ਅਸ਼ੋਕ ਵਰਮਾ
ਬਠਿੰਡਾ, 14 ਅਗਸਤ 2020 - ਬਠਿੰਡਾ ਜ਼ਿਲ੍ਹੇ ਦਾ ਮਾਣ ,ਪੰਜਾਬੀ ਮਾਂ ਬੋਲੀ ਨੂੰ ਪ੍ਰਣਾਇਆ ਪੰਜਾਬ ਦੇ ਸੱਭਿਆਚਾਰ ਦਾ ਮੁਦਈ ਕਲਮ ਦਾ ਧਨੀ ਪ੍ਰਸਿੱਧ ਲੇਖਕ ਤੇ ਕਹਾਣੀਕਾਰ ਭੂਰਾ ਸਿੰਘ ਕਲੇਰ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਹ ਨਾਮੀ ਕਹਾਣੀਕਾਰ ਅਤੇ ਇਨਕਲਾਬੀ ਵਿਚਾਰਧਾਰਾ ਵਾਲੇ ਲੇਖਕ ਅਤਰਜੀਤ ਦੇ ਨੇੜਲੇ ਰਿਸ਼ਤੇਦਾਰ ਸਨ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਪੂਹਲਾ ’ਚ ਆਖਰੀ ਸਾਹ ਲਿਆ। ਭੂਰਾ ਸਿੰਘ ਕਲੇਰ ਦਾ ਸਦਾ ਲਈ ਵਿੱਛੜ ਜਾਣ ਦੀ ਖਬਰ ਆਉਂਦਿਆਂ ਸਾਹਿਤ ਪ੍ਰੇਮੀਆਂ ਅਤੇ ਉਨਾਂ ਦੇ ਸਾਥੀ ਲੇਖਕਾਂ ਆਦਿ ’ਚ ਗਮ ਦਾ ਮਹੌਲ ਬਣ ਗਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਤੇ ਇਹੋ ਬਿਮਾਰੀ ਉਨਾਂ ਲਈ ਜਾਨਲੇਵਾ ਸਿੱਧ ਹੋਈ ਹੈ। ਕਲੇਰ ਦੀ ਕਲਮ ਦਾ ਮੂੰਹ ਹਮੇਸ਼ਾ ਹੀ ਦਬੇ ਕੁਚਲੇ ਲੋਕਾਂ ਦੇ ਹੱਕ ’ਚ ਲਿਖਦਾ ਬੋਲਦਾ ਰਿਹਾ। ਉਨ੍ਹਾਂ ਦੇ ਦਿਲ ’ਚ ਹਾਸ਼ੀਏ ਤੇ ਚਲੇ ਗਏ ਲੋਕਾਂ, ਕਿਰਤੀ ਜਮਾਤ ਅਤੇ ਕਿਰਸਾਨੀ ਲਈ ਲੋਹੜਿਆਂ ਦਾ ਦਰਦ ਸੀ। ਹਾਲੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪੁਸ਼ਤਕ ‘ਲੋਕ ਪੈੜਾਂ’ ਰਿਲੀਜ਼ ਹੋਈ ਸੀ ਜੋਕਿ ਕਿਤਾਬਾਂ ਦੀ ਦੁਨੀਆਂ ’ਚ ਮੀਲ ਪੱਥਰ ਅਤੇ ਕਲੇਰ ਨੂੰ ਮੋਹਰੀ ਸਫਾਂ ਦਾ ਲੇਖਕ ਬਨਾਉਣ ਵਾਲੀ ਸਾਬਤ ਹੋਈ ਸੀ।
ਕਲੇਰ ਦੀ ਇੱਕ ਗੀਤਾਂ ਦੀ ਪੁਸਤਕ ‘ਉੱਡ ਗਏ ਹਵਾਵਾਂ ਵਿੱਚ’ ਲਗਭੱਗ ਛਪ ਕੇ ਤਿਆਰ ਹੈ। ਉਹ ਇਸ ਨੂੰ ਅਗਲੇ ਦਿਨਾਂ ਦੌਰਾਨ ‘ਲੋਕ ਅਰਪਣ’ ਕਰਨਾ ਚਾਹੁੰਦੇ ਸਨ। ਇਸ ਤੋਂ ਪਹਿਲਾਂ ਕਿ ਉਹ ਇਹ ਪੁਸਤਕ ਰਿਲੀਜ਼ ਕਰਦੇ ਉਹ ਹਮੇਸ਼ਾ ਲਈ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ। ਭੂਰਾ ਸਿੰਘ ਕਲੇਰ ਵੱਲੋਂ ਲਿਖਿਆ ‘ਅਲੋਪ ਹੋ ਰਹੇ ਨਕਲੀਆਂ ਦੇ ਅਖਾੜੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ।
ਉਨ੍ਹਾਂ ਇਸ ਲੇਖ ਰਾਹੀਂ ਖਤਮ ਹੋਣ ਵੱਲ ਵਧ ਰਹੀ ਇਸ ਕਲਾ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ ਸੀ। ਸਾਲ 1970 ’ਚ ਸ੍ਰੀ ਕਲੇਰ ਦਾ ਪਹਿਲਾ ਕਹਾਣੀ ਸੰਗ੍ਰਹਿ ‘ਪੰਛੀਆਂ ਦੇ ਆਲਣੇ‘ ਛਪਿਆ ਸੀ ਜਿਸ ਨੂੰ ਸਾਹਿਤ ਦੇ ਖੇਤਰ ’ਚ ਭਰਪੂਰ ਦਾਦ ਮਿਲੀ ਸੀ। ਇਸ ਤੋਂ ਬਾਅਦ ‘ਟੁੱਟੇ ਪੱਤੇ’, ਬੇਗਮ ਫਾਤਮਾ, ‘ਤਿਹਾਇਆ ਮਨੁੱਖ’ ਵਰਗੇ ਕਹਾਣੀ ਸੰਗ੍ਰਹਿ ਨਾਲ ਪੰਜਾਬੀ ਸਾਹਿਤ ’ਚ ਅਹਿਮ ਮਕਾਮ ਹਾਸਲ ਕੀਤਾ। ਕਲੇਰ ਵੱਲੋਂ ਲਿਖਿਆ ਨਾਵਲ ‘ਜੰਡਾ ਵੇ ਜੰਡੋਰਿਆ‘ ਵੀ ਕਾਫੀ ਚਰਚਿਤ ਹੋਇਆ ਸੀ। ਉਨਾਂ ਦੇ ਫਿਲਮਸਾਜ਼ ਪੁੱਤਰ ਬਲਰਾਜ ਸਾਗਰ ਨੇ ਕਈ ਸਾਹਿਤਕ ਕਿਰਤਾਂ ਤੇ ਫਿਲਮਾਂ ਬਣਾਈਆਂ ਜਿੰਨਾਂ ਤੇ ਭੂਰਾ ਸਿੰਘ ਕਲੇਰ ਦੀ ਛਾਪ ਨਜ਼ਰ ਆਉਂਦੀ ਸੀ।
ਕਲੇਰ ਦੀ ਸਵੈ-ਜੀਵਨੀ ‘ਟੋਏ ਟਿੱਬੇ‘ ਜੋ ਜਿਦਗੀ ਦੀਆਂ ਦੁਸ਼ਵਾਰੀਆਂ ਦਾ ਚਿਤਰਨ ਹੈ, ਵੀ ਸਾਹਿਤਕ ਸਫਾਂ ‘ਚ ਕਾਫੀ ਮਕਬੂਲ ਹੋਈ। ਸਵੈ-ਜੀਵਨੀ ਪੜਦਿਆਂ ਮਹਿਸੂਸ ਹੁੰਦਾ ਹੈ ਕਿ ‘ਟੋਏ ਟਿੱਬੇ’ ਮਨੁੱਖੀ ਜ਼ਿੰਦਗੀ ਦੇ ਉਤਰਾਅ-ਚੜਾਅ ਦਾ ਹੀ ਸਮਾਨਾਂਤਰ ਰੂਪ ਹਨ। ਭੂਰਾ ਸਿੰਘ ਕਲੇਰ ਨੇ ਇੱਕ ਗਰੀਬ ਦਲਿਤ ਵਿਅਕਤੀ ਦੇ ਜੀਵਨ ਵਿੱਚ ਆਉਂਦੀਆਂ ਦੁਸ਼ਵਾਰੀਆਂ ਅਤੇ ਔਕੜਾਂ ਨੂੰ ਕਲਮਬੱਧ ਕਰਨ ਦਾ ਯਤਨ ਕੀਤਾ ਹੈ। ਇਸ ਵਿੱਚ ਇੱਕ ਭੋਲੇ-ਭਾਲੇ ਆਮ ਵਿਅਕਤੀ ਦੇ ਮਨ ਦੀਆਂ ਸੱਚੀਆਂ ਗੱਲਾਂ ਦਾ ਉਲੇਖ ਹੈ।
ਇਸ ਪੁਸਤਕ ਵਿੱਚੋਂ ਇਹ ਸਮਝ ਬਣਦੀ ਹੈ ਕਿ ਕਈ ਵਾਰ ਸਾਧਾਰਨ ਬੰਦਾ ਆਪਣੇ ਮਿੱਤਰਾਂ ਖ਼ਾਤਰ ਆਪਣੇ ਆਪ ਨੂੰ ਵੀ ਸੰਕਟ ਵਿੱਚ ਪਾ ਲੈਂਦਾ ਹੈ ਜੋ ਬਾਅਦ ਵਿੱਚ ਉਸ ਨੂੰ ਮਾੜਾ ਸਮਝਣ ਲੱਗਦੇ ਹਨ। ਇਸ ਦਾ ਹਾਲੇ ਪਹਿਲਾ ਭਾਗ ਹੀ ਛਪਿਆ ਸੀ ਪਰ ਮੌਤ ਨੇ ਦੂਸਰੇ ਭਾਗ ਨੂੰ ਲਿਖਣ ਤੋਂ ਪਹਿਲਾਂ ਹੀ ਕਲੇਰ ਨੂੰ ਹਮੇਸ਼ਾ ਲਈ ਖੋਹ ਲਿਆ। ਉਸ ਦੇ ਚਲੇ ਜਾਣ ਨਾਲ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਸ੍ਰੀ ਕਲੇਰ ਦੇ ਅਕਾਲ ਚਲਾਣੇ ਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਅਤੇ ਸਰਪ੍ਰਸਤ ਡਾ ਅਜੀਤਪਾਲ ਸਿੰਘ ਨੇ ਡੰੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।