ਧਰਮ ਕੰਮੇਆਣਾ ਨੂੰ ਮਿਲੇਗਾ ਇਕਬਾਲ ਰਾਮੂਵਾਲੀਆ ਪੁਰਸਕਾਰ
ਚੰਡੀਗੜ੍ਹ, 27 ਦਸੰਬਰ 2022 - ਪੰਜਾਬੀ ਦੇ ਉਘੇ ਲੇਖਕ, ਗੀਤਕਾਰ ਤੇ ਸ਼ਾਇਰ ਧਰਮ ਕੰਮੇਆਣਾ ਨੂੰ ਮਰਹੂਮ ਲੇਖਕ ਸ਼੍ਰੀ ਇਕਬਾਲ ਰਾਮੂਵਾਲੀਆ ਦੀ ਯਾਦ ਵਿਚ ਉਨਾਂ ਦੇ ਪਰਿਵਾਰ ਵਲੋਂ ਸਥਾਪਿਤ ਕੀਤਾ ਗਿਆ ਪਹਿਲਾ ਯਾਦਗਾਰੀ ਪੁਰਸਕਾਰ ਜਨਵਰੀ ਮਹੀਨੇ ਇਕ ਸਾਹਿਤਕ ਸਮਾਗਮ ਵਿਚ ਭੇਟ ਕੀਤਾ ਜਾਏਗਾ। ਇਸ ਸਬੰਧੀ ਬਣਾਈ ਗਈ ਕਮੇਟੀ ਦੇ ਕਨਵੀਨਰ ਸ਼੍ਰੀ ਨਿੰਦਰ ਘੁਗਿਆਣਵੀ ਤੇ ਇਕਬਾਲ ਰਾਮੂਵਾਲੀਆ ਦੀ ਧਰਮ ਪਤਨੀ ਸੁਖਸਾਗਰ ਕੌਰ ਗਿੱਲ ਨੇ ਦੱਸਿਆ ਕਿ ਧਰਮ ਕੰਮੇਆਣਾ ਨੇ ਇਕੋ ਸਮੇਂ ਕਵਿਤਾ, ਗੀਤ, ਨਾਵਲ, ਜੀਵਨੀ ਤੇ ਬਾਲ ਸਾਹਿਤ ਨਾਲ ਸਬੰਧਤ ਪੁਸਤਕਾਂ ਦੀ ਰਚਨਾ ਕਰਕੇ ਆਪਣਾ ਨਾਂ ਸਾਹਿਤ ਜਗਤ ਵਿਚ ਸਥਾਪਿਤ ਕੀਤਾ ਤੇ ਭਾਸ਼ਾ ਵਿਭਾਗ ਪੰਜਾਬ ਵਿਚੋਂ ਸਹਾਇਕ ਡਾਇਰੈਕਟਰ ਸੇਵਾਮੁਕਤ ਹੋਏ ਹਨ। ਆਪ ਦੇ ਰਚੇ ਗੀਤ ਕਈ ਨਾਮਵਰ ਗਾਇਕਾਂ ਤੇ ਗਾਇਕਾਵਾਂ ਨੇ ਗਾਏ ਤੇ ਰਿਕਾਰਡ ਕਰਵਾਏ। ਸ਼੍ਰੀ ਘੁਗਿਆਣਵੀ ਅਨੁਸਾਰ ਕਰਵਾਏ ਜਾਣ ਵਾਲੇ ਸਮਾਗਮ ਵਿਚ ਇਕਬਾਲ ਰਾਮੂਵਾਲੀਆ ਤੇ ਕੰਮੇਆਣਾ ਦੀ ਸਾਹਿਤਕ ਦੇਣ ਬਾਬਤ ਵਿਦਵਾਨਾਂ ਵਲੋਂ ਚਰਚਾ ਵੀ ਕੀਤੀ ਜਾਵੇਗੀ ਤੇ ਜਲਦੀ ਹੀ ਸਮਾਗਮ ਦੀ ਤਾਰੀਕ ਐਲਾਨੀ ਜਾਵੇਗੀ।