ਲੁਧਿਆਣਾ, 21 ਅਗਸਤ 2019 - ਪੰਜਾਬੀ ਦੇ ਪ੍ਰਮੁੱਖ ਨਾਵਲਕਾਰ ਮੋਹਨ ਕਾਹਲੋਂ ਦੀ ਜੀਵਨ ਸਾਥਣ ਤੇ ਪ੍ਰਬੁੱਧ ਪੰਜਾਬੀ ਲੇਖਿਕਾ ਦੀਪ ਮੋਹਿਨੀ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਢਿੱਲੀ ਮੱਠੀ ਚੱਲਣ ਦੀ ਖ਼ਬਰ ਸੁਣ ਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਨੇ ਆਪਣੀ ਕੋਲਕਾਤਾ ਫੇਰੀ ਦੌਰਾਨ ਉਨ੍ਹਾਂ ਦੇ ਘਰ ਪਹੁੰਚ ਕੇ ਹਾਲ ਚਾਲ ਜਾਣਿਆ ਤੇ ਸਮੂਹ ਪੰਜਾਬੀ ਲੇਖਕਾਂ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ।
ਦੀਪ ਮੋਹਿਨੀ ਪ੍ਰੀਤਨਗਰ ਐਕਟੀਵਿਟੀ ਸਕੂਲ ਪ੍ਰੀਤਨਗਰ ਦੀ ਪੈਦਾਇਸ਼ ਹੋਣ ਕਾਰਨ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਾਨਕ ਸਿੰਘ ਜੀ ਦੇ ਰੰਗ ਵਿੱਚ ਰੰਗੀ ਹੋਈ ਲੇਖਕਾ ਹਨ। ਉਨ੍ਹਾਂ ਦੇ ਪਿਤਾ ਜੀ ਸ: ਪਿਆਰਾ ਸਿੰਘ ਰੰਧਾਵਾ ਪ੍ਰੀਤ ਨਗਰ ਵਿੱਚ ਲੰਮਾ ਸਮਾਂ ਸ: ਗੁਰਬਖ਼ਸ਼ ਸਿੰਘ ਜੀ ਦੇ ਸਹਿਯੋਗੀ ਰਹੇ।
ਪ੍ਰੀਤਲੜੀ, ਆਰਸੀ ਦ੍ਰਿਸ਼ਟੀ ਤੇ ਨਾਗਮਣੀ 'ਚ ਅਨੇਕਾਂ ਕਹਾਣੀਆਂ ਤੇ ਹੋਰ ਲਿਖਤਾਂ ਲਿਖਣ ਵਾਲੀ ਇਸ ਲੇਖਿਕਾ ਦੀਪ ਮੋਹਿਨੀ ਦਾ ਇੱਕ ਨਾਵਲਿਟ ਧੁੰਦ ਵਿੱਚ ਇੱਕ ਸਵੇਰ ਮਾਸਿਕ ਪੱਤਰ ਦ੍ਰਿਸ਼ਟੀ ਚ 1976 ਚ ਛਪਿਆ ਸੀ ਜਿਸਨੂੰ ਮਗਰੋਂ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਸ: ਕੁਲਵੰਤ ਸਿੰਘ ਸੂਰੀ ਨੇ ਛਾਪਿਆ ਸੀ।
ਉਨ੍ਹਾਂ ਦਾ ਇੱਕ ਕਹਾਣੀ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਇਆ ਹੈ। ਦੇਸ਼ ਵੰਡ ਨਾਲ ਸਬੰਧਿਤ ਯਾਦਾਂ ਵੀ ਉਨ੍ਹਾਂ ਨੇ ਲਿਖੀਆਂ ਸਨ ਕਿਉਂਕਿ ਉਨ੍ਹਾਂ ਦਾ ਪਰਿਵਾਰ ਸਿੰਧ ਹੈਦਰਾਬਾਦ ਤੋਂ ਉੱਠ ਕੇ ਏਧਰ ਆਇਆ ਸੀ।
ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਉਨ੍ਹਾਂ ਪੰਜਾਬ ਦਾ ਹਾਲ ਚਾਲ ਪੁੱਛਿਆ ਅਤੇ ਸ: ਕੁਲਵੰਤ ਸਿੰਘ ਸੂਰੀ ਦੀ ਜੀਵਨ ਸਾਥਣ ਤੇ ਉੱਘੀ ਲੇਖਿਕਾ ਪ੍ਰੋ: ਅਤਰਜੀਤ ਸੂਰੀ ਤੇ ਪ੍ਰੋ: ਨਰਿੰਦਨ ਤਸਨੀਮ ਦੇ ਦੇਹਾਂਤ ਦਾ ਅਫਸੋਸ ਵੀ ਜ਼ਾਹਰ ਕੀਤਾ।
ਇਸ ਮੌਕੇ ਨਾਵਲਕਾਰ ਮੋਹਨ ਕਾਹਲੋਂ, ਉਨ੍ਹਾਂ ਦੇ ਬੇਟੇ ਰਾਜਪਾਲ ਸਿੰਘ ਕਾਹਲੋਂ ਰੀਟਾਇਰਡ ਆਈ ਏ ਐੱਸ, ਬੇਟੀ ਇਰਾ ਕਾਹਲੋਂ ਮੱਲ੍ਹੀ ਤੇ ਕੋਲਕਾਤਾ ਵੱਸਦੇ ਖੋਜੀ ਵਿਦਵਾਨ ਸ: ਜਗਮੋਹਨ ਸਿੰਘ ਗਿੱਲ ਵੀ ਹਾਜ਼ਰ ਸਨ।