← ਪਿਛੇ ਪਰਤੋ
ਪਟਿਆਲਾ, 21 ਜਨਵਰੀ, 2017 : ਕੈਨੇਡਾ ਦੇ ਟੋਰਾਟੋਂ 'ਚ ਹੋਣ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਮਿਲਣ ਲਈ ਉਨ੍ਹਾਂ ਦੇ ਗ੍ਰਹਿ ਪਹੁੰਚੇ। ਉਨ੍ਹਾਂ ਨੇ ਪ੍ਰੋ. ਬਡੂੰਗਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਮਿਲਣ ਤੇ ਵਧਾਈਆਂ ਦਿੱਤੀਆਂ। ਚੇਅਰਮੈਨ ਚੱਠਾ ਨੇ ਪ੍ਰੋ. ਬਡੂੰਗਰ ਨੂੰ ਵਿਸ਼ਵ ਪੰਜਾਬ ਕਾਨਫਰੰਸ ਮੌਕੇ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਕਾਨਫਰੰਸ 'ਪੰਜਾਬੀ ਭਾਸ਼ਾ ਦਾ ਭਵਿੱਖ ਤੇ ਚੁਣੌਤੀਆਂ ਅਤੇ ਪੰਜਾਬੀਆਂ ਵਿਚ ਨੈਤਿਕਤਾ' ਵਿਸ਼ੇ 'ਤੇ ਕਰਵਾਈ ਜਾ ਰਹੀ ਹੈ। ਜਿਸ ਵਿਚ ਪੂਰੇ ਵਿਸ਼ਵ 'ਚੋਂ ਪੰਜਾਬੀ ਦੇ ਉਚ ਕੋਟੀ ਦੇ ਵਿਦਵਾਨ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰੁਫੁਲਿਤ ਕਰਨ ਲਈ ਇਹ ਚੌਥੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਤਿੰਨ ਕਾਨਫਰੰਸਾਂ ਕਰਵਾਈਆਂ ਜਾ ਚੁੱਕੀਆਂ ਹਨ। ਇਸ ਮੌਕੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਦਾ ਯਤਨ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਅੰਦਰ ਉਸਾਰੂ ਸਾਹਿਤ ਪੜ੍ਹਨਾ ਅਤੇ ਲਿਖਣਾ ਸਾਡੀ ਜਿੰਦਗੀ ਲਈ ਅਤਿ ਜਰੂਰੀ ਹੈ। ਕਿਤਾਬਾਂ ਪੜ੍ਹ ਕੇ ਨੌਜਵਾਨ ਪੀੜ੍ਹੀ ਪੰਜਾਬੀ ਮਾਂ ਬੋਲੀ ਨਾਲ ਜੁੜ ਕੇ ਨੈਤਿਕਤਾ ਦੀਆਂ ਕਦਰਾਂ ਕੀਮਤਾਂ ਤੋਂ ਜਾਣੂੰ ਹੋ ਸਕਦੀ ਹੈ। ਇਸ ਮੌਕੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਪ੍ਰੋ. ਬਡੂੰਗਰ ਨੂੰ ਆਪਣੀਆਂ ਲਿਖੀਆਂ ਪੁਸਤਕਾਂ ਦਾ ਸੈਟ ਭੇਂਟ ਕੀਤਾ। ਇਸ ਮੌਕੇ ਡਾਕਟਰ ਪਰਮਜੀਤ ਸਿੰਘ ਸਰੋਆ ਨਿੱਜੀ ਸਕੱਤਰ ਤੇ ਰਜਿੰਦਰ ਕੌਰ ਹਾਜ਼ਰ ਸਨ।
Total Responses : 267