ਅਮਰਜੀਤ ਗੁਰਦਾਸਪੁਰੀ ਨੇ ਪੌਣੀ ਸਦੀ ਲੋਕ ਸੰਗੀਤ ਤੇ ਸਮਾਜ ਲਈ ਲੋਕ ਧਰਮ ਨਿਭਾਇਆ - ਸਿੰਘ ਸਾਹਿਬ ਰਣਜੀਤ ਸਿੰਘ
ਬਟਾਲਾਃ 5 ਮਾਰਚ 2022 - ਪ੍ਰਸਿੱਧ ਪੰਜਾਬੀ ਲੋਕ ਗਾਇਕ ਤੇ ਇਪਟਾ ਲਹਿਰ ਦੇ ਬਾਨੀਆਂ ਚੋਂ ਮੁੱਢਲੇ ਮੈਂਬਰ ਅਮਰਜੀਤ ਗੁਰਦਾਸਪੁਰੀ ਦੇ ਸ਼ਰਧਾਂਜਲੀ ਸਮਾਗਮ ਨੂੰ ਉੱਦੋਵਾਲੀ ਕਲਾਂ ( ਗੁਰਦਾਸਪੁਰ) ਵਿਖੇ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਨੇ ਕਿਹਾ ਹੈ ਕਿ ਅਮਰਜੀਤ ਗੁਰਦਾਸਪੁਰੀ ਜੀ ਨੇ ਪੌਣੀ ਸਦੀ ਲੋਕ ਸੰਗੀਤ ਤੇ ਸਮਾਜ ਲਈ ਲੋਕ ਧਰਮ ਨਿਭਾਇਆ। ਉਹ ਕਮਿਉਨਿਸਟ ਵਿਚਾਰਧਾਰਾ ਦੇ ਨਾਲ ਨਾਲ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਦੇ ਵੀ ਪਾਂਧੀ ਸਨ। ਉਹ ਹਮੇਸ਼ਾਂ ਪੰਜਾਬ ਦੀ ਜਵਾਨੀ ਤੇ ਵਿਰਾਸਤ ਲਈ ਫ਼ਿਕਰਮੰਦ ਰਹੇ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਪੰਜਾਬ ਨੂੰ ਲੁਟੇਰਾ ਸ਼ਕਤੀਆਂ ਤੋਂ ਮੁਕਤ ਕਰਵਾਇਣ ਲਈ ਕੋਸ਼ਿਸ਼ਾਂ ਜਾਰੀ ਰੱਖੀਏ।
ਪੰਜਾਬ ਦੇ ਉਪ ਮੁੱਖ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਮੇਰੇ ਮਾਰਗ ਦਰਸ਼ਕ ਸਨ। ਹਰ ਕਦਮ ਤੇ ਅਗਵਾਈ ਦਿੰਦੇ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾਃ ਇਕਬਾਲ ਕੌਰ ਸੌਂਧ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਮੇਰੇ ਵੱਡੇ ਵੀਰ ਬਣ ਕੇ ਸਾਰੀ ਉਮਰ ਸਾਡੇ ਪਰਿਵਾਰ ਦੇ ਅੰਗ ਸੰਗ ਰਹੇ। ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਗੁਰਦਾਸਪੁਰੀ ਜੀ ਦੀਆਂ ਉਨ੍ਹਾਂ ਦੇ ਬਾਪ ਸਃ ਪਰਤਾਪ ਸਿੰਘ ਬਾਗੀ ਦੇ ਹਵਾਲੇ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਮੇਰੇ ਲਈ ਚਾਚਾ ਜੀ ਬਣ ਕੇ ਹੀ ਵਿਚਰੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ।
ਸੀ ਪੀ ਆਈ ਦੇ ਸਕੱਤਰ ਸਃ ਬੰਤ ਸਿੰਘ ਬਰਾੜ, ਇਪਟਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੰਜੀਵਨ ਸਿੰਘ,ਆਲਮੀ ਵਿਰਾਸਤੀ ਫਾਉਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ,ਪ੍ਰਸਿੱਧ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਤੇ ਗੁਰਮੀਤ ਸਿੰਘ ਬਾਜਵਾ ਕਲਾਨੌਰ ਨੇ ਵੀ ਅਮਰਜੀਤ ਗੁਰਦਾਸਪੁਰੀ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਗੁਰਦਾਸਪੁਰੀ ਜੀ ਨੂੰ ਚੇਤੇ ਕਰਦਿਆ ਆਪਣਾ ਵਡਪੁਰਖਾ ਦੱਸਿਆ ਜਿਸਨੇ ਉਂਗਲੀ ਫੜ ਕੇ ਸਾਨੂੰ ਸਾਹਿੱਤ ਸੱਭਿਆਚਾਰ ਦੇ ਵਿਕਾਸ ਮਾਰਗ ਤੇ ਤੋਰਿਆ। ਉਨ੍ਹਾਂ ਕਿਹਾ ਕਿ ਅਗਲੇ ਸਾਲ ਬਰਸੀ ਤੀਕ ਉਨ੍ਹਾਂ ਬਾਰੇ ਸਿਮਰਤੀ ਗਰੰਥ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਮਹੱਤਵਪੂਰਨ ਲੇਖਕਾਂ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਯਾਦ ਲਿਖਤਾਂ ਸ਼ਾਮਿਲ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਃ ਅਰਵਿੰਦ ਨੇ ਨਿੰਦਰ ਘੁਗਿਆਣਵੀ ਪਾਸੋਂ ਅਮਰਜੀਤ ਗੁਰਦਾਸਪੁਰੀ ਜੀਵਨ ਤੇ ਕਲਾ ਪੁਸਤਕ ਛਪਵਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਉੱਘੇ ਪੱਤਰਕਾਰ ਜਤਿੰਦਰ ਪੰਨੂ, ਸਃ ਗੁਰਪ੍ਰੀਤ ਸਿੰਘ ਤੂਰ ਡੀ ਆਈ ਜੀ ਪੰਜਾਬ, ਪਿਰਥੀਪਾਲ ਸਿੰਘ ਹੇਅਰ ਪ੍ਰਧਾਨ ਸੁਰਜੀਤ ਸਪੋਰਟਸ ਬਟਾਲਾ ਤੇ ਸਾਬਕਾ ਵੀ ਸੀ ਗੁਰੂ ਨਾਨਕ ਯੂਨੀਃ ਡਾਃ ਸ ਪ ਸਿੰਘ ਵੱਲੋਂ ਵੀ ਗੁਰਦਾਸਪੁਰੀ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਅਮਰਜੀਤ ਗੁਰਦਾਸਪੁਰੀ ਦੇ ਅਮਰੀਕਾ ਤੋਂ ਆਏ ਸਪੁੱਤਰ ਤੇਜ ਬਿਕਰਮ ਸਿੰਘ ਰੰਧਾਵਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਉੱਘੇ ਲੋਕ ਗਾਇਕ ਪੰਮੀ ਬਾਈ, ਜਸਵਿੰਦਰ ਸਿੰਘ ਸੁਨਾਮੀ, ਸੁਰਿੰਦਰ ਸਿੰਘ ਭਾਗੋਵਾਲੀਆ, ਬਲਦੇਵ ਸਿੰਘ ਰੰਧਾਵਾ, ਅਮਰੀਕ ਸਿੰਘ ਗਾਜ਼ੀਨੰਗਲ, ਰਛਪਾਲ ਰਸੀਲਾ ਤੇ ਮੋਹਿਨੀ ਰਸੀਲਾ, ਉਸਤਾਦ ਲਾਲ ਚੰਦ ਯਮਲਾ ਜੱਟ ਦੀ ਨੂੰਹ ਸਰਬਜੀਤ ਕੌਰ ਚਿਮਟੇਵਾਲੀ, ਹਰਪਾਲ ਠੱਠੇਵਾਲਾ, ਯੁਵਰਾਜ ਕਾਹਲੋਂ, ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ,ਦਿਲਬਾਗ ਸਿੰਘ ਭੱਟੀ ਖਤਰਾਏ ਕਲਾਂ, ਸਃ ਸਤਵੰਤ ਸਿਂਘ ਰੰਧਾਵਾ ਸਾਬਕਾ ਚੇਅਰਮੈਨ ਮਿਲਕਫੈੱਡ,ਕਾਮਰੇਡ ਗੁਲਜ਼ਾਰ ਸਿੰਘ ਬਸੰਤਕੋਟ, ਕਾਮਰੇਡ ਸੰਤੋਖ ਸਿੰਘ ਸੰਘੇੜਾ, ਉੱਘੇ ਲੇਖਕ ਦੇਵਿੰਦਰ ਦੀਦਾਰ, ਮੱਖਣ ਕੋਹਾੜ, ਜਤਿੰਦਰ ਭਨੋਟ.ਹਰਪਾਲ ਸਿੰਘ ਨਾਗਰਾ, ਰੋਜੀ ਸਿੰਘ, ਇੰਦਰਜੀਤ ਰੂਪੋਵਾਲੀ ਸਮੇਤ ਸਮਾਜ ਦੀਆਂ ਸਿਰਕੱਢ ਸ਼ਖਸੀਅਤਾਂ ਹਾਜ਼ਰ ਸਨ।