ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਤੇ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਰਜਾ ਲੇਖਕਾਂ ਦੇ ਰੂਬਰੂ
ਅਸ਼ੋਕ ਵਰਮਾ
ਬਠਿੰਡਾ,17ਮਈ2022: ਪੰਜਾਬੀ ਸਾਹਿਤ ਸਭਾ- ਗੋਨਿਆਣਾ ਮੰਡੀ ਵੱਲੋਂ ਸਮਰੱਥ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਅਤੇ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਰਜਾ ਨਾਲ ਰੂਬਰੂ ਪ੍ਰੋਗਰਾਮ ਕਰਾਇਆ ਗਿਆ । ਮੀਟਿੰਗ ਦੇ ਆਰੰਭ ‘ਚ ਸਭਾ ਦੇ ਪ੍ਰਧਾਨ ਅਮਰਜੀਤ ਜਨਾਗਲ ਨੇ ਮਹਿਮਾਨ ਸ਼ਾਇਰਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਜਸਵੀਰ ਆਕਲੀਆ ਨੇ ਦੋਵਾਂ ਸ਼ਖਸੀਅਤਾਂ ਨਾਲ ਜਾਣ ਪਛਾਣ ਕਰਾਉਂਦਿਆਂ ਸੁਰਿੰਦਰਪ੍ਰੀਤ ਘਣੀਆ ਨੂੰ ਹਾਜ਼ਰੀਨ ਦੇ ਰੂਬਰੂ ਕੀਤਾ।
ਸੁਰਿੰਦਰਪ੍ਰੀਤ ਘਣੀਆਂ ਨੇ ਇਸ ਮੌਕੇ ਆਪਣੀ ਸਿਰਜਣ ਪ੍ਰਕਿਰਿਆ ਦੇ ਨਿਕਾਸ ਅਤੇ ਵਿਕਾਸ ਬਾਰੇ ਬੋਲਦਿਆਂ ਕਿਹਾ ਕਿ ਉਸ ਨੇ ਆਪਣੀ ਪਹਿਲੀ ਰਚਨਾ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਲਿਖੀ ਸੀ। ਉਨ੍ਹਾਂ ਇਸ ਮੌਕੇ ਆਪਣੇ ਨਵ ਪ੍ਰਕਾਸ਼ਤ ਗ਼ਜ਼ਲ ਸੰਗ੍ਰਹਿ ‘ਟੂੰਮਾਂ‘ ਵਿਚੋਂ ਚੋਣਵੀਆਂ ਗ਼ਜ਼ਲਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ। ਭੂਰਾ ਸਿੰਘ ਮਹਿਮਾ ਸਰਜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਸਾਹਿਤ ਲਈ ਵੀ ਬੜੀ ਜ਼ਰਖੇਜ਼ ਧਰਤੀ ਹੈ। ਉਨ੍ਹਾਂ ਦੱਸਿਆ ਕਿ ਦੁਨੀਆਂ ਦੀ ਪਹਿਲੀ ਪੁਸਤਕ ਰਿਗਵੇਦ ਪੰਜਾਬ ਦੀ ਧਰਤੀ ਰਚਿਆ ਗਿਆ।
ਉਨ੍ਹਾਂ ਹਾਜ਼ਰੀਨ ਨੂੰ ਜਿੰਦਗੀ ਪ੍ਰਤੀ ਤਰਕਸ਼ੀਲ ਨਜ਼ਰੀਆ ਅਪਨਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਭਾ ਦੇ ਮੈਂਬਰ ਲੇਖਕਾਂ ਡਾ. ਗੁਰਚਰਨ ਸਿੰਘ, ਕਿਰਪਾਲ ਸਿੰਘ, ਬਲਰਾਜ ਸਿੰਘ ਸਰਾਂ,ਹਰਬੰਸ ਸਿੰਘ ਸਰਾਂ, ਸੁਖਮੰਦਰ ਸਿੰਘ ਬਰਾੜ, ਦਰਸ਼ਨ ਸਿੰਘ, ਮਲਕੀਤ ਘੜੀਸਾਜ਼, ਨਿਰਵੈਰ ਸਿੰਘ ਆਕਲੀਆ ਆਦਿ ਨੇ ਸਾਹਿਤ ਸਮਾਜ, ਧਰਮ, ਰਾਜਨੀਤੀ ਆਦਿ ਨਾਲ ਸਬੰਧਤ ਪ੍ਰਸ਼ਨ ਵੀ ਪੁੱਛੇ ਜਿਨ੍ਹਾਂ ਦੇ ਦੋਵਾਂ ਨੇ ਭਾਵ ਪੂਰਤ ਉੱਤਰ ਦਿੱਤੇ। ਇਸ ਮੌਕੇ ਸ਼ਖਸੀਅਤਾਂ ਦਾ ਲੋਈਆਂ ਅਤੇ ਕਿਤਾਬਾਂ ਦੇ ਸੈੱਟ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਾਮਰੇਡ ਅਮੀ ਲਾਲ, ਬੂਟਾ ਸਿੰਘ ,ਜਸਵੀਰ ਸਿੰਘ ਨਿੱਕੀ ਆਦਿ ਪਾਠਕ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਜਵਾਹਰ ਸਿੰਘ ਖਾਲਸਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ।