ਗੁਰਭਜਨ ਗਿੱਲ
- ਪ੍ਰਿੰਸੀਪਲ ਹਰਮੀਤ ਕੌਰ ਨਮਿਤ ਅੰਤਿਮ ਅਰਦਾਸ ਸਮਾਗਮ 1 ਅਗਸਤ ਨੂੰ ਦੁਪਹਿਰੇ 1-2 ਵਜੇ ਤੀਕ ਬਾਬਾ ਗੁਰਮੁਖ ਸਿੰਘ ਹਾਲ, ਰਾਮਗੜ੍ਹੀਆ ਵਿਦਿਅਕ ਕੰਪਲੈਕਸ, ਮਿੱਲਰਗੰਜ, ਲੁਧਿਆਣਾ ਚ ਹੋਵੇਗਾ
- ਹਿੰਮਤ, ਸਪਸ਼ਟ ਨਿਸ਼ਚੇ ਤੇ ਸਿਰੜੀ ਸਮਰਪਣ ਦਾ ਨਾਮ ਸੀ ਪ੍ਰਿੰ: ਹਰਮੀਤ ਕੌਰ
ਲੁਧਿਆਣਾ, 31 ਜੁਲਾਈ, 2020 - ਹਿੰਮਤ,ਸਪਸ਼ਟ ਨਿਸ਼ਚੇ, ਵਿਸ਼ਵਾਸਯੋਗਤਾ, ਟੀਮ ਸਪਿਰਿਟ ਤੇ ਸਿਰੜੀ ਸਮਰਪਣ ਨੂੰ ਜੇ ਬਰਾਬਰ ਮਾਤਰਾ ਵਿੱਚ ਮਿਲਾਉਣ ਉਪਰੰਤ ਕੋਈ ਵਿਅਕਤੀ ਰੱਬ ਨੂੰ ਖ਼ੁਦ ਕਹਿ ਕੇ ਬਣਵਾਉਣਾ ਹੋਵੇ ਤਾਂ ਉਹ ਭੈਣ ਜੀ ਪ੍ਰਿੰਸੀਪਲ ਹਰਮੀਤ ਕੌਰ ਬਣਦੇ ਸਨ। ਉਨ੍ਹਾਂ ਨਾਲ ਹੈ ਤੋਂ ਸੀ ਦਾ ਸ਼ਬਦ ਜੋੜਦਿਆਂ ਕਿਵੇਂ ਦੱਸਾਂ ਕਿ ਕਿੰਨੀ ਵਾਰ ਜੀਣਾ ਮਰਨਾ ਪਿਆ ਹੈ। ਉਹ ਕਿਸੇ ਹੋਰ ਥਾਂ, ਹੋਰ ਮਾਪਿਆਂ ਦੇ ਘਰ, ਹੋਰ ਪਰਿਵਾਰਕ ਮਾਹੌਲ ਚ ਜੰਮੇ ਪਲੇ ਪਰ 1983 ਤੋਂ ਲੈ ਕੇ ਆਖ਼ਰੀ ਸਵਾਸਾਂ ਦੀ ਸਾਂਝ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਉਹ ਅਜਿਹੀ ਮਹਿਕਵੰਤੀ ਭੈਣ ਸੀ ਜਿਸਨੇ ਹਰ ਸਵਾਸ ਕੁਝ ਨਾ ਕੁਝ ਵੰਡਣ ਤੇ ਹੀ ਖ਼ਰਚਿਆ।
14 ਨਵੰਬਰ 1947 ਨੂੰ ਪੈਦਾ ਹੋਏ ਭੈਣ ਜੀ ਹਰਮੀਤ ਕੌਰ ਨੇ ਆਪਣੇ ਵੈਟਰਨਰੀ ਡਾਕਟਰ ਬਾਬਲ ਤੇ ਅਨੁਸ਼ਾਸਨਬੱਧ ਮਾਤਾ ਜੀ ਤੋਂ ਚੰਗੀ ਪਰਵਰਿਸ਼ ਪਾ ਕੇ ਆਪਣੇ ਪਰਿਵਾਰ ਦੇ ਨਾਲ ਨਾਲ ਸੰਸਾਰ ਨਾਲ ਵੀ ਜੀਵੰਤ ਰਿਸ਼ਤਾ ਜੋੜਿਆ।
