ਚੰਡੀਗੜ੍ਹ, 26 ਅਪ੍ਰੈਲ 2021- ਉਘੇ ਪੰਜਾਬੀ ਕਹਾਣੀਕਾਰ ਸ਼੍ਰੀ ਪ੍ਰੇਮ ਗੋਰਖੀ ਦੇ ਵਿਛੋੜੇ ਉਤੇ ਦੁਖ ਪ੍ਰਗਟ ਕਰਦਿਆਂ ਆਖਿਆ ਹੈ ਕਿ ਸ਼੍ਰੀ ਗੋਰਖੀ ਦੇ ਵਿਛੋੜੇ ਨਾਲ ਪੰਜਾਬੀ ਕਹਾਣੀ ਦਾ ਵਿਹੜਾ ਸੁੰਨਾ ਹੋ ਗਿਆ ਹੈ। ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਸ੍ਰੀ ਗੋਰਖੀ ਨੇ ਦੱਬੇ ਕੁਚਲੇ ਤੇ ਸਮਾਜ ਵਲੋਂ ਲਿਤਾੜੇ ਲੋਕਾਂ ਦੀ ਆਵਾਜ ਆਪਣੀਆਂ ਕਹਾਣੀਆਂ ਵਿਚ ਬੁਲੰਦ ਕੀਤੀ ਤੇ ਨਿਮਨ ਵਰਗ ਦੇ ਪਾਤਰਾਂ ਨੂੰ ਅਮਰ ਕਰ ਦਿਤਾ। ਸ੍ਰ ਚੰਨੀ ਨੇ ਗੋਰਖੀ ਜੀ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਹੈ ਕਿ ਪ੍ਰੇਮ ਗੋਰਖੀ ਇਕ ਸਮਰੱਥ ਕਹਾਣੀਕਾਰ ਦੇ ਨਾਲ ਨਾਲ ਸੁਯੋਗ ਸੰਪਾਦਕ ਵੀ ਸਨ। ਉਨਾ ਨੇ ਲੰਬਾ ਅਰਸਾ ਪੰਜਾਬੀ ਟ੍ਰਿਬਿਊਨ ਵਿਚ ਇਕ ਨਿਪੁੰਨ ਸੰਪਾਦਕ ਵਜੋਂ ਸੇਵਾਵਾਂ ਨਿਭਾਈਆਂ ਤੇ ਦੇਸ਼ ਸੇਵਕ ਵਿਚ ਸਹਾਇਕ ਸੰਪਾਦਕ ਵੀ ਰਹੇ।
ਆਪ ਦਾ ਕਹਾਣੀ ਸੰਗ੍ਰਿਹ "ਅਰਜਨ ਸਫੈਦੀ ਵਾਲਾ" ਬਹੁਤ ਮਕਬੂਲ ਹੋਇਆ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਗੋਰਖੀ ਜੀ ੲਆਊ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। "ਦੀਵਾ ਬਲੇ ਸਾਰੀ ਰਾਤ" ਕਹਾਣੀ ਦਰਬਾਰ ਕਰਵਾਉਣ ਵਿਚ ਉਨਾ ਦਾ ਵਡਮੁੱਲਾ ਯੋਗਦਾਨ ਰਿਹਾ। ਅਜ ਪੰਜਾਬ ਕਲਾ ਪਰਿਸ਼ਦ ਉਨਾ ਦੇ ਚਲਾਣੇ ਉਤੇ ਉਨਾ ਨੂੰ ਸਿਜਦਾ ਕਰਦੀ ਹੈ ਤੇ ਪਰਿਵਾਰ ਨਾਲ ਹਮਦਰਦੀ ਜਿਤਾਈ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।