ਗੁਲਜ਼ਾਰ ਸੰਧੂ ਅਤੇ ਗੁਰਮੀਤ ਕੜਿਆਲਵੀ ਨੂੰ ਮਿਲੇਗਾ 'ਆਪਣੀ ਆਵਾਜ਼ ' ਪੁਰਸਕਾਰ
ਨਿੰਦਰ ਘੁਗਿਆਣਵੀ
ਜਲੰਧਰ, 7 ਮਈ 2022 - 'ਆਪਣੀ ਆਵਾਜ਼ ਪੁਰਸਕਾਰ-2022' ਇਸ ਵਾਰ ਉੱਘੇ ਪੰਜਾਬੀ ਲੇਖਕਾਂ ਗੁਲਜ਼ਾਰ ਸਿੰਘ ਸੰਧੂ ਅਤੇ ਗੁਰਮੀਤ ਕੜਿਆਲਵੀ ਨੂੰ ਮਿਲੇਗਾ। 'ਆਪਣੀ ਆਵਾਜ਼' ਦੇ ਮੁੱਖ ਸੰਪਾਦਕ ਸ. ਸੁਰਿੰਦਰ ਸਿੰਘ ਸੁੱਨੜ ਅਤੇ ਸੰਪਾਦਕ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਇਹ ਪੁਰਸਕਾਰ ਪਿਛਲੇ ਚਾਰ ਸਾਲਾਂ ਵਿਚ ਛਪੀਆਂ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਵਿਚੋਂ ਗੁਪਤ ਸਰਵੇਖਣ ਦੇ ਆਧਾਰ 'ਤੇ ਚੁਣੀਆਂ ਗਈਆਂ ਪੁਸਤਕਾਂ ਨੂੰ ਦਿੱਤਾ ਜਾਂਦਾ ਹੈ।
ਇਸ ਪੁਰਸਕਾਰ ਵਿਚ ਇਕ ਲੱਖ ਰੁਪਏ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਂਦਾ ਹੈ। ਇਸ ਵਾਰ ਦੇ ਸਰਵੇਖਣ ਅਨੁਸਾਰ ਗੁਲਜ਼ਾਰ ਸੰਧੂ ਦੇ ਨਾਵਲ ''ਪਰੀ ਸੁਲਤਾਨਾ'' ਅਤੇ ਗੁਰਮੀਤ ਕੜਿਆਲਵੀ ਦੇ ਕਹਾਣੀ ਸੰਗ੍ਰਹਿ ''ਹਾਰੀਂ ਨਾ ਬਚਨਿਆ'' ਨੂੰ ਇਹ ਪੁਰਸਕਾਰ ਸਾਂਝੇ ਰੂਪ ਵਿਚ ਦਿੱਤਾ ਜਾਵੇਗਾ ਅਤੇ ਇਸ ਵਿਚ ਇਕਵੰਜਾ-ਇਕਵੰਜਾ ਹਜ਼ਾਰ ਰੁਪਏ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਜਾਣਗੇ। ਇਹ ਸਨਮਾਨ ਜੂਨ ਮਹੀਨੇ ਵਿਚ ਕੀਤੇ ਜਾਣ ਵਾਲੇ 'ਲੋਕ ਮੰਚ ਪੰਜਾਬ' ਦੇ ਸਮਾਗਮ ਵਿਚ ਭੇਟ ਕੀਤੇ ਜਾਣਗੇ।