ਸਿੱਖ ਨੈਸ਼ਨਲ ਕਾਲਿਜ ਬੰਗਾ ਤੇ ਰਾਮਗੜ੍ਹੀਆ ਕਾਲਿਜ ਫਗਵਾੜਾ ਚ ਪੜ੍ਹਾਉਂਦੇ ਰਹੇ ਅਧਿਆਪਕਾਂ ਡਾ: ਰਮੇਸ਼ ਇੰਦਰ ਕੌਰ ਬੱਲ ਤੇ ਪ੍ਰੋ: ਨਰਿੰਜਨ ਤਸਨੀਮ ਤੇ ਹੋਰਨਾਂ ਨੂੰ ਹਮੇਸ਼ਾਂ ਚੇਤਿਆਂ ਚ ਉੱਚੀ ਥਾਂ ਰੱਖਦੇ ਰਹੇ।
ਗੁਰੂ ਨਾਨਕ ਗਰਲਜ਼ ਕਾਲਿਜ ਲੁਧਿਆਣਾ ਤੇ ਗੁਰੂ ਨਾਨਕ ਭਾਈ ਲਾਲੋ ਕਾਲਿਜ ਫਗਵਾੜਾ ਚ 14 ਸਾਲ ਪੜ੍ਹਾਉਣ ਉਪਰੰਤ ਉਹ 15 ਜੁਲਾਈ 1983 ਤੋਂ ਨਵੰਬਰ 2007 ਤੀਕ ਰਾਮਗੜ੍ਹੀਆ ਗਰਲਜ਼ ਕਾਲਿਜ ਮਿੱਲਰਗੰਜ ਲੁਧਿਆਣਾ ਦੇ ਪ੍ਰਿੰਸੀਪਲ ਰਹੇ। ਕਾਲਿਜ ਨੂੰ ਬੜੇ ਡੂੰਘੇ ਸਰਬਪੱਖੀ ਸੰਕਟ ਵੇਲੇ ਉਨ੍ਹਾਂ ਵਾਗਡੋਰ ਸੰਭਾਲੀ ਸੀ। ਕਾਲਿਜ ਪ੍ਰਬੰਧਕ ਕਮੇਟੀ ਪ੍ਰਧਾਨ ਗਿਆਨੀ ਭਗਤ ਸਿੰਘ ਤੇ ਸ: ਜਗਤ ਸਿੰਘ(ਜੀ ਐੱਸ ਆਟੋ) ਤੋਂ ਇਲਾਵਾ ਸ: ਨਿਰਮਲ ਸਿੰਘ ਲੋਟੇ ਤੇ ਸ: ਗੁਰਦਿਆਲ ਸਿੰਘ ਮਣਕੂ ਧੀ ਵਾਂਗ ਸਤਿਕਾਰਦੇ। ਇਲਾਕੇ ਦੀਆਂ ਕਿਰਤੀ ਪਰਿਵਾਰਾਂ ਦੀਆਂ ਧੀਆਂ ਲਈ ਉਹ ਵੱਡੀ ਦਾਨਵੀਰ ਮਾਂ ਸਨ। ਇਲਾਕੇ ਦੇ ਉਦਯੋਗਪਤੀਆਂ, ਡਾ: ਇਕਬਾਲ ਦੇ ਬਾਬਾ ਦੀਪ ਸਿੰਘ ਟਰਸਟ ਤੋਂ ਇਲਾਵਾ ਉਹ ਸਟਾਫ਼ ਮੈਂਬਰਜ਼ ਨੂੰ ਵੀ ਪ੍ਰੇਰਨਾ ਦੇ ਕੇ ਬੱਚੀਆਂ ਦੀਆਂ ਫੀਸਾਂ, ਵਰਦੀਆਂ, ਪੈਰੀਂ ਪਾਉਣ ਲਈ ਸੁਖ ਸਹੂਲਤਾਂ ਮੁਹੱਈਆ ਕਰਵਾਉਂਦੇ।
ਵਿਦਿਆ ਦੀ ਸਰਵੋਤਮਤਾ ਤੋਂ ਇਲਾਵਾ ਸਹਿ ਵਿਦਿਅਕ ਸਰਗਰਮੀਆਂ ਨੂੰ ਨਾਲੋ ਨਾਲ ਤੋਰਨਾ, ਖੇਡ ਮੈਦਾਨ ਦੀ ਅਣਹੋਂਦ ਦੇ ਬਾਵਜੂਦ ਪੰਜਾਬ ਯੂਨੀਵਰਸਿਟੀ ਖੇਡ ਚੋਟੀਆਂ ਸਰ ਕਰਨਾ ਉਨ੍ਹਾਂ ਦਾ ਸ਼ੌਕ ਸੀ। ਉਹ ਹਰ ਮੈਦਾਨ ਫ਼ਤਹਿ ਵਰਗੀ ਸ਼ਖਸੀਅਤ ਸਨ। ਅਤਿਵਾਦ ਦੇ ਕਾਲ਼ੇ ਪਰਛਾਵਿਆਂ ਦੇ ਬਾਵਜੂਦ ਉਹ ਖ਼ਤਰੇ ਸਹੇੜ ਕੇ ਵੀ ਯੂਨੀਵਰਸਿਟੀ ਯੁਵਕ ਮੇਲੇ ਰਚਾਉਂਦੇ ਰਹੇ। ਰਾਮਗੜ੍ਹੀਆ ਗਰਲਜ਼ ਕਾਲਿਜ ਨੂੰ ਸੰਗੀਤ ਦਾ ਪ੍ਰਮੁੱਖ ਕੇਂਦਰ ਬਣਾਉਣਾ ਉਨ੍ਹਾਂ ਦਾ ਸੁਪਨਾ ਸੀ। ਉਸਤਾਦ ਜਸਵੰਤ ਭੰਵਰਾ, ਪੂਰਨ ਚੰਦ ਵਡਾਲੀ,ਕਰਮਪਾਲ ਸਿੰਘ ਢਿੱਲੋਂ , ਡਾ: ਕੇਸ਼ੋ ਰਾਮ ਸ਼ਰਮਾ, ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਡਾ: ਨਿਰਮਲ ਜੌੜਾ ਕਾਲਿਜ ਚ ਸੰਗੀਤ, ਥੀਏਟਰ ਤੇ ਲੋਕ ਸਾਜ਼ ਵਰਕਸ਼ਾਪਸ ਲਾ ਕੇ ਵਿਦਿਆਰਥੀਆਂ ਨੂੰ ਕਲਾ ਮਾਰਗ ਦੇ ਪਾਂਧੀ ਬਣਾਉਂਦੇ ਰਹੇ। ਮੈਨੂੰ ਮਾਣ ਹੈ ਕਿ ਅਗਸਤ 1983 ਤੋਂ ਲੈ ਕੇ ਨਵੰਬਰ 1993 ਤੀਕ ਮੇਰੀ ਸੁਰਗਵਾਸੀ ਜੀਵਨ ਸਾਥਣ ਪ੍ਰੋ: ਨਿਰਪਜੀਤ ਕੌਰ ਗਿੱਲ
ਭੈਣ ਜੀ ਹਰਮੀਤ ਨਾਲ ਇਸ ਕਾਲਿਜ ਦੀ ਸੇਵਾ ਨਿਭਾਉਂਦਿਆਂ ਨਿੱਕੀ ਭੈਣ ਦੇ ਵਾਂਗ ਨਿਭੀ। ਦੋਹਾਂ ਨੂੰ ਹੀ ਕੈਂਸਰ ਲੈ ਗਈ।
ਸਰਬ ਰੋਗ ਕਾ ਅਉਖਦਿ ਨਾਮ ਮਿਸ਼ਨ ਦੇ ਸੰਚਾਲਕ ਸ: ਹਰਦਿਆਲ ਸਿੰਘ ਆਈ ਏ ਐੱਸ ਉਨ੍ਹਾਂ ਦੇ ਜੀਵਨ ਸਾਥੀ ਡਾ: ਬਲਵੰਤ ਸਿੰਘ ਜੀ ਦੇ ਵੱਡੇ ਭਰਾਤਾ ਹਨ।
