ਕੈਨੇਡੀਅਨ ਸਾਹਿਤਕਾਰਾਂ ਵਾਲੇ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਦਾ ਬਠਿੰਡਾ 'ਚ ਭਰਵਾਂ ਸਵਾਗਤ
ਅਸ਼ੋਕ ਵਰਮਾ
ਬਠਿੰਡਾ, 25 ਸਤੰਬਰ 2023: ਦੁਨੀਆਂ ਭਰ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਵਿਸ਼ਵ ਪੰਜਾਬੀ ਸਭਾ (ਰਜਿ.) ਕੈਨੇਡਾ ਵੱਲੋਂ ਪੰਜਾਬ ਪੱਧਰ 'ਤੇ ਕੱਢੇ ਜਾ ਰਹੇ ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਦਾ ਅੱਜ ਇੱਥੇ ਬਠਿੰਡਾ ਵਿਖੇ ਪਹੁੰਚਣ 'ਤੇ ਇਥੋਂ ਦੀਆਂ ਸਾਹਿਤ ਸਭਾਵਾਂ ਸਾਹਿਤ ਸਿਰਜਣਾ ਮੰਚ, ਪੰਜਾਬੀ ਸਾਹਿਤ ਸਭਾ, ਟੀਚਰਜ਼ ਹੋਮ ਟਰੱਸਟ,ਸਾਹਿਤ ਜਾਗ੍ਰਿਤੀ ਸਭਾ ਅਤੇ ਸਾਹਿਤ ਸੱਭਿਆਚਾਰ ਮੰਚ ਵੱਲੋਂ ਭਰਾਤਰੀ ਜਥੇਬੰਦੀਆਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਟੀਚਰਜ਼ ਹੋਮ ਦੇ ਮੁੱਖ ਦਰਵਾਜ਼ੇ 'ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸੁਆਗਤ ਕੀਤਾ ਗਿਆ।
ਇਸ ਮਾਰਚ ਦੇ ਸਵਾਗਤ ਲਈ ਟੀਚਰਜ਼ ਹੋਮ ਵਿਖੇ ਕੀਤੇ ਗਏ ਇੱਕ ਸ਼ਾਨਦਾਰ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਵਿਸ਼ਵ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਸਭਾ ਦੀ ਪ੍ਰਧਾਨ ਪ੍ਰੋ. ਬਲਵੀਰ ਕੌਰ ਰਾਏਕੋਟੀ, ਲੱਖਾ ਸਿੰਘ ਸਲੇਮਪੁਰੀ ਯੂ ਕੇ, ਸ਼੍ਰੋਮਣੀ ਸਾਹਿਤਕਾਰ ਅਤਰਜੀਤ, ਜਸਪਾਲ ਮਾਨਖੇੜਾ, ਲਛਮਣ ਮਲੂਕਾ, ਗੁਰਦੇਵ ਖੋਖਰ, ਅਮਰਜੀਤ ਜੀਤ ਅਤੇ ਕੀਰਤੀ ਕ੍ਰਿਪਾਲ ਸ਼ਾਮਿਲ ਸਨ।
ਸਮਾਰੋਹ ਦਾ ਮੰਚ ਸੰਚਾਲਨ ਕਰਦਿਆਂ ਸਾਹਿਤ ਸਿਰਜਣਾ ਮੰਚ ਦੇ ਪ੍ਰਧਾਨ ਸੁਰਿੰਦਰ ਪ੍ਰੀਤ ਘਣੀਆਂ ਨੇ ਜਾਗਰੂਕਤਾ ਮਾਰਚ ਦੇ ਉਦੇਸ਼ਾਂ, ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ, ਭਵਿੱਖ ਦੀਆਂ ਚੁਣੌਤੀਆਂ ਅਤੇ ਇਹਨਾਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਗੱਲ ਕਰਦਿਆਂ ਉੱਘੇ ਅਲੋਚਕ ਗੁਰਦੇਵ ਖੋਖਰ ਨੂੰ ਜਾਗਰੂਕਤਾ ਮਾਰਚ ਵਿੱਚ ਸ਼ਾਮਲ ਲੇਖਕਾਂ ਅਤੇ ਪੰਡਾਲ ਵਿੱਚ ਹਾਜ਼ਰ ਸਮੂਹ ਹਾਜ਼ਰੀਨ ਦਾ ਸਵਾਗਤ ਕਰਨ ਦਾ ਸੱਦਾ ਦਿੱਤਾ।
