ਫਿਰੋਜ਼ਪੁਰ, 29 ਫਰਵਰੀ 2020 - ਲਹਿੰਦੇ ਪੰਜਾਬ ਦੇ ਮਕਬੂਲ ਸ਼ਾਇਰ ਤਜੱਮਲ ਕਲੀਮ ਦੀ ਕਿਤਾਬ 'ਗ਼ਜ਼ਲ ਧਮਾਲਾਂ ਪਾਵੇ' ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੱਗੇ ਪੁਸਤਕ ਮੇਲੇ ਦੌਰਾਨ ਹੋਏ ਇੱਕ ਸਾਦੇ ਪਰ ਭਾਵਪੂਰਤ ਸਮਾਗਮ ਵਿਚ ਰਿਲੀਜ਼ ਕੀਤੀ ਗਈ। ਇਸ ਸਮਾਰੋਹ ਵਿਚ ਪੰਜਾਬੀ ਦੇ ਨਾਮਵਰ ਦਾਨਿਸ਼ਵਰ ਡਾ.ਜੀਤ ਸਿੰਘ ਜੋਸ਼ੀ, ਪੰਜਾਬੀ ਵਿਭਾਗ ਦੇ ਮੁਖੀ ਡਾ.ਸੁਰਜੀਤ, ਡਾ.ਜਸਵਿੰਦਰ ਸੈਣੀ, ਡਾ.ਗੁਰਮੁਖ ਸਿੰਘ, ਡਾ.ਰਜਿੰਦਰ ਪਾਲ ਸਿੰਘ, ਡਾ.ਚਰਨਜੀਤ ਕੌਰ, ਡਾ. ਹਰਜੀਤ ਕੌਰ, ਡਾ. ਰਾਜਵੰਤ ਕੌਰ ਪੰਜਾਬੀ, ਡਾ.ਗੁਰਮੀਤ ਸਿੰਘ, ਡਾ.ਅੰਮ੍ਰਿਤਪਾਲ ਕੌਰ, ਡਾ. ਰਾਜਿੰਦਰ ਕੁਮਾਰ ਲਹਿਰੀ, ਡਾ. ਗੁਰਜੰਟ ਸਿੰਘ ਅਤੇ ਸੁਖਰਾਜ ਐਸ ਜੇ ਸ਼ਾਮਲ ਹੋਏ।
ਇਹ ਤਜੱਮਲ ਕਲੀਮ ਦੀ ਗੁਰਮੁਖੀ ਵਿਚ ਛਪਣ ਵਾਲੀ ਦੂਜੀ ਕਿਤਾਬ ਹੈ ਤੇ ਇਸ ਵਿਚ ਉਹਦੀਆਂ ਚੁਣਿੰਦਾ ਗ਼ਜ਼ਲਾਂ ਦਰਜ ਹਨ। ਇਸ ਮੌਕੇ ਡਾ. ਸੁਰਜੀਤ ਨੇ ਕਿਹਾ ਕਿ ਲਹਿੰਦੇ ਪੰਜਾਬ ਦੀਆਂ ਸਾਹਿਤਕ ਕਿਰਤਾਂ ਦਾ ਇਧਰਲੇ ਪੰਜਾਬ ਵਿਚ ਛਪਣਾ ਆਪਣੇ ਆਪ ਵਿਚ ਸ਼ੁੱਭ ਕਾਰਜ ਹੈ, ਪਰ ਅੱਜ ਦੇ ਦੌਰ ਵਿੱਚ ਜਦੋਂ ਰਾਸ਼ਟਰਵਾਦ ਦੇ ਨਾਂ ਥੱਲੇ ਇੱਕ ਵਿਸ਼ੇਸ਼ ਮੁਲਕ ਅਤੇ ਵਿਸ਼ੇਸ਼ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ ਤਾਂ ਅਜਿਹੇ ਯਤਨਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਕਿਤਾਬ ਦਾ ਲਿੱਪੀਅੰਤਰ ਜਸਪਾਲ ਘਈ ਨੇ ਕੀਤਾ ਹੈ ਤੇ ਸੰਪਾਦਕ ਦੀ ਭੂਮਿਕਾ ਹਰਮੀਤ ਵਿਦਿਆਰਥੀ ਨੇ ਨਿਭਾਈ ਹੈ। ਇਸ ਨੂੰ ਕੈਫ਼ੇ ਵਰਲਡ ਨੇ ਛਾਪਿਆ ਹੈ। ਪੁਸਤਕ ਦੇ ਸੰਪਾਦਕ ਹਰਮੀਤ ਵਿਦਿਆਰਥੀ ਨੇ ਸਮੂਹ ਹਾਜ਼ਰੀਨ ਅਤੇ ਪੁਸਤਕ ਦੇ ਪ੍ਰਕਾਸ਼ਕ ਕੈਫ਼ੇ ਵਰਲਡ ਦਾ ਧੰਨਵਾਦ ਕੀਤਾ।