ਫ਼ਰੀਦਕੋਟ, 12 ਅਕਤੂਬਰ, 2016 : ਇੱਥੋਂ ਦੇ ਪਿੰਡ ਅਰਾਈਆਂਵਾਲਾ ਕਲਾਂ ਦੇ ਜੰਮਪਲ ਗੀਤਕਾਰ ਤੇ ਨਿਰਦੇਸ਼ਕ ਗੁਰਚਰਨ ਵਿਰਕ (50) ਜਿੰਨ•ਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਪੀ.ਜੀ.ਆਈ. 'ਚ ਮੌਤ ਹੋ ਗਈ ਸੀ, ਦਾ ਅੱਜ ਇੱਥੋਂ ਦਸ ਕਿਲੋਮੀਟਰ ਦੂਰ ਉਹਨਾਂ ਦੇ ਜੱਦੀ ਪਿੰਡ ਅਰਾਈਆਂਵਾਲਾ ਕਲਾਂ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 1983 'ਚ ਗੀਤਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਗੁਰਚਰਨ ਵਿਰਕ ਨੇ 15 ਪੰਜਾਬੀ ਫਿਲਮਾਂ ਦੀ ਨਿਰਦੇਸ਼ਨਾ ਕੀਤੀ। ਜਿੰਨ•ਾਂ ਵਿੱਚ ਮੜ•ੀ ਦਾ ਦੀਵਾ, ਉਡੀਕਾਂ ਸਾਉਣ ਦੀਆਂ, ਫੌਜੀ ਦੀ ਫੈਮਿਲੀ, ਪੁਲੀਸ ਨਾਕਾ, ਮਾਵਾਂ ਦਾ ਦਿਲ, ਸਰਦਾਰੀ ਆਦਿ ਪ੍ਰਮੁੱਖ ਤੌਰ 'ਤੇ ਸ਼ਾਮਿਲ ਹਨ। ਇਸ ਤੋਂ ਇਲਾਵਾ ਗੁਰਚਰਨ ਵਿਰਕ ਨੇ ਸੀਰੀਅਲ ਅਤੇ ਸੰਗੀਤਕ ਐਲਬਮ ਅਤੇ ਡਾਕੂਮੈਂਟਰੀ ਫਿਲਮਾਂ ਦੀ ਵੀ ਨਿਰਦੇਸ਼ਨਾ ਕੀਤੀ। ਕਿਸਾਨ ਪਰਿਵਾਰ ਨਾਲ ਸੰਬੰਧਤ ਗੁਰਚਰਨ ਵਿਰਕ ਨੇ 200 ਤੋਂ ਵੱਧ ਪੰਜਾਬੀ ਗੀਤ ਲਿਖੇ ਜਿੰਨ•ਾਂ ਨੂੰ ਨਾਮਵਰ ਗਾਇਕ ਦਿਲਸ਼ਾਦ ਅਖ਼ਤਰ, ਪ੍ਰਗਟ ਭਾਗੂ, ਮਨਜੀਤ ਰੂਪੋਵਾਲੀਆ, ਰੁਪਿੰਦਰ ਹਾਂਡਾ ਅਤੇ ਪਰਮਿੰਦਰ ਸੰਧੂ ਨੇ ਗਾਇਆ।
ਪੰਜ ਭਰਾਵਾਂ 'ਚ ਸਭ ਤੋਂ ਛੋਟੇ ਗੁਰਚਰਨ ਵਿਰਕ ਨੇ ਬ੍ਰਜਿੰਦਰਾ ਕਾਲਜ ਫਰੀਦਕੋਟ ਤੋਂ ਗਰੈਜੁਏਸ਼ਨ ਕੀਤੀ। ਟੀ-ਸੀਰੀਜ਼, ਸੀ.ਐੱਮ.ਸੀ., ਫਾਈਨ ਟੋਨ ਅਤੇ ਅਨਮੋਲ ਸੰਗੀਤਕ ਕੰਪਨੀਆਂ ਨਾਲ ਕੰਮ ਕਰਦਿਆਂ ਉਸ ਨੇ ਦੋ ਹਿੰਦੀ ਫਿਲਮਾਂ, ਤਿੰਨ ਟੀ.ਵੀ. ਸੀਰੀਅਲ, 13 ਟੈਲੀਫਿਲਮਾਂ ਅਤੇ 15 ਪੰਜਾਬੀ ਫਿਲਮਾਂ ਨੂੰ ਦਰਸ਼ਕਾਂ ਦੀ ਝੋਲੀ ਪਾਇਆ। ਵਿਰਕ ਵੱਲੋਂ ਨਿਰਦੇਸ਼ਤ ਫਿਲਮ 'ਮੜ•ੀ ਦਾ ਦੀਵਾ' ਨੇ 1990 ਵਿੱਚ ਕੌਮੀ ਐਵਾਰਡ ਜਿੱਤਿਆ। ਵਿਰਕ ਦੇ ਵਿਛੋੜੇ 'ਤੇ ਬੋਲਦਿਆਂ ਲਖਵੀਰ ਸਿੰਘ ਅਰਾਈਆਂਵਾਲਾ, ਹਰਚਰਨ ਸਿੰਘ ਸੰਧੂ, ਮੰਗਲ ਸਿੰਘ ਅਤੇ ਉਸ ਦੇ ਨਾਲ ਪੜ•ੇ ਪਾਲੀ ਭੁਪਿੰਦਰ ਨੇ ਕਿਹਾ ਕਿ ਵਿਰਕ ਨੇ ਪਿੰਡ ਅਰਾਈਆਂਵਾਲਾ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦੁਆਈ। ਨਾਮਵਰ ਲੇਖਕ ਨਿੰਦਰ ਘੁਗਿਆਣੀ, ਗਾਇਕ ਹਰਿੰਦਰ ਸੰਧੂ, ਨਿਰਮਲ ਜੌੜਾ, ਗੁਰਦਿੱਤ ਸਿੰਘ ਸੇਖੋਂ, ਸਪਨ ਮਨਚੰਦਾ ਨੇ ਕਿਹਾ ਕਿ ਵਿਰਕ ਦੀ ਮੌਤ ਨਾਲ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਿੰਡ ਦੀ ਪੰਚਾਇਤ ਨੇ ਅੱਜ ਵਿਰਕ ਨੂੰ ਮਰਨ ਉਪਰੰਤ ਪਿੰਡ ਦਾ ਮਾਣ ਹੋਣ ਦਾ ਸਨਮਾਨ ਦਿੱਤਾ। ਇਸ ਮੌਕੇ ਇਲਾਕੇ ਦੀਆਂ ਰਾਜਨੀਤਿਕ, ਸਮਾਜਿਕ, ਪੰਜਾਬੀ ਫਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਸਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਉਹਨਾਂ ਨੂੰ ਸੇਜ਼ਲ ਅੱਖਾਂ ਨਾਲ ਵਧਾਇਗੀ ਦਿੱਤੀ।।