ਹਰਦਮ ਮਾਨ
ਸਰੀ, 6 ਨਵੰਬਰ 2019 - ਕੈਨੇਡਾ ਦੇ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਵਲੋਂ ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਪਣੇ ਮਰਹੂਮ ਪਿਤਾ ਸ. ਪ੍ਰੀਤਮ ਸਿੰਘ ਬਾਸੀ ਦੀ ਯਾਦ ਵਿਚ 9 ਨਵੰਬਰ 2019, ਦਿਨ ਸ਼ਨਿਚਰਵਾਰ ਨੂੰ ਦੁਪਹਿਰ 3 ਵਜੇ ਪੰਜਾਬ ਭਵਨ (15435 – ਫਰੇਜ਼ਰ ਹਾਈਵੇਅ) ਸਰੀ ਵਿਖੇ ਛੇਵਾਂ ਸਾਹਿਤਕ ਪੁਰਸਕਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਦੱਸਿਆ ਹੈ ਕਿ ਇਸ ਸਮਾਗਮ ਵਿਚ ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ ਸਾਹਿਤਕ ਪੁਰਸਕਾਰ ਇਸ ਵਾਰ ਸਰੀ ਨਿਵਾਸੀ ਅਤੇ ਅਗਾਂਹਵਧੂ ਲੇਖਕ ਹਰਜੀਤ ਦੌਧਰੀਆ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਪੁਰਸਕਾਰ ਵਿਚ 1100 ਡਾਲਰ ਦੀ ਨਕਦ ਰਾਸ਼ੀ ਵੀ ਸ਼ਾਮਲ ਹੈ। ਇਹ ਐਵਾਰਡ ਹੁਣ ਤਕ ਵੱਖ ਵੱਖ ਦੇਸ਼ਾਂ ਦੇ ਪੰਜ ਪੰਜਾਬੀ ਲੇਖਕਾਂ ਨੂੰ ਪ੍ਰਦਾਨ ਕੀਤਾ ਜਾ ਚੁੱਕਾ ਹੈ।
ਇਸੇ ਸਮਾਗਮ ਵਿਚ ਗ਼ਜ਼ਲ ਉਸਤਾਦ ਸ਼ਾਇਰ ਜਨਾਬ ਨਦੀਮ ਪਰਮਾਰ ਦਾ ਗ਼ਜ਼ਲ ਸੰਗ੍ਰਹਿ ‘ਸ਼ਾਇਦ’ ਅਤੇ ਵਰਨਨ ਨਿਵਾਸੀ ਪੰਜਾਬੀ ਗ਼ਜ਼ਲਗੋ ਪਾਲ ਢਿੱਲੋਂ ਦਾ ਨਵਾਂ ਗ਼ਜ਼ਲ ਸੰਗ੍ਰਹਿ ‘ਮੰਜ਼ਲ ਦਾ ਤਰਜੁਮਾ’ ਲੋਕ ਅਰਪਨ ਕੀਤੇ ਜਾਣਗੇ। ਪ੍ਰਬੰਧਕਾਂ ਵੱਲੋਂ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਸਮੂਹ ਸਾਹਿਤਕ ਪ੍ਰੇਮੀਆਂ ਨੂੰ ਸੱਦਾ ਦਿੱਤਾ ਗਿਆ ਹੈ। ਸਮਾਗਮ ਸਬੰਧੀ ਹੋਰ ਜਾਣਕਾਰੀ ਲਈ ਮੰਗਾ ਸਿੰਘ ਬਾਸੀ +1 604 240 1095 ਅਤੇ ਜਰਨੈਲ ਸਿੰਘ ਸੇਖਾ +1 778 246 1087 ਨਾਲ ਸੰਪਰਕ ਕੀਤਾ ਜਾ ਸਕਦਾ ਹੈ।