ਕੁਲਵੰਤ ਸਿੰਘ ਵਿਰਕ ਦੇ ਜਨਮ ਦਿਨ ਮੌਕੇ ਚੰਨੀ ਵਲੋਂ ਲੇਖਕਾਂ ਨੂੰ ਵਧਾਈ - ਡਾ ਪਾਤਰ ਨੇ ਵੀ ਯਾਦ ਕੀਤਾ
ਚੰਡੀਗੜ੍ਹ 20 ਮਈ 2021 : ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਸ੍ਰ ਕੁਲਵੰਤ ਸਿੰਘ ਵਿਰਕ ਦੇ ਜਨਮ ਦਿਨ ਮੌਕੇ ਪੰਜਾਬ ਦੇ ਲੇਖਕਾਂ ਤੇ ਪਾਠਕਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਸ੍ਰ ਵਿਰਕ ਦੀਆਂ ਕਹਾਣੀਆਂ ਅਜ ਵੀ ਪਾਠਕਾਂ ਵਿਚ ਹਰਮਨ ਪਿਆਰੀਆਂ ਹਨ। ਸ੍ਰ ਚੰਨੀ ਨੇ ਕਿਹਾ ਕਿ ਵਿਰਕ ਵਰਗੇ ਕਲਮਕਾਰ ਹਮੇਸ਼ਾ ਜਿਊਂਦੇ ਹਨ
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵਿਰਕ ਨੂੰ ਚੇਤੇ ਕਰਦਿਆਂ ਕਿਹਾ ਕਿ ਵਿਰਕ ਦੀ ਕਹਾਣੀ ਕਲਾ ਦਾ ਪਾਠਕ ਜਗਤ ਨੇ ਪੂਰਾ ਮੁੱਲ ਪਾਇਆ। ਉਨਾ ਦੀਆਂ ਕਹਾਣੀਆਂ ਉਤੇ ਫਿਲਮਾਂ ਵੀ ਬਣੀਆਂ ਤੇ ਉਚ ਪੱਧਰੀ ਖੋਜ ਕਾਰਜ ਵੀ ਹੋਏ। ਡਾ ਪਾਤਰ ਨੇ ਕਿਹਾ ਇਹ ਲਗਦਾ ਹੀ ਨਹੀਂ ਕਿ ਸ੍ਰ ਵਿਰਕ ਸਾਡੇ ਵਿਚਕਾਰ ਨਹੀਂ। ਉਹ ਹਮੇਸ਼ਾ ਸਾਡੇ ਨਾਲ ਹਨ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ " ਧਰਤੀ ਹੇਠਲਾ ਬੌਲਦ" ਜਿਹੀ ਅਮਰ ਕਹਾਣੀ ਲਿਖਣਾ ਸ੍ਰ ਵਿਰਕ ਦੇ ਭਾਗਾਂ ਵਿੱਚ ਆਇਆ। ਉਨਾ "ਛਾਹ ਵੇਲਾ", "ਧਰਤੀ ਤੇ ਅਕਾਸ਼","ਤੂੜੀ ਦੀ ਪੰਡ" ਤੇ "ਦੁੱਧ ਦਾ ਛੱਪੜ" ਕਹਾਣੀਆਂ ਲਿਖਕੇ ਪੰਜਾਬੀ ਪਾਠਕਾਂ ਦੇ ਮਨਾਂ ਉਤੇ ਰਾਜ ਕੀਤਾ। ਡਾ ਯੋਗਰਾਜ ਨੇ ਕਿਹਾ ਕਿ ਵਿਰਕ ਦੀਆਂ ਕਹਾਣੀਆਂ ਜਪਾਨੀ ਤੇ ਰੂਸੀ ਵਿਚ ਵੀ ਅਨੁਵਾਦ ਹੋਈਆਂ।
ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਸ੍ਰ ਵਿਰਕ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨਾ ਦਾ ਜਨਮ 20 ਮਈ 1921 ਨੂੰ ਪਿਤਾ ਆਸਾ ਸਿੰਘ ਵਿਰਕ ਦੇ ਘਰ ਮਾਤਾ ਈਸ਼ਰ ਕੌਰ ਦੀ ਕੁਖੋਂ ਹੋਇਆ ਸੀ ਤੇ 24 ਦਸੰਬਰ 1987 ਨੂੰ ਉਹ ਵਿਛੜ ਗਏ। ਅਜ ਉਨਾ ਦੀ ਸੌ ਸਾਲਾ ਜਨਮ ਸ਼ਤਾਬਦੀ ਹੈ। ਉਨਾ ਦੇ ਪਰਿਵਾਰ ਤੇ ਪਾਠਕ ਜਗਤ ਨੂੰ ਕਲਾ ਪਰਿਸ਼ਦ ਮੁਬਾਰਕਬਾਦ ਪੇਸ਼ ਕਰਦੀ ਹੈ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਆਖਿਆ ਕਿ 1968 ਵਿਚ ਸ੍ਰ ਵਿਰਕ ਦੇ ਕਹਾਣੀ ਸੰਗ੍ਰਹਿ " ਨਵੇਂ ਲੋਕ" ਉਤੇ ਮਿਲਿਆ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਇਸ ਗਲ ਦਾ ਪ੍ਰਮਾਣ ਹੈ ਕਿ ਸ੍ਰ ਵਿਰਕ ਦੀਆਂ ਕਹਾਣੀਆਂ ਦੇ ਪਾਤਰ ਜਿੰਦਾਦਿਲ, ਜੂਝਣ ਵਾਲੇ ਤੇ ਸਮਾਜਿਕ ਸੂਝ ਦੇ ਧਾਰਨੀ ਸਨ। ਅਜ ਉਨਾ ਦੇ ਜਨਮ ਦਿਨ ਮੌਕੇ ਕਲਾ ਪਰਿਸ਼ਦ ਦੇ ਨਾਲ ਨਾਲ ਸਾਹਿਤ ਜਗਤ ਵਲੋਂ ਉਨਾ ਨੂੰ ਚੇਤੇ ਕੀਤਾ ਜਾ ਰਿਹਾ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।