ਮਰਹੂਮ ਗਾਇਕ ਦਿਲਜਾਨ ਦੀ 'ਜ਼ਿੰਦਗੀ' ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਰਿਲੀਜ਼
- ਸਤਨਾਮ ਸਿੰਘ ਮਾਣਕ ਦੀ ਸ਼ਾਇਰੀ ਨੂੰ ਜਹਾਨ ਤੋਂ ਰੁਖਸਤ ਹੋਣ ਤੋਂ ਕੁੱਝ ਸਮਾਂ ਪਹਿਲਾਂ ਦਿੱਤੀ ਸੀ ਆਵਾਜ਼
ਜਲੰਧਰ, 5 ਸਤੰਬਰ 2024 - ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਵਲੋਂ ਲਿਖੀ ਅਤੇ ਮਰਹੂਮ ਗਾਇਕ ਦਿਲਜਾਨ ਵਲੋਂ ਬਹੁਤ ਹੀ ਭਾਵਪੂਰਤ ਅੰਦਾਜ਼ 'ਚ ਗਾਈ ਗਈ ਗਜ਼ਲ 'ਜ਼ਿੰਦਗੀ' ਅੱਜ ਇੱਥੇ ਪੰਜਾਬ ਪ੍ਰੈੱਸ ਕਲੱਬ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੀ. ਆਈ. ਪੀ. ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਪੱਤਰਕਾਰੀ ਤੇ ਸਾਹਿਤ ਜਗਤ ਤੋਂ ਇਲਾਵਾ ਸੰਗੀਤਕ ਖੇਤਰ ਨਾਲ ਸੰਬੰਧਿਤ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਰਿਲੀਜ਼ ਕੀਤੀ ਗਈ। ਦਿਲਜਾਨ ਵਲੋਂ ਇਹ ਗਜ਼ਲ ਕਰੀਬ ਤਿੰਨ ਸਾਲ ਪਹਿਲਾਂ ਰਿਕਾਰਡ ਕੀਤੀ ਗਈ ਸੀ ਪਰ ਰਿਲੀਜ਼ ਤੋਂ ਪਹਿਲਾਂ ਹੀ ਉਹ ਇਕ ਸੜਕ ਹਾਦਸੇ 'ਚ ਸਦਾ ਲਈ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ, ਪਰ ਅੱਜ ਸਤਨਾਮ ਸਿੰਘ ਮਾਣਕ, ਉੱਘੇ ਪ੍ਰੋਡਿਊਸਰ ਵਿਕਾਸ ਪਰਾਸ਼ਰ ਤੇ ਡਾਇਰੈਕਟਰ ਮੈਡਮ ਟੀਨਾ ਸ਼ਰਮਾ ਦੇ ਯਤਨਾਂ ਨੇ ਇਕ ਵਾਰ ਫਿਰ ਦਿਲਜਾਨ ਦੀ ਸੁਰੀਲੀ ਤੇ ਦਮਦਾਰ ਗਾਇਕੀ ਨੂੰ ਜ਼ਿੰਦਾ ਕਰ ਦਿੱਤਾ।
ਇਸ ਗਜ਼ਲ ਦੀ ਰਿਲੀਜ਼ ਦੇ ਨਾਲ ਜਿੱਥੇ ਦਿਲਜਾਨ ਦੇ ਪ੍ਰਸ਼ੰਸ਼ਕਾਂ ਨੂੰ ਵੀ ਇਕ ਲੰਬੇ ਅਰਸੇ ਬਾਅਦ ਆਪਣੇ ਪਿਆਰੇ ਗਾਇਕ ਦਿਲਜਾਨ ਦੀ ਆਵਾਜ਼ ਮੁੜ ਸੁਣਨ ਨੂੰ ਮਿਲੀ ਹੈ, ਉੱਥੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਦੀ ਬਹੁਪੱਖੀ ਸ਼ਖਸ਼ੀਅਤ ਦਾ ਇਕ ਹੋਰ ਅਹਿਮ ਪੱਖ ਵੀ ਉਸ ਵੇਲੇ ਉਘੜ ਕੇ ਸਾਹਮਣੇ ਆਇਆ, ਜਦੋਂ ਰਿਲੀਜ਼ ਸਮਾਗਮ ਮੌਕੇ ਉਨ੍ਹਾਂ ਵਲੋਂ ਕੋਰੋਨਾ ਮਹਾਂਮਾਰੀ ਦੇ ਡਰਾਉਣੇ ਤੇ ਉਦਾਸ ਦਿਨਾਂ, ਸੰਕਟ 