1987 ਚ ਸਰਬ ਰੋਗ ਕਾ ਅਉਖਦਿ ਨਾਮ ਮਿਸ਼ਨ ਦੀ ਲੁਧਿਆਣਾ ਚ ਇਕਾਈ ਸਥਾਪਤ ਹੋਈ ਤਾਂ ਸ: ਅਵਤਾਰ ਸਿੰਘ ਗਰੇਵਾਲ ਜੀ ਉਸ ਦੇ ਪ੍ਰਥਮ ਪ੍ਰਧਾਨ ਬਣੇ। ਅੱਜ ਤੀਕ ਇਹ ਮਿਸ਼ਨ ਲਹਿਰ ਬਣ ਕੇ ਸਿਰਫ਼ ਲੁਧਿਆਣਾ ਚ ਨਹੀਂ ਸਗੋਂ ਦੇਸ਼ ਬਦੇਸ਼ ਵਿੱਚ ਸੇਵਾ ਨਿਭਾ ਰਿਹਾ ਹੈ। ਭੈਣ ਜੀ ਹਰਮੀਤ ਇਸ ਸੰਸਥਾ ਵਿੱਚ ਚੁੱਪ ਚਾਪ ਸੇਵਾ ਕਰਦੇ ਕਰਦੇ ਤੁਰ ਗਏ।
ਜਾਣ ਤੋਂ ਦੋ ਕੁ ਹਫ਼ਤੇ ਪਹਿਲਾਂ ਮੇਰੇ ਨਾਲ ਮਿੱਠਾ ਜਿਹਾ ਲੜੇ, ਪੂਰੇ ਹੱਕ ਨਾਲ। ਆਖਣ ਲੱਗੇ! ਤੂੰ ਫੋਨ ਨਹੀਂ ਕਰਦਾ। ਹਫ਼ਤੇ ਬਾਦ ਲਗਾਤਾਰ ਗੱਲ ਕਰਨ ਤੇ ਸਮਝੌਤਾ ਹੋਇਆ ਪਰ ਅਗਲੇ ਹਫ਼ਤੇ ਜਦ ਉਨ੍ਹਾਂ ਫੋਨ ਨਾ ਚੁੱਕਿਆ ਤਾਂ ਮੈਂ ਵਟਸਐਪ ਤੇ ਸੁਨੇਹਾ ਛੱਡਿਆ ਕਿ ਬੇਟਾ ਪੁਨੀਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਣ ਗਿਆ ਹੈ। ਉਨ੍ਹਾਂ ਤਾਂ ਮੇਰੇ ਵੱਡੇ ਭੈਣ ਜੀ ਮਨਜੀਤ ਜਿੰਨਾ ਚਾਅ ਲੈਣਾ ਸੀ।
ਕੋਈ ਉੱਤਰ ਨਾ ਆਇਆ ਤੇ ਨਾ ਹੁੰਗਾਰਾ। ਮੇਰਾ ਮੱਥਾ ਠਣਕਿਆ! ਰੱਬਾ ਖ਼ੈਰ ਹੋਵੇ ਸਹੀ, ਡਾਕਟਰ ਬਲਵੰਤ ਸਿੰਘ ਦੀ ਸਿਹਤ ਠੀਕ ਨਹੀਂ ਸੀ! ਭੈਣ ਦੀ ਦਾ ਤਾਂ ਅਹਿਸਾਸ ਹੀ ਨਹੀਂ ਸੀ ਕਿ ਉਹ ਢਿੱਲੇ ਹੋ ਸਕਦੇ ਨੇ।
ਤੇ ਅਚਨਚੇਤ ਸ: ਰਣਜੋਧ ਸਿੰਘ ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦਾ ਭੈਣ ਜੀ ਹਰਮੀਤ ਸਬੰਧੀ ਲਿਖਤੀ ਸ਼ੋਕ ਸੁਨੇਹਾ ਪੁੱਜਾ। ਪੈਰਾਂ ਥੱਲਿਉਂ ਜ਼ਮੀਨ ਖ਼ਿਸਕ ਗਈ। ਹੈਂ ਇਹ ਕੀ ਭਾਣਾ ਵਰਤਿਆ?
