ਸਿੰਘ ਜਠੌਲ,ਸਾਬਕਾ ਸੁਪਰਡੈਂਟ ਜੇਲ੍ਹਾਂ ਸ: ਜੋਗਾ ਸਿੰਘ ਸੇਖੋਂ, ਜਸਵਿੰਦਰ ਸੁਨਾਮੀ, ਅਮਰਿੰਦਰ ਸੋਹਲ, ਲੋਕ ਗਾਇਕ ਮਾਣਕ ਅਲੀ, ਗੁਰਸਿਮਰਨ ਸਿੰਘ ਜਠੌਲ ਤੇ ਕਈ ਹੋਰ ਮਹੱਤਵਪੂਰਨ ਵਿਅਕਤੀ ਹਾਜ਼ਰ ਸਨ। ਉੱਘੇ ਵਿਦਵਾਨ ਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ ਲੰਬੀ ਵੱਲੋਂ ਜੀਵੰਤ ਮੰਚ ਸੰਚਾਲਨ ਤੋਂ ਇਲਾਵਾ ਸਮਾਗਮ ਦੇ ਅੰਤ ਵਿਚ ਧੰਨਵਾਦੀ ਸ਼ਬਦ ਕਹੇ।