ਰਾਏਕੋਟ/ਲੁਧਿਆਣਾ 13 ਮਾਰਚ 2019- ਕੈਨੇਡਾ ਦੇ ਸ਼ਹਿਰ ਸਰੀ ਵੱਸਦੇ ਪੰਜਾਬੀ ਕਵੀ ਮੋਹਨ ਗਿੱਲ, ਗੀਤਕਾਰ ਤੇ ਫਿਲਮ ਨਿਰਮਾਤਾ ਇੰਦਾ ਰਾਏਕੋਟੀ, ਪੰਜਾਬੀ ਕਵੀ ਹਰੀ ਸਿੰਘ ਤਾਤਲਾ ਤੇ ਫ਼ਕੀਰ ਚੰਦ ਸ਼ਰਮਾ ਨੇ ਅੱਜ ਪੰਜਾਬ ਦੇ ਆਖਰੀ ਪ੍ਰਭੂਸੱਤਾ ਸੰਪੰਨ ਮਹਾਰਾਜਾ ਦਲੀਪ ਸਿੰਘ ਸਪੁੱਤਰ ਮਹਾਰਾਜਾ ਰਣਜੀਤ ਸਿੰਘ ਦੀ ਜਲਾਵਤਨੀ ਤੋਂ ਪਹਿਲਾਂ ਆਖਰੀ ਰਾਤ ਕੱਟਣ ਦੇ ਸਥਾਨ ਬੱਸੀਆਂ ਕੋਠੀ ਰਾਏਕੋਟ (ਲੁਧਿਆਣਾ) ਦਾ ਦੌਰਾ ਕੀਤਾ। ਇਸ ਇਤਿਹਾਸਕ ਕੋਠੀ ਦੀ ਪੁਨਰ ਸੁਰਜੀਤੀ 2014 ਚ ਸੰਪੂਰਨ ਹੋਣ ਉਪਰੰਤ ਹੁਣ ਇਹ ਦੇਸ਼ ਬਦੇਸ਼ ਵੱਸਦੇ ਭਾਰਤੀ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ(ਰਜਿ:) ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰਧਾਨ ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ, ਸ: ਅਮਨਦੀਪ ਸਿੰਘ ਗਿੱਲ, ਸਾਬਕਾ ਪ੍ਰਧਾਨ ਨਗਰ ਪਾਲਿਕਾ ਰਾਏਕੋਟ ਤੇ ਸ: ਪਰਮਿੰਦਰ ਸਿੰਘ ਜੱਟਪੁਰੀ ਦੀ ਅਗਵਾਈ ਹੇਠ ਇਹ ਮੁੜ ਸੁਰਜੀਤੀ ਸੇਵਾ ਪੰਜਾਬ ਸਰਕਾਰ ਨੇ ਇਨਟੈਕ ਪਾਸੋਂ ਕਰਵਾਈ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ 5 ਕਰੋੜ 80 ਲੱਖ ਦੀ ਲਾਗਤ ਨਾਲ ਇਹ ਕਾਰਜ ਸੰਪੂਰਨ ਕਰਵਾਇਆ।
ਬੱਸੀਆਂ ਸਥਿਤ ਮਹਾਰਜਾ ਦਲੀਪ ਸਿੰਘ ਯਾਦਗਾਰ ਵਿੱਚ ਪਈ ਇਤਿਹਾਸਕ ਨਮੂਨਾ ਸਮੱਗਰੀ ਵੇਖਣ ਵਾਚਣ ਤੇ ਕੁਝ ਸਮਾਂ ਗੁਜ਼ਾਰਨ ਉਪਰੰਤ ਮੋਹਨ ਗਿੱਲ ਨੇ ਕਿਹਾ ਕਿ ਇਸ ਸਥਾਨ ਦੀ ਮਹਿਮਾ ਤਾਂ ਬਹੁਤ ਸੁਣੀ ਸੀ ਪਰ ਅੱਜ ਅੱਖੀਂ ਵੇਖ ਤੇ ਕਹਿ ਸਕਦਾ ਹਾਂ ਕਿ ਇਹ ਯਾਦਗਾਰ ਸਾਨੂੰ ਗੁਆਚੀ ਪੱਗ ਤੇ ਤਾਜ ਦੀ ਯਾਦ ਦਿਵਾਉਂਦੀ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਰਾਏਕੋਟ ਦੇ ਸਰਬਪੱਖੀ ਵਿਕਾਸ ਲਈ ਇਸ ਮਹਾਨ ਯਾਦਗਾਰ ਦੇ ਨੇੜੇ ਕੁਝ ਵਿਦਿਅਕ ਅਦਾਰੇ ਸਥਾਪਿਤ ਕੀਤੇ ਜਾਣ ਤਾਂ ਜੋ ਇਸ ਇਲਾਕੇ ਦਾ ਨਿਰੰਤਰ ਵਿਕਾਸ ਹੋ ਸਕੇ।
