ਰਾਮਗੜ੍ਹੀਆ ਵਿਰਾਸਤ ਇੱਕ ਵਿਲੱਖਣ ਅਤੇ ਨਿਵੇਕਲੀ ਪੁਸਤਕ - ਠਾਕੁਰ ਦਲੀਪ ਸਿੰਘ
ਹਰਦਮ ਮਾਨ
ਸਰੀ, 21 ਜੂਨ, 2021: “ਰਾਮਗੜ੍ਹੀਆ ਵਿਰਾਸਤ“ ਪੂਰੇ ਵਿਸ਼ਵ ਵਿਚ ਇੱਕ ਵਿਲੱਖਣ ਅਤੇ ਨਿਵੇਕਲੀ ਪੁਸਤਕ ਆਈ ਹੈ, ਜੋ ਰਾਮਗੜ੍ਹੀਆ ਸ਼ਿਲਪਕਾਰਾਂ ਦੀ ਬਰਾਦਰੀ ਅਤੇ ਉਹਨਾਂ ਦੇ ਕਿੱਤੇ, ਉਹਨਾਂ ਦੀਆਂ ਮਹਾਨ ਹਸਤੀਆਂ ਨੂੰ ਉਜਾਗਰ ਕਰਦੀ ਹੈ। ਆਪਣੇ ਵੀਡੀਓ ਸੁਨੇਹੇ ਰਾਹੀਂ ਇਹ ਵਿਚਾਰ ਪ੍ਰਗਟ ਕਰਦਿਆਂ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਨੇ ਕਿਹਾ ਹੈ ਕਿ ਸ੍ਰ. ਜੈਤੇਗ ਸਿੰਘ ਅਨੰਤ ਨੇ ਇਸ ਪੁਸਤਕ ਰਾਹੀਂ ਇਕ ਇਹੋ ਜਿਹਾ ਮੀਲ-ਪੱਥਰ ਗੱਡਿਆ ਹੈ ਜੋ ਅੱਜ ਤੱਕ ਹੋਰ ਕਿਸੇ ਨੇ ਨਹੀਂ ਕੀਤਾ। ਸਚਿੱਤਰ, ਵੱਡ ਆਕਾਰੀ, ਸੁੰਦਰ ਛਪਾਈ ਵਾਲੀ ਇਸ ਪੁਸਤਕ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਰਾਮਗੜ੍ਹੀਆ ਬਰਾਦਰੀ ਦੇ ਦੁਰਲੱਭ ਹੀਰੇ-ਮੋਤੀ, ਜਵਾਹਰਾਤ ਇਸ ਵਿਚ ਇਕੱਤਰ ਕੀਤੇ ਗਏ ਹਨ ਅਤੇ ਇਹ ਇੰਨੀ ਵੱਡੀ ਗਿਣਤੀ ਵਿਚ ਹਨ, ਜਿਨ੍ਹਾਂ ਨੇ ਇੰਨੇ ਵੱਡੇ ਕਾਰਨਾਮੇ ਕੀਤੇ ਪਰ ਉਨ੍ਹਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ, ਰਾਮਗੜ੍ਹੀਆਂ ਨੂੰ ਵੀ ਨਹੀਂ ਪਤਾ। ਇਹ ਖੋਜ ਭਰਪੂਰ ਪੁਸਤਕ ਹਰੇਕ ਸੱਜਣ ਨੂੰ ਪੜ੍ਹਨੀ ਚਾਹੀਦੀ ਹੈ ਅਤੇ ਹਰ ਲਾਇਬ੍ਰੇਰੀ ਵਿਚ ਹੋਣੀ ਚਾਹੀਦੀ ਹੈ। ਰਾਮਗੜ੍ਹੀਆ ਨਾਮ ਤੋਂ ਅਤੇ ਬਾਹਰੀ ਦਿੱਖ ਤੋਂ ਇਹ ਪੁਸਤਕ ਸਿਰਫ ਸਿੱਖਾਂ ਭਾਵ ਕੇਸਾਧਾਰੀ ਸਿੱਖਾਂ ਨਾਲ ਹੀ ਸੰਬੰਧਿਤ ਜਾਪਦੀ ਹੈ ਪਰ ਅੰਦਰ ਜਾ ਕੇ ਝਾਤੀ ਮਾਰਨ ਨਾਲ ਇਸ ਵਿਚ ਸਿੱਖਾਂ ਦੇ ਨਾਲ ਕੇਸ ਰਹਿਤ ਸਿੱਖਾਂ ਬਾਰੇ ਵੀ ਬਹੁਤ ਕੁਝ ਪਤਾ ਲਗਦਾ ਹੈ ਕਿ ਕਿਵੇਂ ਕੇਸ ਰਹਿਤ ਸਿੱਖਾਂ ਨੇ ਬਹੁਤ ਮੱਲਾਂ ਮਾਰੀਆਂ ਅਤੇ ਪ੍ਰਾਪਤੀਆਂ ਕੀਤੀਆਂ।
ਇਸ ਪੁਸਤਕ ਵਿਚ ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਅਤੇ ਹਜ਼ਰਤ ਈਸਾ ਮਸੀਹ ਬਾਰੇ ਵੀ ਜ਼ਿਕਰ ਕੀਤਾ ਹੈ ਕਿ ਉਹ ਵੀ ਤਰਖਾਣਾਂ ਵਿੱਚੋਂ ਸਨ। ਇਹ ਸਾਰਾ ਕੁਝ ਵੇਖ ਕੇ ਅਚੰਭਿਤ ਰਹਿ ਜਾਈਦਾ ਹੈ, ਹੈਰਾਨੀ ਵੀ ਹੁੰਦੀ ਹੈ ਕਿ ਅਨੰਤ ਜੀ ਨੇ ਸਾਰੇ ਸੰਸਾਰ ਵਿੱਚੋਂ ਇੰਨੀ ਵੱਡੀ ਖੋਜ ਕਰਕੇ, ਇਸ ਤਰ੍ਹਾਂ ਦੀਆਂ ਵੱਡੀਆਂ ਹਸਤੀਆਂ ਅਤੇ ਉਹਨਾਂ ਦੇ ਜੀਵਨ ਨੂੰ ਅੰਕਿਤ ਕੀਤਾ ਹੈ। ਸ. ਜੈਤੇਗ ਸਿੰਘ ਅਨੰਤ ਜੀ ਅੰਦਰ ਸਿੱਖੀ ਭਾਵਨਾ ਬੜੀ ਪ੍ਰਬਲ ਭਰੀ ਪਈ ਹੈ ਅਤੇ ਇਹ ਭਾਵਨਾ ਨੂੰ ਉਹ ਆਪਣੇ ਅੰਦਰ ਹੀ ਨਹੀਂ ਰੱਖਦੇ ਸਗੋਂ ਇਸ ਭਾਵਨਾ ਨੂੰ ਪ੍ਰਚੰਡ ਕਰਕੇ ਬਾਹਰ ਲੋਕਾਂ ਤੱਕ ਵੀ ਪਹੁੰਚਾਉਂਦੇ ਹਨ। ਉਹ ਬੜੇ ਪੱਕੇ ਗੁਰਸਿੱਖ ਹਨ। ਉਹ ਬੜੇ ਵਧੀਆ ਲੇਖਕ, ਉੱਘੇ ਪੱਤਰਕਾਰ ਅਤੇ ਫੋਟੋਗ੍ਰਾਫਰ ਵੀ ਹਨ। ਇਸ ਪੁਸਤਕ ਰਾਹੀਂ ਉਨ੍ਹਾਂ ਜਿੱਥੇ ਰਾਮਗੜ੍ਹੀਆਂ ਦਾ ਵਿਰਸਾ ਸੰਭਾਲਿਆ ਹੈ, ਉੱਥੇ ਸਿੱਖੀ ਦਾ ਵਿਰਸਾ ਵੀ ਸੰਭਾਲਿਆ ਹੈ । ਇਸ ਤੋਂ ਪਹਿਲਾਂ ਵੀ ਚੋਖੀਆਂ ਪੁਸਤਕਾਂ ਲਿਖ ਕੇ ਉਹਨਾਂ ਨੇ ਸਿੱਖ ਪੰਥ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਅਤੇ ਆਪਣੇ ਪੰਥ ਦੀ ਵਿਰਾਸਤ ਸੰਭਾਲੀ ਹੈ। ਇਸ ਪੁਸਤਕ ਵਿਚ ਅਨੰਤ ਜੀ ਨੇ ਸਿੱਖ ਸਿਆਸਤ ਤੋਂ ਉੱਪਰ ਉਠ ਕੇ ਗਿਆਨੀ ਜ਼ੈਲ ਸਿੰਘ ਜੀ ਵਰਗੀ ਮਹਾਨ ਹਸਤੀ ਦਾ ਨਾਮ ਵੀ ਇਸ ਪੁਸਤਕ ਵਿਚ ਦੇ ਕੇ ਬਹੁਤ ਵਧੀਆ ਕਾਰਜ ਕੀਤਾ ਹੈ, ਨਹੀਂ ਤਾਂ ਬਹੁਤ ਸਾਰੇ ਸਿੱਖ ਤਾਂ ਗਿਆਨੀ ਜ਼ੈਲ ਸਿੰਘ ਨੂੰ ਕਾਂਗਰਸੀ ਹੋਣ ਕਰ ਕੇ ਸਿੱਖ ਹੀ ਨਹੀਂ ਮੰਨਦੇ। ਪੁਸਤਕ ਵਿਚ ਨਾਮਧਾਰੀਆਂ ਨੂੰ ਵੀ ਕਈ ਪੰਨੇ ਦੇ ਕੇ ਮਾਣ ਦਿੱਤਾ ਹੈ। ਸਤਿਗੁਰੂ ਰਾਮ ਸਿੰਘ ਜੀ ਬਾਰੇ, ਉਹਨਾਂ ਨੇ ਸਿੱਖੀ ਵਾਸਤੇ ਜਿਹੜਾ ਪ੍ਰਚਾਰ ਕੀਤਾ ਅਤੇ ਦੇਸ਼ ਵਾਸਤੇ ਜੋ ਕੁਝ ਕੀਤਾ, ਇਹ ਸਾਰੇ ਵੇਰਵੇ ਲਈ ਪੁਸਤਕ ਵਿਚ ਦਰਜ ਕੀਤੇ ਗਏ ਹਨ।
ਸਿੱਖ ਪੰਥ ਵਿਚ, ਸਿੱਖ ਸਿਆਸਤ ਵਿਚ, ਖਾਲਸਾ ਅਤੇ ਸਿੱਖ ਰਾਜ ਸਥਾਪਿਤ ਕਰਨ ਵਿਚ ਉਸ ਸਮੇਂ ਦੀ ਰਾਮਗੜ੍ਹੀਆ ਮਿਸਲ ਦਾ ਬਹੁਤ ਵੱਡਾ ਹੱਥ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਸਮੇਂ ਬੜਾ ਵੱਡਾ ਅਤੇ ਵਧੀਆ ਕਿਰਦਾਰ ਨਿਭਾਇਆ। ਉਹਨਾਂ ਦਾ ਮੁੱਖ ਪੰਨੇ ਤੇ ਚਿੱਤਰ ਦੇ ਕੇ, ਉਹਨਾਂ ਨੇ ਰਾਮਗੜ੍ਹੀਆਂ ਦਾ ਅਤੇ ਸਿੱਖਾਂ ਦਾ ਵੀ ਨਾਮ ਉੱਚਾ ਕੀਤਾ ਹੈ ਅਤੇ ਰੌਸ਼ਨ ਕੀਤਾ ਹੈ।
ਹਰਦਮ ਮਾਨ
ਫੋਨ: +1 604 308 6663
ਈਮੇਲ : maanbabushahi@gmail.com