ਪੰਜਾਬ ਕਲਾ ਪਰਿਸ਼ਦ ਨੇ ਅਜਮੇਰ ਔਲਖ ਨੂੰ ਯਾਦ ਕੀਤਾ
ਚੰਡੀਗੜ੍ਹ, 14 ਜੂਨ 2021: ਲੋਕ ਹਿਤਾਂ ਨੂੰ ਪ੍ਰਣਾਏ ਉਘੇ ਨਾਟਕਕਾਰ ਪ੍ਰੋ ਅਜਮੇਰ ਸਿੰਘ ਔਲਖ ਦੀ ਅਜ ਚੌਥੀ ਬਰਸੀ ਹੈ। ਉਨਾ ਦੀ ਰੰਗਮੰਚ ਵਾਸਤੇ ਘਾਲੀ ਵੱਡੀ ਘਾਲਣਾ ਨੂੰ ਯਾਦ ਕਰਦਿਆਂ ਪੰਜਾਬ ਕਲਾ ਪਰਿਸ਼ਦ ਨੇ ਔਲਖ ਜੀ ਨੂੰ ਸਿਜਦਾ ਕਰਦੀ ਹੈ। ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਔਲਖ ਸਾਹਿਬ ਆਪਣੇ ਆਪ ਵਿਚ ਇਕ ਸੰਸਥਾ ਦਾ ਰੂਪ ਸਨ ਤੇ ਹਮੇਸ਼ਾ ਉਨਾ ਆਪਣਾ ਇਕ ਇਕ ਸਾਹ ਰੰਗਮੰਚ ਦੇ ਲੇਖੇ ਲਾਇਆ। ਡਾ ਪਾਤਰ ਨੇ ਕਿਹਾ ਕਿ ਔਲਖ ਜੀ ਨੇ ਕਿਰਤੀ, ਮਿਹਨਤੀ, ਮਜਦੂਰਾਂ ਤੇ ਕਿਸਾਨਾਂ ਦੇ ਜੀਵਨ ਨੂੰ ਨਾਟਕਾਂ ਵਿਚ ਪੇਸ਼ ਕਰਕੇ ਹਮੇਸ਼ਾ ਉਨਾ ਦੇ ਹੱਕਾਂ ਵਿਚ ਆਵਾਜ ਬੁਲੰਦ ਕੀਤੀ।
ਪੰਜਾਬ ਕਲਾ ਪਰਿਸ਼ਦ ਦੇ ਉਪ ਪ੍ਰਧਾਨ ਡਾ ਯੋਗਰਾਜ ਨੇ ਆਖਿਆ ਕਿ ਔਲਖ ਜੀ ਬੜੀ ਪਿਆਰੀ ਸਖਸ਼ੀਅਤ ਦੇ ਮਾਲਕ ਸਨ ਤੇ ਆਪਣੀ ਧਰਤੀ ਤੇ ਲੋਕਾਈ ਨਾਲ ਨੇੜਿਓਂ ਜੁੜੇ ਹੋਏ ਸਨ। ਉਨਾ ਨੂੰ ਦੁਨੀਆ ਭਰ ਦੇ ਸਨਮਾਨ ਮਿਲੇ ਪਰ ਉਹ ਹਮੇਸ਼ਾ ਆਖਦੇ ਸਨ ਕਿ ਦਰਸ਼ਕ ਤੇ ਪਾਠਕ ਹੀ ਉਨਾ ਦਾ ਅਸਲੀ ਸਨਮਾਨ ਹਨ।
ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਔਲਖ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਔਲਖ ਜੀ ਨਾਟਕ ਖੇਡਣ ਖਿਡਾਉਣ ਦੇ ਨਾਲ ਨਾਲ ਨਾਟਕ, ਜੀਵਨੀ, ਯਾਦਾਂ, ਇਕਾਂਗੀ ਤੇ ਹੋਰ ਸਾਹਿਤਕ ਰਚਨਾਵਾਂ ਕਿਤਾਬੀ ਰੂਪ ਵਿਚ ਦੇਕੇ ਸਾਹਿਤ ਜਗਤ ਨੂੰ ਸ਼ਾਹਕਾਰ ਲਿਖਤਾਂ ਭੇਟ ਕਰ ਗਏ ਹਨ। ਡਾ ਜੌਹਲ ਨੇ ਕਿਹਾ ਕਿ ਔਲਖ ਜੀ ਬਹੁਪੱਖੀ ਹਸਤੀ ਸਨ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਔਲਖ ਜੀ ਨਾਲ ਆਪਣੀਆਂ ਯਾਦਾਂ ਤਾਜੀਆਂ ਕਰਦਿਆਂ ਕਿਹਾ ਕਿ ਉਹ ਹਰੇਕ ਨਵੇਂ ਕਲਾਕਾਰ ਤੇ ਲਿਖਾਰੀ ਲਈ ਪ੍ਰੇਰਨਾ ਦਾ ਸਰੋਤ ਬਣਦੇ ਰਹੇ।ਅਜ ਪੰਜਾਬ ਕਲਾ ਪਰਿਸ਼ਦ ਆਪਣੇ ਮਹਾਨ ਨਾਟਕਕਾਰ ਨੂੰ ਯਾਦ ਕਰਦਿਆਂ ਨਤਮਸਤਕ ਹੈ।
ਨਿੰਦਰ ਘੁਗਿਆਣਵੀ ਮੀਡੀਆ ਕੋਆਰਡੀਨੇਟਰ ,ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।