ਪੰਜਾਬ ਯੂਨੀਵਰਸਿਟੀ ਸੈਨਿਟ, ਸਿੰਡੀਕੇਟ, ਸਪੋਰਟਸ ਕਮੇਟੀ ਸਮੇਤ ਅਨੇਕਾਂ ਕਮੇਟੀਆਂ ਦੇ ਉਹ ਰੂਹੇ ਰਵਾਂ ਰਹੇ। ਕਈ ਕਾਲਿਜ ਪ੍ਰਬੰਧਕ ਕਮੇਟੀਆਂ ਦੇ ਨਾਮਜ਼ਦ ਮੈਂਬਰ ਸਨ। 2007 ਤੋਂ ਬਾਅਦ ਭਾਵੇਂ ਉਹ ਵਧੇਰੇ ਆਪਣੀ ਇਕਲੌਤੀ ਬੇਟੀ ਇੰਜ: ਗਗਨਦੀਪ ਕੌਰ ਕਾਰਨ ਕੈਨੇਡਾ ਤੇ ਅਮਰੀਕਾ ਚ ਰਹਿੰਦੇ ਸਨ ਪਰ ਰੂਹ ਪੰਜਾਬ ਚ ਹੀ ਰਹਿੰਦੀ। ਰਾਮਗੜ੍ਹੀਆ ਗਰਲਜ਼ ਕਾਲਿਜ ਦੇ ਇੱਕ ਇੱਕ ਬੂਟੇ, ਹਰ ਇੱਟ ਦਾ ਫ਼ਿਕਰ ਤੇ ਜ਼ਿਕਰ ਮਰਦੇ ਦਮ ਤੀਕ ਕਰਦੇ ਰਹੇ। ਅਰਦਾਸ ਤੇ ਵਿਸ਼ਵਾਸ ਦੀ ਨੀਂਹ ਤੇ ਉੱਸਰੇ ਆਤਮ ਬਲ ਦਾ ਨਾਮ ਸੀ ਭੈਣ ਜੀ ਹਰਮੀਤ ਕੌਰ। ਚੌਵੀ ਸਾਲ ਕਿਸੇ ਵਿਦਿਅਕ ਸੰਸਥਾ ਦਾ ਮੁਖੀ ਰਹਿ ਕੇ ਬੇਦਾਗ਼ ਸੇਵਾ ਮੁਕਤ ਹੋ ਕੇ ਵੀ ਨਿਸ਼ਕਾਮ ਸੇਵਾ ਯੁਕਤ ਰਹਿਣਾ ਕੋਈ ਭੈਣ ਜੀ ਹਰਮੀਤ ਤੋਂ ਸਿੱਖੇ। ਆਪਣੇ ਪੇਕੇ ਸਹੁਰੇ ਪਰਿਵਾਰ ਦੀ ਪਰਵਰਿਸ਼ ਤੇ ਦੇਖ ਰੇਖ ਸਾਰੇ ਕਰਦੇ ਹੋਣਗੇ ਪਰ ਚਾਅ ਲੈਣ ਵਾਲੇ ਭੈਣ ਜੀ ਹਰਮੀਤ ਹੀ ਸਨ। ਮੈਨੂੰ ਯਾਦ ਹੈ ਜਦ ਸ: ਹਰਦਿਆਲ ਸਿੰਘ ਜੀ ਆਈ ਏ ਐੱਸ ਦੀ ਬੇਟੀ ਰਵਨੀਤ ਆਈ ਏ ਐੱਸ ਬਣੀ ਤਾਂ ਸਭ ਤੋਂ ਪਹਿਲਾਂ ਲੁੰਧਿਆਣਿਉਂ ਲੱਡੂ ਲੈ ਕੇ ਭੈਣ ਜੀ ਹੀ ਚੰਡੀਗੜ੍ਹ ਪੁੱਜੇ। ਮੈਨੂੰ ਤਾਂ ਚੇਤੇ ਹੈ ਕਿਉਂ ਕਿ ਮੈਂ ਵੀ ਨਾਲ ਹੀ ਸਾਂ।