ਗੁਰਦੇਵ ਖੋਖਰ ਨੇ ਇਸ ਮੌਕੇ ਸਵਾਗਤੀ ਸ਼ਬਦ ਬੋਲਦਿਆਂ ਅਤੇ ਬਠਿੰਡਾ ਦੀ ਸਾਹਿਤਿਕ ਲਹਿਰ ਦੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਵਿਰਸਾ ਬੇਹੱਦ ਅਮੀਰ ਹੈ, ਇਸ ਕਰਕੇ ਪੰਜਾਬੀ ਭਾਸ਼ਾ ਨੂੰ ਕਿਸੇ ਕਿਸਮ ਕੋਈ ਦਾ ਖਾਸ ਖ਼ਤਰਾ ਨਹੀਂ ।ਡਾ. ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਭਾਸ਼ਾ ਦੀ ਸੰਸਾਰ ਪੱਧਰ 'ਤੇ ਸਥਿਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਸ਼ਵ ਪੱਧਰ 'ਤੇ ਨੌਵਾਂ ਸਥਾਨ ਹੈ, ਜਦੋਂ ਕਿ ਅੰਗਰੇਜ਼ੀ ਭਾਸ਼ਾ ਨੂੰ ਸਿਰਫ ਅੱਠ ਫੀਸਦੀ ਲੋਕ ਬੋਲਦੇ ਹਨ। ਫਿਰ ਵੀ ਸਾਡਾ ਅੰਗਰੇਜ਼ੀ ਪਿੱਛੇ ਦੌੜਨਾ ਗ਼ੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ 'ਤੇ ਮਾਣ ਕਰਨਾ ਚਾਹੀਦਾ ਹੈ। ਸਭਾ ਦੀ ਪ੍ਰਧਾਨ ਪ੍ਰੋ. ਬਲਵੀਰ ਕੌਰ ਰਾਏਕੋਟੀ ਨੇ ਪੰਜਾਬੀ ਭਾਸ਼ਾ ਨੂੰ ਜਿੰਦਾ ਰੱਖਣ ਲਈ ਬਾਲ ਸਾਹਿਤ ਦੀ ਵੱਧ ਤੋਂ ਵੱਧ ਸਿਰਜਣਾ ਕਰਨ, ਪ੍ਰਚਾਰ ਅਤੇ ਪ੍ਰਸਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਮਾਲਵੇ ਦੇ ਲੇਖਕਾਂ ਵੱਲੋਂ ਪਾਏ ਗਏ ਯੋਗਦਾਨ ਦੀ ਉਚੇਚੇ ਤੌਰ 'ਤੇ ਸ਼ਲਾਘਾ ਕੀਤੀ। ਲੱਖਾ ਸਿੰਘ ਸਲੇਮਪੁਰੀ ਨੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਦਰਸਾਉਂਦੀ ਇੱਕ ਖੂਬਸੂਰਤ ਕਵਿਤਾ ਤਰੰਨਮ ਵਿੱਚ ਸੁਣਾ ਕੇ ਵਿਸ਼ੇਸ਼ ਰੰਗ ਬੰਨਿਆ। ਸ਼੍ਰੋਮਣੀ ਸਾਹਿਤਕਾਰ ਅਤਰਜੀਤ ਨੇ ਨਾਲ ਦੇ( ਲਹਿੰਦੇ ਪੰਜਾਬ) ਵਿੱਚ ਪੰਜਾਬੀ ਭਾਸ਼ਾ ਸਬੰਧੀ ਉੱਠ ਰਹੀ ਲਹਿਰ ਦਾ ਜ਼ਿਕਰ ਕਰਦਿਆਂ ਸਾਨੂੰ ਚੜ੍ਹਦੇ ਪੰਜਾਬ ਵਾਲਿਆਂ ਨੂੰ ਹੋਰ ਵੀ ਸੁਚੇਤ ਹੋਣ ਦਾ ਲਈ ਕਿਹਾ।
