ਬਹੁਵਿਧਾਵੀ ਲੇਖਕ ਹਰਿਭਜਨ ਸਿੱਧੂ ਮਾਨਸਾ ਨੂੰ ਭਾਵਭਿੰਨੀ ਸ਼ਰਧਾਂਜਲੀ
ਅਸ਼ੋਕ ਵਰਮਾ
ਮਾਨਸਾ, 8 ਜੂਨ 2023: ਪ੍ਰਸਿੱਧ ਸਾਹਿਤਕਾਰ ਹਰਿਭਜਨ ਸਿੱਧੂ ਮਾਨਸਾ ਦੇ ਨਮਿੱਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਸਾਹਿਤਕਾਰਾਂ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੇਬਾਕ ਲਿਖਣਾ,ਬੋਲਣਾ ਹਮੇਸ਼ਾਂ ਯਾਦ ਰਹੇਗਾ। ਸਾਹਿਤਕਾਰਾਂ ਦਾ ਕਹਿਣਾ ਸੀ ਕਿ ਹਰਿਭਜਨ ਸਿੱਧੂ ਬਹੁਵਿਧਾਵੀ ਲੇਖਕ ਸਨ,ਜਿੰਨਾਂ ਨੇ ਕਹਾਣੀ, ਕਵਿਤਾ,ਨਿਬੰਧ,ਪੱਤਰਲੇਖਨ ਤੋਂ ਇਲਾਵਾ ਬਾਲ ਸਾਹਿਤ ਦੀ ਰਚਨਾ ਵੀ ਕੀਤੀ ਹੈ। ਤੀਹ ਤੋਂ ਵੱਧ ਕਿਤਾਬਾਂ ਦੇ ਲੇਖਕ ਪੰਜਾਬੀ ਦੇ ਨਾਲ ਨਾਲ ਹਿੰਦੀ ਅਤੇ ਉਰਦੂ ਜ਼ੁਬਾਨ ਦੀ ਜਾਣਕਾਰੀ ਵੀ ਰੱਖਦੇ ਸਨ। ਇਸੇ ਲਈ ਉਨ੍ਹਾਂ ਦੀਆਂ ਰਚਨਾਵਾਂ ਸੁਹਜਾਤਮਿਕ ਤੇ ਸਹਿਜ ਸਨ।
ਰੰਗਕਰਮੀ ਮਨਜੀਤ ਕੌਰ ਔਲਖ, ਪ੍ਰਿੰਸੀਪਲ ਦਰਸ਼ਨ ਸਿੰਘ,ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਜ਼ਿਲ੍ਹਾ ਖੋਜ ਅਫ਼ਸਰ,ਸ਼ਾਇਰ ਗੁਰਪ੍ਰੀਤ,ਬਲਵੰਤ ਭਾਟੀਆ, ਕਹਾਣੀਕਾਰ ਜਸਵੀਰ ਢੰਡ,ਦਰਸ਼ਨ ਜੋਗਾ, ਬਿੱਟੂ ਮਾਨਸਾ, ਜਗਤਾਰ ਔਲਖ ਨੇ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸੁਭਾਅ, ਦੁੱਖ ਸੁੱਖ ਦੀਆਂ ਬਾਤਾਂ ਪਾਉਣ ਦੇ ਨਾਲ ਨਾਲ ਸੈਨਿਕ ਜੀਵਨ ਦੀਆਂ ਔਖਾਂ ਸੌਖਾਂ ਨੂੰ ਸਿਰਜਦੀਆਂ ਹਨ।ਉਨ੍ਹਾਂ ਦੀਆਂ ਕਹਾਣੀਆਂ ਮਨੁੱਖੀ ਦਰਦ ਅਤੇ ਸਮਾਜਿਕ ਨਾ ਬਰਾਬਰੀ ਨੂੰ ਚਿਤਰਦੀਆਂ ਹਨ।