ਆਪਣੇ ਕਾਲਿਜ ਦੇ ਸੇਵਾਦਾਰ ਪਰਿਵਾਰਾਂ ਦੇ ਬੱਚਿਆਂ ਤੋਂ ਲੈ ਕੇ ਅਧਿਆਪਕ ਸਾਹਿਬਾਨ ਤੇ ਕਰਮਚਾਰੀਆਂ ਦੇ ਬੱਚਿਆਂ ਦਾ ਆਪਣੀ ਧੀ ਗਗਨਦੀਪ ਵਾਂਗ ਹੀ ਧਿਆਨ ਰੱਖਦੇ ਸਨ।
ਉਨ੍ਹਾਂ ਦੀ ਅੰਤਿਮ ਅਰਦਾਸ ਤਾਂ ਭਾਵੇਂ ਪਹਿਲੀ ਅਗਸਤ ਨੂੰ ਬਾਬਾ ਗੁਰਮੁਖ ਸਿੰਘ ਹਾਲ, ਰਾਮਗੜ੍ਹੀਆ ਵਿਦਿਅਕ ਕੰਪਲੈਕਸ ਮਿੱਲਰਗੰਜ ਲੁਧਿਆਣਾ ਵਿਖੇ ਦੁਪਹਿਰ ਇੱਕ ਤੋਂ ਦੋ ਵਜੇ ਤੀਕ ਹੋਵੇਗੀ ਪਰ ਚੇਤਿਆਂ ਚੋਂ ਕੱਢ ਸਕਣਾ ਮੁਹਾਲ ਹੋਵੇਗਾ। ਪ੍ਰੋ: ਮੋਹਨ ਸਿੰਘ ਦੇ ਬੋਲ ਚੇਤੇ ਆ ਰਹੇ ਨੇ।
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਕਰਮਯੋਗੀ, ਨਿਸ਼ਚੇ ਕਰ ਆਪਣੀ ਜੀਤ ਕਰੂੰ ਦੀ ਵਿਸ਼ਵਾਸਣ, ਸਿਰੜ ਸਿਆਣਪ,ਸਾਦਗੀ ਸਮੂਰਤ ਵੱਡੀ ਭੈਣ ਪ੍ਰਿੰਸੀਪਲ ਹਰਮੀਤ ਕੌਰ ਜੀ ਦੇ ਵਿਛੋੜੇ ਤੇ ਰਣਜੋਧ ਦਾ ਸੁਨੇਹਾ ਮਿਲਣ ਤੇ ਅੱਥਰੂ ਅੱਥਰੂ ਹੋ ਕੇ ਹੀ ਕਿਹਾ ਸੀ।
ਦਿਨ ਚੜ੍ਹਦੇ ਦੱਸ ਆਹ ਕੀ ਹੋਇਆ,ਧਰਤ ਵੈਰਾਗਣ ਹੋਈ।
ਉਹ ਹੱਥ ਸਾਥੋਂ ਦੂਰ ਤੁਰ ਗਿਆ, ਵੰਡਦਾ ਸੀ ਜੋ ਖ਼ੁਸ਼ਬੋਈ।
ਕਿੰਜ ਮੈਂ ਮੂੰਹੋਂ ਕਹਾਂ ਅਲਵਿਦਾ,ਜਦ ਸੋਚਾਂ ਗਸ਼ ਪੈਂਦੇ,
ਸਿਰ ਤੋਂ ਪੈਰਾਂ ਤੀਕ ਮੁਹੱਬਤ, ਵੇਖੀ ਨਾ ਜਾਵੇ ਮੋਈ।