ਬਦੇਸ਼ ਤੋਂ ਆਏ ਇਸ ਵਫਦ ਨੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਵੀ ਦਰਸ਼ਨ ਕੀਤੇ ਅਤੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਸ਼ਵਾਸਪਾਤਰ ਰਾਏ ਕੱਲ੍ਹਾ ਜੀ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਇੱਛਾ ਪ੍ਰਗਟ ਕੀਤੀ ਕਿ ਰਾਏਕੋਟ ਵਿੱਚ ਬਣਨ ਵਾਲਾ ਪ੍ਰਸਤਾਵਿਤ ਗੌਰਮਿੰਟ ਕਾਲਿਜ ਰਾਏ ਕੱਲ੍ਹਾ ਜੀ ਦੇ ਨਾਮ ਤੇ ਬਣਨਾ ਚਾਹੀਦਾ ਹੈ ਕਿਉਂਕਿ ਦਸਮੇਸ਼ ਪਿਤਾ ਜੀ ਤੇ ਸੰਕਟ ਦੀ ਘੜੀ ਸੂਰਮਗਤੀ ਨਾਲ ਰਾਏਕੋਟ ਰਿਆਸਤ ਦੇ ਮਾਲਕ ਰਾਏ ਕੱਲ੍ਹਾ ਜੀ ਖਤਰਾ ਸਹੇੜ ਕੇ ਵੱਡੇ ਸਹਿਯੋਗੀ ਬਣੇ ਸਨ ਅਤੇ ਗੰਗਾ ਸਾਗਰ ਦੀ ਦਾਤ ਬਖ਼ਸ਼ੀ ਜੀ ਜੋ ਵਰਤਮਾਨ ਸਮੇਂ ਰਾਏ ਅਜ਼ੀਜ਼ ਉਲਾ ਸਾਹਿਬ ਸਾਬਕਾ ਐੱਮ ਪੀ ਪਾਕਿਸਤਾਨ ਰਾਹੀਂ ਸਰੀ ਕੈਨੇਡਾ ਚ ਸੰਭਾਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕੌਮ ਵੱਲੋਂ ਇਹ ਵੇਲਾ ਰਾਏ ਕੱਲ੍ਹਾ ਜੀ ਵੱਲੋਂ ਚਾੜ੍ਹਿਆ ਤਿੰਨ ਸਦੀਆਂ ਪੁਰਾਣਾ ਕਰਜ਼ ਮੋੜਨ ਦਾ ਹੈ।
ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਵੱਲੋਂ ਜਨਰਲ ਸਕੱਤਰ ਅਮਨਦੀਪ ਸਿੰਘ ਗਿੱਲ ਨੇ ਮੋਹਨ ਗਿੱਲ ਤੇ ਫ਼ਕੀਰ ਚੰਦ ਸ਼ਰਮਾ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਰਾਏਕੋਟ ਇਲਾਕੇ ਦੇ ਵਿਕਾਸ ਲਈ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਲਗਾਤਾਰ ਯਤਨਸ਼ੀਲ ਹੈ ਅਤੇ ਪਰਵਾਸੀ ਭਾਰਤੀਆਂ ਦੀ ਭਾਵਨਾ ਵੀ ਸਰਕਾਰ ਤੀਕ ਪਹੁੰਚਾਈ ਜਾਵੇਗੀ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ
https://www.facebook.com/BabushahiDotCom/videos/766277440420784/