ਕਾਵਿ ਖੇਤਰ ਵਿੱਚ ਉਨ੍ਹਾਂ ਨੇ ਗਜ਼ਲ , ਰੁਬਾਈਆਂ ਅਤੇ ਖੁੱਲ੍ਹੀ ਕਵਿਤਾ ਵਿੱਚ ਹੱਥ ਅਜ਼ਮਾਇਆ । ਉਨ੍ਹਾਂ ਦੀ ਇੱਕ ਕਿਤਾਬ ਵਿੱਚ ਪੱਤਰਾਂ ਦਾ ਸੰਗ੍ਰਹਿ ਹੈ ਜੋ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਾਹਿਤ ਦੇ ਖੇਤਰ ਵਿੱਚ ਚਿੱਠੀਆਂ ਦਾ ਅਹਿਮ ਸਥਾਨ ਹੈ। ਉਨ੍ਹਾਂ ਦੇ ਲਲਿਤ ਨਿਬੰਧ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸਾਹਿਤਕਤਾ ਨੂੰ ਦਰਸਾਉਂਦੇ ਹਨ। ਸਾਹਿਤਕਾਰਾਂ ਦਾ ਕਹਿਣਾ ਸੀ ਕਿ ਉਹ ਬੇਬਾਕ ਲਿਖਣ,ਬੋਲਣ ਦੇ ਧਨੀ ਸਨ,ਉਨ੍ਹਾਂ ਦੇ ਚਲੇ ਜਾਣ ਦਾ ਸਾਹਿਤਕ ਖੇਤਰ ਚ ਵੱਡਾ ਘਾਟਾ ਮਹਿਸੂਸ ਹੋਵੇਗਾ।
ਇਹ ਗੱਲ ਵੀ ਜਿਕਰਯੋਗ ਹੈ ਕਿ ਉਨ੍ਹਾਂ ਨੇ ਜ਼ਿਲ੍ਹਾ ਲਾਇਬ੍ਰੇਰੀ ਨੂੰ ਅਲਮਾਰੀ ਸਮੇਤ ਕਿਤਾਬਾਂ ਦਾਨ ਦਿੱਤੀਆਂ ਜਿਸ ਤੋਂ ਸ਼ਹਿਰ ਦੇ ਵਿਦਿਆਰਥੀ ਲਾਭ ਪ੍ਰਾਪਤ ਕਰਦੇ ਹਨ। ਖੇਤੀਬਾੜੀ ਅਫਸਰ ਅਤੇ ਸਾਹਿਤਕਾਰ ਸਪੁੱਤਰ ਹਰਵਿੰਦਰ ਸਿੰਘ ਸਿੱਧੂ, ਡਾ.ਮੀਤਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਜੀ ਦੀ ਲੋਕਾਂ ਨੂੰ ਸਾਹਿਤ ਰਾਹੀਂ ਚੇਤੰਨ ਕਰਨ ਦੀ ਇੱਛਾ ਸੀ, ਉਹ ਇਸ ਮੁਹਿੰਮ ਨੂੰ ਜਾਰੀ ਰੱਖਣਗੇ ਅਤੇ ਉਨ੍ਹਾਂ ਦੀਆਂ ਕਿਤਾਬਾਂ ਨਵੇਂ ਪਾਠਕਾਂ ਦੇ ਰੂਪ ਵਿੱਚ ਵਿਦਿਆਰਥੀਆਂ ਅਤੇ ਹੋਰਨਾਂ ਪਾਠਕਾਂ ਲਈ ਸਹਾਈ ਸਾਬਤ ਹੋਣਗੀਆਂ।
ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ,ਐਡਵੋਕੇਟ ਕੇਸਰ ਸਿੰਘ ਧਲੇਵਾ, ਕਾ.ਸੁਖਦਰਸ਼ਨ ਨੱਤ,ਸੋਸ਼ਲਿਸਟ ਪਾਰਟੀ ਦੇ ਆਲ ਇੰਡੀਆ ਜਨਰਲ ਸਕੱਤਰ ਹਰਿੰਦਰ ਮਾਨਸ਼ਾਹੀਆ, ਚੁਸਪਿੰਦਰ ਸਿੰਘ ਭੁਪਾਲ,ਗੁਰਚੇਤ ਫੱਤੇਵਾਲੀਆਂ, ਬਲਵਿੰਦਰ ਧਾਲੀਵਾਲ,ਬਲਰਾਜ ਨੰਗਲ,ਭੁਪਿੰਦਰ ਤੱਗੜ,ਵਿਸ਼ਵਜੀਤ ਬਰਾੜ,ਅਨੇਮਨ ਸਿੰਘ ਗੁਰਮੇਲ ਕੌਰ ਜੋਸ਼ੀ,ਭੁਪਿੰਦਰ ਫੌਜੀ, ਕ੍ਰਿਸ਼ਨ ਮਾਨ ਬੀਬੜੀਆਂ, ਰਾਜੂ ਘਰਾਂਗਣਾ, ਲਖਵਿੰਦਰ ਮੂਸਾ ਅਤੇ ਰਾਜਦੀਪ ਸਿੰਘ ਵੀ ਹਾਜ਼ਰ ਸਨ।