ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਨੂੰ ਭੁੱਲੇ ਬਟਾਲਾ ਵਾਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ, ਕਿਤੇ ਕੋਈ ਸਮਾਗਮ ਨਹੀਂ ਕਰਵਾਇਆ
- ਬਟਾਲਾ ਨੂੰ ਦੁਨੀਆ ਵਿਚ ਮਸ਼ਹੂਰ ਕਰਨ ਵਾਲੇ ਸ਼ਾਇਰ "ਬਿਰਹਾ ਦੇ ਸੁਲਤਾਨ" ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਭੁੱਲੇ ਬਟਾਲਾ ਵਾਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ
- ਯਾਦ ਵਿੱਚ ਕਿਤੇ ਕੋਈ ਸਮਾਗਮ ਨਹੀਂ ਕਰਵਾਇਆ ਗਿਆ
- ਸ਼ਿਵ ਬਟਾਲਵੀ ਦੀ ਯਾਦ ਵਿਚ ਬਣੇ ਸ਼ਿਵ ਆਡੀਟੋਰੀਅਮ ਵਿੱਚ ਸ਼ਾਮ ਤੱਕ ਨਜਰ ਆਏ ਤਾਲੇ ਲੱਗੇ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 23 ਜੁਲਾਈ 2022 - ਬਿਰਹਾ ਦੇ ਸੁਲਤਾਨ ਅਤੇ ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਲੋਂ ਓਹਨਾ ਦੇ ਜਨਮ ਦਿਵਸ ਤੇ ਅਣਗੌਲਿਆ ਕਰ ਦਿਤਾ ਗਿਆ,,,, 23 ਜੁਲਾਈ ਨੂੰ ਉਨ੍ਹਾਂ ਦੇ ਜਨਮ ਦਿਨ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਉਨ੍ਹਾਂ ਦੇ ਜਨਮ ਦਿਨ 'ਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਓਹਨਾ ਦੀ ਯਾਦ ਵਿਚ ਕੋਈ ਸਮਾਗਮ ਨਹੀਂ ਕੀਤਾ ਗਿਆ ਅਤੇ ਸਰਕਾਰ ਵੱਲੋਂ ਬਣਾਏ ਗਏ ਬਟਾਲਾ ਵਿਖੇ ਸ਼ਿਵ ਆਡੀਟੋਰੀਅਮ ਚ ਤਾਲੇ ਲੱਗੇ ਨਜਰ ਆਏ ਅਤੇ ਨਾ ਹੀ ਸ਼ਿਵ ਬਟਾਲਵੀ ਦੀ ਯਾਦ ਵਿੱਚ ਕੋਈ ਦੀਵਾ ਜਗਾਇਆ ਗਿਆ। ਸ਼ਿਵ ਕੁਮਾਰ ਬਟਾਲਵੀ ਦਾ ਬਟਾਲਾ ਨਾਲ ਨਿੱਘਾ ਸੰਬੰਧ ਰਿਹਾ ਹੈ।
ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਿਹਨਾਂ ਦਾ ਜਨਮ 23 ਜੁਲਾਈ 1936 ਨੂੰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਦੇ ਪਿੰਡ ‘ਬੜਾ ਪਿੰਡ ਲੋਟੀਆਂ’ (ਹੁਣ ਪਾਕਿਸਤਾਨ) ਵਿਖੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁਖੋਂ ਹੋਇਆ ਸੀ। ਸ਼ਿਵ ਦਾ ਜਨਮ ਭਾਂਵੇ ਬਟਾਲੇ ਨਹੀਂ ਹੋਇਆ ਸੀ ਪਰ ਉਸਦਾ ਬਟਾਲੇ ਨਾਲ ਸਬੰਧ ਕੁਝ ਅਜਿਹਾ ਬਣਿਆ ਜਿਵੇਂ ਇਹ ਸੁਮੇਲ ਜਨਮਾਂ-ਜਮਾਂਤਰਾਂ ਦਾ ਹੋਵੇ।
