ਚੰਡੀਗੜ੍ਹ, 4 ਦਸੰਬਰ 2020 - ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਅਤੇ ਸੰਪਰਦਾਇ ਭਿੰਡਰਾਂ ਦੇ ਮੁੱਖੀ ਸੰਤ ਗਿਆਨੀ ਮੋਹਨ ਸਿੰਘ ਭਿੰਡਰਾਂ ਵਾਲਿਆਂ ਦੇ ਅਕਾਲ ਚਲਾਣਾ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਢੀਂਡਸਾ ਨੇ ਕਿਹਾ ਕਿ ਅਦੁੱਤੀ ਸਖ਼ਸ਼ੀਅਤ ਸੰਤ ਗਿਆਨੀ ਮੋਹਨ ਸਿੰਘ ਦਾ ਇਸ ਜਹਾਨ ਤੋਂ ਚਲੇ ਜਾਣਾ ਬੇਹੱਦ ਦੁੱਖਦਾਈ ਹੈ।
ਉਨ੍ਹਾਂ ਕਿਹਾ ਕਿ ਸੰਤ ਗਿਆਨੀ ਮੋਹਨ ਸਿੰਘ ਦੇ ਧਾਰਮਿਕ ਅਤੇ ਸਮਾਜਿਕ ਖ਼ੇਤਰ ਵਿੱਚ ਪਾਏ ਅਨਮੁਲੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗਿਆਨੀ ਜੀ ਸਿੱਖ ਪੰਥ ਦੀਆਂ ਸਮੁੱਚੀਆਂ ਸੰਪਰਦਾਵਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਮੁੱਖੀਆਂ 'ਚ ਵਿਸ਼ੇਸ਼ ਤੌਰ ਤੇ ਸਤਿਕਾਰੇ ਜਾਂਦੇ ਸਨ। ਉਨ੍ਹਾਂ ਨੇ ਸਿੱਖ ਪੰਥ ਦੀ ਲੰਬੇ ਸਮੇਂ ਤਕ ਸੇਵਾ ਕੀਤੀ ਹੈ। ਢੀਂਡਸਾ ਨੇ ਗਿਆਨੀ ਜੀ ਦੇ ਅਕਾਲ ਚਲਾਣਾ ਕੀਤੇ ਜਾਣ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਮਹਾਨ ਰੂਹ ਨੂੰ ਅਪਣੇ ਚਰਨਾਂ ਵਿਚ ਸਥਾਨ ਦੇਵੇ ਅਤੇ ਪਰਿਵਾਰ ਨੂੰ ਵੀ ਇਸ ਦੁੱਖ ਦੀ ਘੜੀ ਵਿਚ ਭਾਣਾ ਮੰਨਣ ਦਾ ਬਲ ਬਖ਼ਸ਼ੇ।