ਪੀ.ਏ.ਯੂ. ਦੇ ਵਿਗਿਆਨੀ ਨੂੰ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ ਵਿੱਚ ਸਥਾਨ ਹਾਸਲ ਹੋਇਆ
ਲੁਧਿਆਣਾ 6 ਜੁਲਾਈ 2023 - ਪੀ.ਏ.ਯੂ. ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਵੀ ਪੀ ਸੇਠੀ ਨੂੰ ਵਿਸਵ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ਵਿੱਚ ਦੂਜੀ ਵਾਰ ਸ਼ਾਮਿਲ ਕੀਤਾ ਗਿਆ ਹੈ | ਇਹ ਸੂਚੀ ਵਿਸਵ ਪ੍ਰਸਿੱਧ ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ ਵੱਲੋਂ ਜਾਰੀ ਕੀਤੀ ਗਈ ਹੈ | 2019 ਵਿੱਚ ਜਾਰੀ ਕੀਤੀ ਗਈ ਪਿਛਲੀ ਸੂਚੀ ਵਿੱਚ ਡਾਕਟਰ ਸੇਠੀ 151141ਵੇਂ ਸਥਾਨ ’ਤੇ ਸਨ| ਉਸ ਸਮੇਂ ਸਿਰਫ 1492 ਭਾਰਤੀ ਵਿਗਿਆਨੀ ਹੀ ਇਸ ਸੂਚੀ ਵਿੱਚ ਥਾਂ ਬਣਾ ਸਕੇ ਸਨ| ਸਟੈਨਫੋਰਡ ਯੂਨੀਵਰਸਿਟੀ ਦੁਆਰਾ 2023 ਵਿੱਚ ਜਾਰੀ ਕੀਤੀ ਗਈ ਤਾਜਾ ਰਿਪੋਰਟ ਵਿੱਚ ਡਾ: ਸੇਠੀ 162227ਵੇਂ ਸਥਾਨ ’ਤੇ ਹਨ|
ਇਸ ਵਾਰ ਸਿਰਫ 2273 ਭਾਰਤੀ ਵਿਗਿਆਨੀ ਹੀ ਇਸ ਸੂਚੀ ਦਾ ਹਿੱਸਾ ਬਣੇ ਹਨ | ਚੋਟੀ ਦੇ ਵਿਗਿਆਨੀਆਂ ਦੀ ਇਹ ਸੂਚੀ ਸਟੈਨਫੋਰਡ ਮਾਹਿਰਾਂ ਦੁਆਰਾ ਕਈ ਮਾਪਦੰਡਾਂ ਦੇ ਅਧਾਰ ਤੇ ਪਿਛਲੇ ਤਿੰਨ ਦਹਾਕਿਆਂ (1993-2022) ਦੌਰਾਨ ਖੋਜ ਅਤੇ ਹੋਰ ਕਾਰਜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਂਦੀ ਹੈ| ਡਾ. ਸੇਠੀ ਨੂੰ ਦੋ ਵਾਰ ਉੱਤਰੀ ਡਕੋਟਾ ਯੂਨੀਵਰਸਿਟੀ, ਅਮਰੀਕਾ ਦੁਆਰਾ ਸਾਲ 2011 ਅਤੇ 2012 ਵਿੱਚ ਵਿਜ਼ਟਿੰਗ ਖੋਜ ਫੈਕਲਟੀ ਵਜੋਂ ਅਤੇ 2015 ਵਿੱਚ ਯੂਨੀਵਰਸਿਟੀ ਆਫ ਗੈਲਫ, ਕੈਨੇਡਾ ਦੁਆਰਾ ਗੈਸਟ ਫੈਕਲਟੀ ਵਜੋਂ ਬੁਲਾਇਆ ਗਿਆ ਸੀ| ਉਹਨਾਂ ਦਾ ਨਾਂ ਕਈ ਅੰਤਰਰਾਸਟਰੀ ਪ੍ਰੋਜੈਕਟਾਂ ਅਤੇ ਵਿਦੇਸੀ ਲੇਖਕਾਂ ਦੇ ਨਾਲ ਬਹੁਤ ਸਾਰੀਆਂ ਪ੍ਰਕਾਸ਼ਨਾਵਾਂ ਵਿੱਚ ਵੀ ਜੁੜਦਾ ਰਿਹਾ ਹੈ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਐੱਚ ਐੱਸ ਸਿੱਧੂ ਨੇ ਡਾ. ਸੇਠੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਨਿੱਠ ਕੇ ਕਾਰਜ ਕਰਨ ਦੀ ਆਸ ਪ੍ਰਗਟਾਈ |