ਸ਼ਿਵ ਕੁਮਾਰ ਰਾਵੀ ਕੰਢੇ ਜੰਮਿਆਂ, ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ। ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਸ਼ਿਵ ਕੁਮਾਰ ਦਾ ਜਨਮ 23 ਜੁਲਾਈ ਨੂੰ ਹੋਇਆ ਸੀ ਪਰ ਬਟਾਲਾ ਵਾਸੀਆਂ ਦੇ ਨਾਲ ਨਾਲ ਅੱਜ ਜਿਲਾ ਪ੍ਰਸ਼ਾਸਨ ਵੀ ਇਸ ਪੰਜਾਬੀ ਮਾਂ ਬੋਲੀ ਦੇ ਇਸ ਲਾਡਲੇ ਸ਼ਾਇਰ ਨੂੰ ਭੁੱਲਾ ਚੁੱਕੇ ਹਨ ,,,ਸ਼ਿਵ ਦੀ ਯਾਦ ਵਿੱਚ ਬਟਾਲਾ ਅੰਦਰ ਬਣਿਆ ਸ਼ਿਵ ਆਡੀਟੋਰੀਅਮ ਵੀ ਅੱਜ ਖਾਲੀ ਨਜਰ ਆ ਰਿਹਾ ਹੈ ਸ਼ਾਇਦ ਇਸੇ ਲਈ ਸ਼ਿਵ ਬਟਾਲਵੀ ਬਟਾਲੇ ਵਾਸਤੇ ਪਹਿਲਾ ਹੀ ਲਿਖ ਗਿਆ ਸੀ "ਲੋਹੇ ਦੇ ਇਸ ਸ਼ਹਿਰ ਵਿਚ ,ਪਿੱਤਲ ਦੇ ਲੋਕ ਰਹਿੰਦੇ ,,,,ਸਿੱਕੇ ਦਾ ਬੋਲ ਬੋਲਣ ,ਸ਼ੀਸ਼ੇ ਦਾ ਵੇਸ ਪਾਉਂਦੇ" ਅਤੇ ਇਹ ਲਿਖੇ ਸਬਦ ਅੱਜ ਸ਼ਿਵ ਦੇ ਜਨਮ ਦਿਵਸ ਤੇ ਸੱਚ ਹੁੰਦੇ ਨਜਰ ਆਏ।
ਸ਼ਿਵ ਕੁਮਾਰ ਬਟਾਲਵੀ ਦੇ ਭਤੀਜਾ ਆਪਣੇ ਪਰਿਵਾਰ ਸਮੇਤ ਅਜੇ ਵੀ ਬਟਾਲਾ ਦੇ ਮੁਹੱਲਾ ਦਾਰੁਲ ਇਸਲਾਮ ਵਿੱਚ ਰਹਿੰਦਾ ਹੈ ਉਸਨੂੰ ਵੀ ਦੁੱਖ ਹੈ ਕੇ ਬਟਾਲੇ ਵਾਲੇ ਅਤੇ ਜਿਲਾ ਪ੍ਰਸ਼ਾਸਨ ਆਪਣੇ ਇਸ ਬਿਰਹਾ ਦੇ ਸੁਲਤਾਨ ਦਾ ਜਨਮ ਦਿਨ ਵੀ ਭੁੱਲੀ ਬੈਠੇ ਪਰ ਸ਼ਿਵ ਦੇ ਭਤੀਜੇ ਦੇ ਪਰਿਵਾਰ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਫਰਜ਼ ਨਿਭਾਇਆ। ਉਸਦਾ ਭਤੀਜਾ ਰਾਜੀਵ ਅਤੇ ਉਸਦੀ ਪਤਨੀ ਸੀਮਾ ਬਟਾਲਾ ਵਿੱਚ ਸ਼ਿਵ ਦੇ ਪੁਰਾਣੇ ਘਰ ਵਿੱਚ ਆਪਣੇ ਦੋ ਬੱਚਿਆਂ ਨਾਲ ਰਹਿੰਦੇ ਹਨ। ਪਰਿਵਾਰ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਤਸਵੀਰਾਂ ਸਜਾ ਕੇ ਅਤੇ ਗੁਲਾਬ ਦੇ ਫੁੱਲ ਭੇਟ ਕਰਕੇ ਸ਼ਿਵ ਬਟਾਲਵੀ ਨੂੰ ਯਾਦ ਕੀਤਾ।
ਜਾਣਕਾਰੀ ਦਿੰਦੇ ਹੋਏ ਸ਼ਿਵ ਦੇ ਭਤੀਜੇ ਰਾਜੀਵ ਉਸਦੀ ਪਤਨੀ ਅਤੇ ਸ਼ਹਿਰ ਵਾਸੀ ਨੇ ਨਮ ਅੱਖਾਂ ਅਤੇ ਭਰੇ ਮਨ ਨਾਲ ਦੱਸਿਆ ਕਿ ਸ਼ਿਵ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ ਪਰ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਨੂੰ ਕਿਸੇ ਨੇ ਯਾਦ ਨਹੀਂ ਕੀਤਾ। ਸਰਕਾਰ ਤੇ ਪ੍ਰਸ਼ਾਸਨ ਤਾਂ ਦੂਰ ਦੀ ਗੱਲ, ਸ਼ਹਿਰ ਦੇ ਲੋਕਾਂ ਨੇ ਵੀ ਸ਼ਿਵ ਦੀ ਪੂਜਾ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਜਦੋਂ ਸ਼ਿਵ ਆਡੀਟੋਰੀਅਮ ਦਾ ਉਦਘਾਟਨ ਕੀਤਾ ਗਿਆ ਤਾਂ ਪੰਜਾਬ ਦੇ ਤਿੰਨ ਵੱਡੇ ਆਗੂਆਂ ਨੇ ਇਵੇਂ ਵੱਖ-ਵੱਖ ਰਿਬਨ ਕੱਟੇ ਸੀ ਜਿਵੇ ਉਹ ਸ਼ਿਵ ਬਟਾਲਵੀ ਨੂੰ ਬਹੁਤ ਨਜ਼ਦੀਕ ਤੋਂ ਜਾਣਦੇ ਹੋਣ ਪਰ ਸ਼ਿਵ ਦੇ ਜਨਮ ਦਿਵਸ ਤੇ ਉਸਨੂੰ ਕੋਈ ਵੀ ਯਾਦ ਨਹੀਂ ਕਰਦਾ ,,,ਸ਼ਿਵ ਬਟਾਲਵੀ ਦੀ ਯਾਦ ਵਿਚ ਸੋਸਾਇਟੀਆਂ ਤਾਂ ਬਹੁਤ ਬਣਾਈਆਂ ਗਈਆਂ ਹਨ ਪਰ ਓਹ ਸੋਸਾਇਟੀਆਂ ਵੀ ਸ਼ਿਵ ਨੂੰ ਯਾਦ ਨਹੀਂ ਕਰਦੀਆਂ ਓਹਨਾ ਕਿਹਾ ਕਿ ਉਹਨਾਂ ਨੂੰ ਦੁੱਖ ਹੈ ਕੇ ਸ਼ਿਵ ਬਟਾਲਵੀ ਨੂੰ ਸਰਕਾਰਾਂ ਦੇ ਨਾਲ ਨਾਲ ਬਟਾਲਾ ਦੇ ਲੋਕ ਵੀ ਭੁੱਲ ਚੁੱਕੇ ਹਨ।