ਜਰਨੈਲ ਸਿੰਘ ਖਾਲਸਾ ਦੀ ਮੌਤ ‘ਤੇ ਬਾਬਾ ਬਲਬੀਰ ਸਿੰਘ ਅਕਾਲੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 14 ਮਈ 2021 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ੍ਰ. ਜਰਨੈਲ ਸਿੰਘ ਖਾਲਸਾ ਦੀ ਹੋਈ ਅਚਨਚੇਤੀ ਮੌਤ ‘ਤੇ ਗਹਿਰਾ ਦੁੱਖ ਪਰਗਟ ਕੀਤਾ ਹੈ।ਉਨ੍ਹਾਂ ਕਿਹਾ ਕਿ ਸਿੱਖੀ ਜਜਬੇ ਨਾਲ ਲਬਰੇਜ਼, ਉੱਘੇ ਪੱਤਰਕਾਰ, ਲੋਕਾਂ ਦੀ ਆਵਾਜ਼ ਦਾ ਮਾਸੀਹਾ, ਨੇਤਾ ਸ੍ਰ. ਜਰਨੈਲ ਸਿੰਘ ਖਾਲਸਾ ਦਿੱਲੀ ‘ਚ ਕਰੋਨਾ ਨਾਲ ਜੰਗ ਲੜਦਿਆਂ ਅਕਾਲ ਚਲਾਣਾ ਕਰ ਗਿਆ ਹੈ ਜਿਸ ਕਰਕੇ ਸਮਾਜ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਅਤੇ ਸੰਗੀ ਸਾਥੀਆਂ ਨਾਲ਼ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ੍ਰ. ਜਰਨੈਲ ਖਾਲਸਾ ਅੰਦਰ ਬਾਣੀ, ਬਾਣੇ ਅਤੇ ਲੋਕ ਭਲਾਈ ਕੰਮਾਂ ਲਈ ਪਿਆਰ ਹਮੇਸ਼ਾਂ ਉੱਮੜਦਾ ਸੀ।
ਜਰਨੈਲ ਸਿੰਘ ਵਲੋਂ ਆਪਣੇ ਜੀਵਨ ਕਾਲ ਵਿਚ ਨਿਭਾਈਆਂ ਲੋਕ ਭਲਾਈ ਹਿਤ ਸੇਵਾਵਾਂ ਹਮੇਸ਼ਾਂ ਯਾਦ ਕੀਤੀਆਂ ਜਾਂਦੀਆਂ ਰਹਿਣਗੀਆਂ।ਉਨ੍ਹਾਂ ਜਿਥੇ ਪੱਤਰਕਾਰੀ ਵਿਚ ਲਾਮਿਸਾਲ ਇਮਾਨਦਾਰੀ ਤੇ ਇਖਲਾਕੀ ਸਦਾਚਾਰੀ ਨਾਲ ਪਹਿਰਾ ਦਿੱਤਾ।ਉਵੇਂ ਹੀ ਉਸ ਨੇ ਇੱਕ ਰਾਜਨੀਤਕ ਪਾਰਟੀ ਦੇ ਪਲੇਟਫਾਰਮ ਤੋਂ ਲੋਕਾਂ ਦਾ ਨੁਮਾਇਦਾ ਬਣਕੇ ਚੰਗੀ ਅਗਵਾਈ ਕੀਤੀ। ਉਨ੍ਹਾਂ ਦੇ ਤੁਰ ਜਾਣ ਤੇ ਅਫਸੋਸ ਹੈ ਪਰ ਅਕਾਲ ਪੁਰਖ ਦਾ ਭਾਣਾ, ਇਸ ਨੂੰ ਕੋਈ ਟਾਲ ਨਹੀਂ ਸਕਦਾ।