'ਚ ਘਿਰੇ ਗਰੀਬਾਂ ਤੇ ਮਜ਼ਦੂਰਾਂ ਦੇ ਆਪਣੇ ਘਰਾਂ ਤੱਕ ਪਹੁੰਚਣ ਦੇ ਕਦੇ ਨਾ ਮੁੱਕਣ ਵਾਲੇ ਪੈਂਡੇ, ਵੰਡ ਦੇ ਸੰਤਾਪ ਅਤੇ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਲਿਖੇ ਕਰੀਬ ਅੱਧੀ ਦਰਜਨ ਗੀਤਾਂ ਨੂੰ ਵੱਡੀ ਸਕ੍ਰੀਨ 'ਤੇ ਦਿਖਾਇਆ ਗਿਆ। ਸ੍ਰੀ ਮਾਣਕ ਵਲੋਂ ਆਪਣੀ ਕਲਮ ਰਾਹੀਂ ਪ੍ਰਗਟਾਏ ਗਏ ਦਿਲ ਦੇ ਵਲਵਲਿਆਂ ਤੇ ਸ਼ਾਇਰੀ ਨੂੰ ਮਰਹੂਮ ਗਾਇਕ ਦਿਲਜਾਨ ਤੋਂ ਇਲਾਵਾ ਉੱਘੇ ਸੂਫੀ ਗਾਇਕ ਯਾਕੂਬ ਅਤੇ ਅਨਾਦੀ ਮਿਸ਼ਰਾ ਸਮੇਤ ਹੋਰਨਾਂ ਗਾਇਕਾਂ ਨੇ ਆਪਣੀ ਆਵਾਜ਼ ਨਾਲ ਹੋਰ ਵੀ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ।
'ਜ਼ਿੰਦਗੀ' ਗਜ਼ਲ ਵਾਂਗ ਹੀ ਸਾਰੇ ਗੀਤਾਂ ਦੀ ਵੀਡੀਓਗ੍ਰਾਫੀ ਕਮਾਲ ਦੀ ਹੈ ਅਤੇ ਮਾਣਕ ਦੀ ਸੰਵੇਨਸ਼ੀਲ ਸ਼ਾਇਰੀ ਦੇ ਨਾਲ ਮੇਲ ਖਾਂਦੀ ਹੋਈ ਸਰੋਤਿਆਂ ਤੇ ਦਰਸ਼ਕਾਂ ਨੂੰ ਭਾਵੁਕ ਕਰ ਜਾਂਦੀ ਹੈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਲੇਖਕ ਤੇ ਚਿੰਤਕ ਡਾ. ਲਖਵਿੰਦਰ ਸਿੰਘ ਜੌਹਲ ਨੇ ਸਤਨਾਮ ਸਿੰਘ ਮਾਣਕ ਦੀ ਸ਼ਾਇਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਗੀਤ ਇਨਸਾਨੀ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦੇ ਹਨ ਤੇ ਉਹ ਫਿਕਰਮੰਦੀ ਤੇ ਵਿਚਾਰਾਂ ਦੇ ਸ਼ਾਇਰ ਹਨ। ਉਨ੍ਹਾਂ ਦੀ ਦਮਦਾਰ ਸ਼ਾਇਰੀ, ਜਿੱਥੇ ਰੂਹ ਦੀ ਖੁਰਾਕ ਹੈ, ਉੱਥੇ ਉਹ ਸਮਾਜ ਨੂੰ ਸੇਧ ਦੇਣ ਵਾਲੀ ਵੀ ਹੈ। ਡਾ. ਰਘਬੀਰ ਕੌਰ ਨੇ ਸ੍ਰੀ ਮਾਣਕ ਨਾਲ ਆਪਣੀ ਭਾਵੁਕ ਸਾਂਝ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਬਹੁਤ ਹੀ ਸੰਵੇਦਨਸ਼ੀਲ ਵਿਅਕਤੀ ਹਨ ਤੇ ਅੱਜ ਪੱਤਰਕਾਰੀ ਤੋਂ ਬਾਅਦ ਉਨ੍ਹਾਂ ਦਾ ਇਕ ਵੱਖਰਾ ਹੀ ਰੂਪ ਸਾਹਮਣੇ ਆਇਆ ਹੈ।
