ਬਰਤਾਨੀਆ ਦੇ ਪ੍ਰਸਿੱਧ ਲੇਖਕ ਐੱਸ. ਬਲਵੰਤ ਨਹੀਂ ਰਹੇ
ਲੁਧਿਆਣਾ: 19 ਅਗਸਤ 2021 - ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਉੱਘੇ ਪਰਵਾਸੀ ਪੰਜਾਬੀ ਲੇਖਕ, ਪੱਤਰਕਾਰ ਤੇ ਪ੍ਰਕਾਸ਼ਨਾ ਜਗਤ ਦੀ ਜਾਣੀ ਪਛਾਣੀ ਹਸਤੀ ਐਸ. ਬਲਵੰਤ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ । ਉਹ ਅੱਜਕੱਲ੍ਹ ਬਰਤਾਨੀਆ ਰਹਿ ਰਹੇ ਸਨ ਤੇ ਪਿਛਲੇ ਲੰਬੇ ਸਮੇਂ ਤੋਂ ਪਰਵਾਸੀ ਸਾਹਿਤ ਕੇਂਦਰ ਨਾਲ ਜੁੜੇ ਹੋਏ ਸਨ ਤੇ 'ਪਰਵਾਸ' ਮੈਗਜ਼ੀਨ ਵਿੱਚ ਜਿੱਥੇ ਉਨ੍ਹਾਂ ਦੀਆਂ ਅਨੇਕਾਂ ਲਿਖਤਾਂ ਛਪੀਆਂ,ਉੱਥੇ ਹੀ ਡਾ. ਸ.ਪ.ਸਿੰਘ ,(ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ) ਨੇ ਪਿਛਲੇ ਅੰਕ ਵਿੱਚ ਹੀ ਉਨ੍ਹਾਂ ਦੀ ਪੁਸਤਕ 'ਕਦਮਾਂ ਦੇ ਨਿਸ਼ਾਨ' ਦੀ ਵੀ ਚਰਚਾ ਕੀਤੀ ਸੀ । ਡਾ ਸ.ਪ. ਸਿੰਘ ਜੀ ਨੇ ਐਸ. ਬਲਵੰਤ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸ. ਬਲਵੰਤ ਪੰਜਾਬੀ ਸਾਹਿਤ ਤੇ ਸੱਭਿਆਚਾਰ ਬਾਰੇ ਲਿਖਤਾਂ ਦੇ ਲੇਖਕ ਵਜੋਂ ਇੱਕ ਜਾਣਿਆ ਪਛਾਣਿਆ ਨਾਂ ਸੀ ।
ਉਹ ਅੰਗਰੇਜ਼ੀ ,ਪੰਜਾਬੀ ਤੇ ਹਿੰਦੀ ਦੇ ਸਾਹਿਤਕ, ਇਤਿਹਾਸਕ ਅਤੇ ਸੱਭਿਆਚਾਰਕ ਵਿਸ਼ਿਆਂ ਬਾਰੇ ਕਰੀਬ ਦਰਜਨ ਤੋਂ ਵੱਧ ਕਿਤਾਬਾਂ ਦਾ ਕਰਤਾ ਸੀ ।ਐੱਸ. ਬਲਵੰਤ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਪੱਤਰਕਾਰੀ ਤੋਂ ਕੀਤੀ ,ਫਿਰ ਪ੍ਰਕਾਸ਼ਨ ਜਗਤ ਵਿੱਚ ਆਪਣੀ ਹੋਂਦ ਬਣਾਈ ਤੇ ਪ੍ਰਕਾਸ਼ਕਾਂ ਦੀ ਸਿਰਮੌਰ ਸੰਸਥਾ ਇੰਡੀਅਨ ਪਬਲਿਸ਼ਰਜ ਫੈਡਰੇਸ਼ਨ ਨਾਲ ਜੁਡ਼ ਕੇ ਕਈ ਅਹੁਦਿਆਂ ਤੋਂ ਪਹਿਲਾਂ ਦੋ ਵਾਰ ਲਗਾਤਾਰ ਚੋਣ ਜਿੱਤ ਕੇ ਪ੍ਰਧਾਨਗੀ ਵੀ ਕੀਤੀ । ਇਸ ਤੋਂ ਬਿਨਾਂ ਉਹ ਵਾਈਸ ਪਰੈਜੀਡੈਂਟ ਏਸ਼ੀਅਨ ਅਸੋਸੀਏਸ਼ਨ ਔਫ ਪੈਸੀਫਿਕ ਸਕਾਲਰਲੀ ਪਬਲਿਸ਼ਰਜ਼ ਤੇ ਭਾਰਤੀ ਸਰਕਾਰ ਦੀ ਸੰਸਥਾ ਕੈਮੀਕਲ ਐਂਡ ਅਲਾਈਡ ਪਰਾਡਕਟਸ ਐਕਸਪੋਰਟ ਪਰ ਮੋਸ਼ਨ ਦੇ ਵਾਈਸ ਚੇਅਰਮੈਨ (ਨੌਰਥ ਇੰਡੀਆ) ਵੀ ਰਹੇ ।
ਐੱਸ. ਬਲਵੰਤ ਨੂੰ ਦਿੱਲੀ ਸਰਕਾਰ ਵੱਲੋਂ ਸਾਲ ਦੇ ਸਰਵੋਤਮ ਕਹਾਣੀਕਾਰ ਵਜੋਂ ਤੇ ਦੀ ਫੈਡਰੇਸ਼ਨ ਔਫ ਇੰਡੀਅਨ ਪਬਲਿਸ਼ਰਜ਼ ਵੱਲੋਂ ਬੈਸਟ ਪਬਲਿਸ਼ਰ ਤੇ ਪਰਮੋਟਰ ਵਜੋਂ ਸਨਮਾਨਿਤ ਵੀ ਕੀਤਾ ਗਿਆ ।
ਇਸ ਦੇ ਨਾਲ ਪੰਜਾਬ ਭਾਸ਼ਾ ਵਿਭਾਗ ਨੇ ਵੀ ਪਰਵਾਸੀ ਸਾਹਿਤਕਾਰ ਵਜੋਂ ਉਨ੍ਹਾਂ ਨੂੰ ਇਸੇ ਸਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਸੀ।
ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦਾ ਪੰਜਾਬੀ ਵਿਭਾਗ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਸ਼ੋਕ ਸਭਾ ਕੀਤੀ ਗਈ । ਉਨ੍ਹਾਂ ਦੇ ਤੁਰ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਡਾ. ਸ.ਪ. ਸਿੰਘ ,ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ, ਪ੍ਰੋ. ਗੁਰਭਜਨ ਗਿੱਲ, ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ , ਡਾ. ਹਰਪ੍ਰੀਤ ਸਿੰਘ ਦੂਆ ,ਪ੍ਰੋ ਸ਼ਰਨਜੀਤ ਕੌਰ ,ਡਾ. ਤਜਿੰਦਰ ਕੌਰ, ਰਜਿੰਦਰ ਸਿੰਘ ਤੇ ਪੰਜਾਬੀ ਦੇ ਉੱਘੇ ਸ਼ਾਇਰ ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਸ਼ਾਮਲ ਸਨ ।