ਇਸ ਉਪਰੰਤ ਜਸਪਾਲ ਮਾਨਖੇੜਾ, ਲਛਮਣ ਮਲੂਕਾ , ਅਮਰਜੀਤ ਜੀਤ, ਕੰਵਲਜੀਤ ਕੁਟੀ ਆਦਿ ਬੁਲਾਰਿਆਂ ਨੇ ਕਿਹਾ ਕਿ ਵਰਤਮਾਨ ਸਮੇਂ ਕੇਂਦਰ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ 'ਤੇ ਕੀਤੇ ਜਾ ਰਹੇ ਤਿੱਖੇ ਹਮਲਿਆਂ ਦਾ ਡਟਵਾਂ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਉਪਰੋਕਤ ਸਾਹਿਤ ਸਭਾਵਾਂ ਵੱਲੋਂ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੂੰ ਲੋਈ ਅਤੇ ਕਿਤਾਬਾਂ ਦਾ ਸੈੱਟ ਅਤੇ ਸਭਾ ਦੀ ਪ੍ਰਧਾਨ ਪ੍ਰੋ. ਬਲਵੀਰ ਕੌਰ ਰਾਏਕੋਟੀ ਨੂੰ ਸ਼ਾਲ ਪਹਿਨਾ ਕੇ ਉਨ੍ਹਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ ।
ਸਨਮਾਨ ਦੀ ਇਸ ਰਸਮ ਵਿੱਚ ਦਵੀ ਸਿੱਧੂ, ਵੀਰਪਾਲ ਕੌਰ ਮੋਹਲ, ਰਣਜੀਤ ਗੌਰਵ, ਸੁਖਦਰਸ਼ਨ ਗਰਗ, ਰਮੇਸ਼ ਕੁਮਾਰ ਗਰਗ, ਪੋਰਿੰਦਰ ਕੁਮਾਰ ਸਿੰਗਲਾ, ਤਰਸੇਮ ਬਸ਼ਰ, ਰਣਵੀਰ ਰਾਣਾ ਸਮੇਤ ਸਮੁੱਚਾ ਪ੍ਰਧਾਨਗੀ ਮੰਡਲ ਸ਼ਾਮਲ ਸੀ । ਅਖੀਰ ਵਿੱਚ ਪ੍ਰੋ. ਤਰਸੇਮ ਨਰੂਲਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਮਾਗਮ ਦੀ ਸਫ਼ਲਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।
ਇਸ ਮੌਕੇ ਸੁਖਵਿੰਦਰ ਆਹੀ, ਪਟਿਆਲਾ ,ਮਨਜੀਤ ਕੌਰ ਮੀਤ, ਰਾਜਦੀਪ ਕੌਰ, ਪਰਵੀਨ ਸੰਧੂ, ਰਾਜਬੀਰ ਕੌਰ, ਈਲੀਨਾ ਧੀਮਾਨ,ਮੋਗਾ, ਡਾ. ਪਰਵੀਨ ਸੰਧੂ, ਸੋਹਣ ਸਿੰਘ ਹੈਦਰਾਬਾਦ, ਜੈਸੀ ਢਿੱਲੋਂ ਅਮਰੀਕਾ, ਕੰਵਲਜੀਤ ਸਿੰਘ, ਰਾਜਬੀਰ ਕੌਰ ਸਿੱਧੂ, ਰੇਵਤੀ ਪ੍ਰਸ਼ਾਦ ਸ਼ਰਮਾ, ਜਗਨ ਨਾਥ, ਆਗਾਜ਼ਬੀਰ, ਕੁਲਦੀਪ ਬੰਗੀ, ਲੀਲਾ ਸਿੰਘ ਰਾਏ, ਗੁਰਮੀਤ ਗੀਤ, ਦਿਲਬਾਗ ਸਿੰਘ, ਮੋਹਣਜੀਤ ਪੁਰੀ, ਦਰਸ਼ਨ ਮੌੜ, ਰਣਜੀਤ ਸਿੰਘ ਮਹਿਰਾਜ, ਸਿਕੰਦਰ ਧਾਲੀਵਾਲ, ਜਰਨੈਲ ਭਾਈਰੂਪਾ, ਹਰਭੁਪਿੰਦਰ ਲਾਡੀ ,ਦਰਸ਼ਨ ਲਾਲ ਗਰਗ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਲੇਖਕ ,ਪਾਠਕ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।