ਇਸੇ ਤਰ੍ਹਾਂ ਸੂਫੀ ਗਾਇਕ ਯਾਕੂਬ ਅਤੇ ਅਨਾਦੀ ਮਿਸ਼ਰਾ ਨੇ ਵੀ ਸ੍ਰੀ ਮਾਣਕ ਦੀ ਸਾਫ ਸੁਥਰੀ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀ ਸ਼ਾਇਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਗੀਤ ਗਾ ਕੇ ਮਾਣ ਮਹਿਸੂਸ ਹੋ ਰਿਹਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਅਮਰਜੋਤ ਸਿੰਘ, ਸੰਗਤ ਰਾਮ ਤੇ ਰਾਜੇਸ਼ ਥਾਪਾ ਨੇ ਵੀ ਸ੍ਰੀ ਮਾਣਕ ਦੀ ਸ਼ਾਇਰੀ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਸ੍ਰੀ ਮਾਣਕ ਨੇ ਜਿੱਥੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ, ਉੱਥੇ ਆਪਣੇ ਪੱਤਰਕਾਰੀ ਦੇ ਜ਼ਹਿਨ ਤੇ ਗੰਭੀਰ ਖੇਤਰ ਤੋਂ ਸ਼ਾਇਰੀ ਤੱਕ ਦੇ ਸਫਰ ਬਾਰੇ ਗੱਲ ਕਰਦਿਆਂ ਕਿਹਾ ਕਿ ਸੰਗੀਤ ਅਤੇ ਸ਼ਾਇਰੀ ਨਾਲ ਲਗਾਅ ਉਨ੍ਹਾਂ ਨੂੰ ਬਚਪਨ ਤੋਂ ਹੀ ਰਿਹਾ ਹੈ ਪਰ ਪੱਤਰਕਾਰੀ ਦੇ ਰੁਝੇਵਿਆਂ ਕਾਰਨ ਉਹ ਆਪਣੇ ਇਸ ਸ਼ੌਕ ਨੂੰ ਬਹੁਤਾ ਪੂਰਾ ਨਹੀਂ ਕਰ ਸਕੇ ਪਰ ਕੋਰੋਨਾ ਮਹਾਂਮਾਰੀ ਦੌਰਾਨ ਮਨੁੱਖੀ ਤਰਾਸਦੀ ਨੇ ਉਨ੍ਹਾਂ ਨੂੰ ਇਸ ਕਦਰ ਝੰਜੋੜ ਦਿੱਤਾ ਕਿ ਉਹ ਆਪਣੇ ਆਪ ਨੂੰ ਰੋਕ ਨਾ ਸਕੇ ਤੇ ਉਨ੍ਹਾਂ ਆਪਣੇ ਦਿਲ ਦੇ ਜਜ਼ਬਾਤ ਨੂੰ ਕਾਗਜ਼ 'ਤੇ ਉੱਕਰ ਦਿੱਤਾ। ਉਨ੍ਹਾਂ ਦਿਨਾਂ 'ਚ ਜੋ ਕੁੱਝ ਵੀ ਆਲੇ ਦੁਆਲੇ ਵਾਪਰਿਆ, ਉਸ ਨੂੰ ਉਨ੍ਹਾਂ ਨੇ ਸ਼ਬਦਾਂ 'ਚ ਪਰੋਣ ਦਾ ਯਤਨ ਕੀਤਾ, ਜੋ ਅੱਜ ਗੀਤਾਂ ਤੇ ਗਜ਼ਲਾਂ ਦੇ ਰੂਪ 'ਚ ਸਾਰਿਆਂ ਦੇ ਸਾਹਮਣੇ ਹੈ। ਮੰਚ ਦਾ ਸੰਚਾਲਨ ਉੱਘੇ ਲੇਖਕ ਗੁਰਮੀਤ ਪਲਾਹੀ ਵਲੋਂ ਕੀਤਾ ਗਿਆ। ਇਸ ਮੌਕੇ ਉੱਘੇ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਰਾਕੇਸ਼ ਸ਼ਾਂਤੀਦੂਤ, ਮੇਹਰ ਮਲਿਕ, ਐਡਵੋਕੇਟ ਰਜਿੰਦਰ ਮੰਡ, ਸ੍ਰੀਮਤੀ ਰਾਜ ਮਾਣਕ, ਕੁਲਵਿੰਦਰ ਸਿੰਘ ਗੁਰਮਤਿ ਸੰਗੀਤ ਅਕੈਡਮੀ ਤੇ ਹੋਰ ਅਹਿਮ ਸਖਸ਼ੀਅਤਾਂ ਵੀ ਹਾਜ਼ਰ ਸਨ। ਇਸ ਅਵਸਰ 'ਤੇ 'ਜ਼ਿੰਦਗੀ' ਗਜ਼ਲ ਦੀ ਵੀਡੀਓਗ੍ਰਾਫੀ ਤੇ ਸੰਗੀਤ ਤਿਆਰ ਕਰਵਾਉਣ ਲਈ ਵਿਕਾਸ ਪਰਾਸ਼ਰ ਤੇ ਟੀਨੂੰ ਸ਼ਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।