ਅੰਮ੍ਰਿਤਸਰ, 13 ਸਤੰਬਰ 2020 - ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਅਤੇ ਜਮਹੂਰੀ ਅਧਿਕਾਰਾਂ ਲਈ ਸਰਗਰਮ ਡਾ. ਪਰਮਿੰਦਰ ਸਿੰਘ ਦੀ ਜੀਵਨ ਸਾਥਣ ਪ੍ਰੋ. ਸਤਿੰਦਰ ਔਲਖ ਅੱਜ ਸ਼ਾਮ 6 ਵਜੇ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨੂੰ ਬੀਤੇ ਹਫਤੇ ਸੀ. ਐਮ .ਸੀ. ਹਸਪਤਾਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਬਲੱਡ ਕੈਂਸਰ ਤੋਂ ਪੀੜਤ ਪਾਏ ਗਏ। ਉਹਨਾਂ ਦੇ ਇਲਾਜ ਦੇ ਅਥਾਹ ਯਤਨਾਂ ਦੇ ਬਾਵਜੂਦ ਉਹ ਅੱਜ ਸਦਾ ਲਈ ਵਡੇਰੇ ਪਰਿਵਾਰ ਨੂੰ ਅਲਵਿਦਾ ਆਖ ਗਏ।
ਪ੍ਰੋ. ਸਤਿੰਦਰ ਔਲਖ ( ਡਾ਼ ) ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ ਮੁਕਤ ਹੋਏ। ਉਹ ਲੋਕ ਧਾਰਾ ਅਤੇ ਹਿੰਦੋਸਤਾਨੀ ਮਿੱਥਾਂ ਦੇ ਅਧਿਐਨ ਦੇ ਮਾਹਿਰ ਸਨ।
ਉਹਨਾਂ ਦੀ ਕਲਮ ਤੋਂ 6 ਕਿਤਾਬਾਂ ' ਪੰਜਾਬੀ ਬਿਰਤਾਂਤ : ਗਾਥਾ ਖਾਹਿਸ਼ ਦੇ ਤਣਾਉ ਦੀ' ,ਪੰਜਾਬੀ ਲੋਕ ਧਾਰਾ : ਵਿਰਸਾ ਤੇ ਵਰਤਮਾਨ', 'ਉਤਪਤੀ ਅਤੇ ਵਿਨਾਸ਼ ਦੀਆਂ ਮਿਥ ਕਥਾਵਾਂ,' ਮਨੋਵਿਸ਼ਲੇਸ਼ਣ ਅਤੇ ਪੰਜਾਬੀ ਲੋਕ ਧਾਰਾ,' ਮਨਮੋਹਨ ਬਾਵਾ ਦਾ ਕਥਾ ਜਗਤ : ਮਿਥ, ਇਤਿਹਾਸ ਤੇ ਵਰਤਮਾਨ' ਅਤੇ ਫਾਸਟ ਹੌਰਸ ਐਂਡ ਫੋਰਸੀਅਸ ਰਿਵਰ ਮਿਰਜ਼ਾ ਸਾਹਿਬਾਂ ਦੀ ਗਾਥਾ ਦਾ ਅਧਿਐਨ ਕੀਤਾ।
14 ਸਤੰਬਰ 2020 ਨੂੰ ਪ੍ਰੋ. ਸਤਿੰਦਰ ਔਲਖ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਉਹਨਾਂ ਦੀ ਅੰਤਿਮ ਵਿਦਾਇਗੀ ਲਈ ਉਹਨਾਂ ਦੇ ਗ੍ਰਹਿ ਗਲੀ ਨੰਬਰ 3 ਲਾਭ ਨਗਰ, ਰਾਮ ਤੀਰਥ ਰੋਡ, ਅੰਮ੍ਰਿਤਸਰ ਤੋਂ ਕਾਫ਼ਲਾ ਚੱਲੇਗਾ। ਔਲਖ ਦੀ ਹਮਦਰਦੀ ਅਤੇ ਸ਼ੁੱਭ ਇਛਾਵਾਂ ਜਨਤਕ ਲੋਕ ਪੱਖੀ ਲਹਿਰ ਨਾਲ 1970 ਦੇ ਦੌਰ ਤੋਂ ਜੁੜੀਆਂ ਚਲੀਆਂ ਆ ਰਹੀਆਂ ਸਨ। ਉਹਨਾਂ ਨੇ ਹਮੇਸ਼ਾ ਡਾ਼ ਪਰਮਿੰਦਰ ਸਿੰਘ ਹੋਰਾਂ ਦੀਆਂ ਜਮਹੂਰੀ ਸਰਗਰਮੀਆਂ 'ਚ ਸੰਗ ਸਾਥ ਦਿੱਤਾ।
ਪ੍ਰੋ. ਸਤਿੰਦਰ ਔਲਖ (ਜੀਵਨਸਾਥੀ ਪ੍ਰੋ. ਪਰਮਿੰਦਰ ਸਿੰਘ ਸੂਬਾ ਸਕੱਤਰੇਤ ਮੈਂਬਰ ਜਮਹੂਰੀ ਅਧਿਕਾਰ ਸਭਾ ਪੰਜਾਬ) ਦੇ ਅਕਾਲ ਚਲਾਣੇ 'ਤੇ ਸਭਾ ਦੀ ਸੂਬਾ ਕਮੇਟੀ ਅਤੇ ਸਮੂਹ ਮੈਂਬਰਸ਼ਿਪ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 14 ਸਤੰਬਰ 2020 ਨੂੰ ਪ੍ਰੋ. ਸਤਿੰਦਰ ਔਲਖ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਬਾਬੂਸ਼ਾਹੀ ਨੈਟਵਰਕ ਅਤੇ ਤਿਰਛੀ ਨਜ਼ਰ ਮੀਡੀਆ ਦੇ ਸੰਪਾਦਕ ਬਲਜੀਤ ਬੱਲੀ ਨੇ ਡਾ ਸਤਿੰਦਰ ਔਲਖ ਦੇ ਬੇਵਕਤ ਵਿਛੋੜੇ ਤੇ ਬਹੁਤ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਡਾ ਪਰਮਿੰਦਰ ਸਿੰਘ ਅਤੇ ਬਾਕੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ .