“ਰਾਮਗੜ੍ਹੀਆ ਵਿਰਾਸਤ ਕੌਫੀ ਟੇਬਲ ਬੁੱਕ” ਹੁਣ ਸਰੀ ਦੀਆਂ ਤਿੰਨ ਲਾਇਬ੍ਰੇਰੀਆਂ ਵਿਚ ਉਪਲਬਧ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 14 ਦਸੰਬਰ 2021- ਪੰਜਾਬੀ ਦੀ ਪਹਿਲੀ ਕੌਫੀ ਟੇਬਲ ਬੁੱਕ “ਰਾਮਗੜ੍ਹੀਆ ਵਿਰਾਸਤ” ਹੁਣ ਸਰੀ ਦੀਆਂ ਤਿੰਨ ਲਾਇਬ੍ਰੇਰੀਆਂ ਸਰੀ ਸੈਂਟਰ, ਸਟਰਾਬਰੀ ਹਿੱਲ ਅਤੇ ਨੀਊਟਨ ਲਾਇਬਰੇਰੀ ਵਿਚ ਪੰਜਾਬੀ ਪਾਠਕਾਂ ਲਈ ਉਪਲਬਧ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਹੈ ਕਿ ਇਸ ਪੁਸਤਕ ਦੀਆਂ ਤਿੰਨ ਕਾਪੀਆਂ ਬੀਤੇ ਦਿਨ ਸਰੀ ਸ਼ਹਿਰ ਦੀ ਚੀਫ ਲਾਇਬ੍ਰੇਰੀਅਨ ਸੁਰਿੰਦਰ ਕੌਰ ਭੋਗਲ ਨੂੰ ਦੀਪ ਸਿੰਘ ਕਲਸੀ ਅਤੇ ਸੁਰਿੰਦਰ ਸਿੰਘ ਜੱਬਲ ਵੱਲੋਂ ਭੇਟ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਨਾਮਵਰ ਸਿੱਖ ਵਿਦਵਾਨ ਅਤੇ ਚਿੰਤਕ ਸ. ਜੈਤੇਗ ਸਿੰਘ ਅਨੰਤ ਦੁਆਰਾ ਸੰਪਾਦਿਤ ਇਸ ਬਹੁਰੰਗੀ, ਕਲਾਤਮਿਕ ਅਤੇ ਸੁਚਿੱਤਰ ਪੁਸਤਕ ਵਿਚ ਗੁਰੂ ਘਰ ਦੇ ਰਾਮਗੜ੍ਹੀਆ ਸਿੱਖ, ਸਿੱਖਰਾਜ ਦੀ ਸਥਾਪਤੀ ਵਿਚ ਜੱਸਾ ਸਿੰਘ ਰਾਮਗੜ੍ਹੀਆ ਦਾ ਯੋਗਦਾਨ, ਸਿੱਖ ਮਿਸਲਾਂ ਵਿਚ ਰਾਮਗੜ੍ਹੀਆ ਭਾਈਚਾਰੇ ਦੀ ਭੂਮਿਕਾ, ਯੋਧੇ ਤੇ ਜਰਨੈਲ, ਵਿਰਾਸਤੀ ਚਿੰਨ੍ਹ, ਇਤਿਹਾਸਕ ਯਾਦਗਾਰਾਂ, ਕਲਾ ਦੇ ਰੌਸ਼ਨ ਮੀਨਾਰ, ਸੰਗੀਤ, ਪੱਤਰਕਾਰੀ, ਖੇਡਾਂ, ਉਦਯੋਗ ਆਦਿ ਵਿਸ਼ਿਆਂ ਉਪਰ ਵਿਸ਼ਾਲ ਜਾਣਕਾਰੀ ਦਰਜ ਹੈ। ਇਹ ਪੁਸਤਕ ਪੁਰਾਣੀਆਂ ਇਤਿਹਾਸਕ ਅਤੇ ਦੁਰਲੱਭ ਤਸਵੀਰਾਂ ਦਾ ਵੀ ਜ਼ਖੀਰਾ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com