(ਜਨਮ ਦਿਨ ਉੱਤੇ ਵਿਸ਼ੇਸ਼)
ਪਟਿਆਲਾ, 30 ਅਕਤੂਬਰ 2020 - ਉਘੇ ਸ਼ਾਇਰ ਪੋ ਪ੍ਰੀਤਮ ਸਿੰਘ ਰਾਹੀ ਦੇ ਜਨਮ ਦਿਨ ਮੌਕੇ ਉਨ੍ਹਾਂ ਯਾਦ ਕਰਦਿਆਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸੁਰਜੀਤ ਪਾਤਰ ਨੇ ਆਖਿਆ ਹੈ ਕਿ ਪ੍ਰੋ ਪ੍ਰੀਤਮ ਸਿੰਘ ਰਾਹੀ ਜੀ ਨੇਕ ਮਨੁੱਖ ਤੇ ਪ੍ਰਮੁਖ ਸ਼ਾਇਰ ਸਨ। ਉਨ੍ਹਾਂ ਦੀਆਂ ਲਿਖਤਾਂ ਸਾਨੂੰ ਹਮੇਸ਼ਾ ਕੁਝ ਨਾ ਕੁਝ ਕਰਦੇ ਰਹਿਣ ਦੀ ਪ੍ਰੇਰਨਾ ਦਿੰਦੀਆਂ ਨੇ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਰਾਹੀ ਜੀ ਨੇ ਮਾਲਵੇ ਵਿਚ ਸਾਹਿਤਕ ਲਹਿਰ ਨੂੰ ਪ੍ਰਚਾਰਨ ਅਤੇ ਪ੍ਰਸਾਰਨ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ।
30 ਅਕਤੂਬਰ 1936 ਨੂੰ ਪਿਤਾ ਲਾਲ ਸਿੰਘ ਦੇ ਘਰ ਮਾਤਾ ਸੰਤ ਕੌਰ ਦੀ ਕੁੱਖੋਂ ਜਨਮੇ ਰਾਹੀ ਜੀ ਨੇ ਕਵਿਤਾ,ਗਜ਼ਲ, ਰੁਬਾਈ ਤੇ ਗੀਤ ਵਰਗੀਆਂ ਕਾਵਿਕ ਵਿਧਾਵਾਂ ਉਤੇ ਕਲਮ ਅਜਮਾਈ। ਆਪ ਨੇ ਅਨੁਵਾਦ ਕਾਰਜ ਵੀ ਬਾਖੂਬੀ ਕੀਤੇ ਤੇ ਸਾਹਿਤਕ ਰਸਾਲੇ "ਮੁਹਾਂਦਰਾ" ਦਾ ਪ੍ਰਕਾਸ਼ਨ ਵੀ ਆਪਣੇ ਹੱਥੀਂ ਅਰੰਭ ਕਰਵਾਇਆ। ਆਪਣੇ ਭਰਾ ਪੋ ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਲਿਖਾਰੀ ਸਭਾ ਬਰਨਾਲਾ ਵਲੋਂ ਵਡੇ ਵੱਡੇ ਯਾਦਗਾਰੀ ਸਾਹਿਤਕ ਪਰੋਗਰਾਮ ਕਰਵਾਏ। 1960 ਵਿਚ ਆਪ ਦੀ ਪਹਿਲੀ ਕਿਤਾਬ "ਕਚਨਾਰ" ਤੋਂ ਆਰੰਭ ਹੋਇਆ ਸਾਹਿਤਕ ਸਿਲਸਿਲਾ ਉਨਾ ਦੇ ਆਖਰੀ ਸਾਹਾਂ ਤੀਕ ਨਿਭਿਆ। ਉਨਾ ਯਾਦਗਾਰੀ ਕਿਤਾਬਾਂ ਸਾਨੂੰ ਦਿੱਤੀਆਂ।
ਪ੍ਰੋ ਕੋਮਲ ਨਾਲ ਮਿਲਕੇ ਟੈਗੋਰ ਦੀ ਕਿਤਾਬ "ਗੀਤਾਂਜਲੀ" ਦਾ ਅਨੁਵਾਦ ਕੀਤਾ। ਆਪ ਨੇ ਬਾਵਾ ਬਲਵੰਤ ਦੇ ਕਾਵਿ ਦਾ ਮੁਲਾਂਕਣ ਵੀ ਕੀਤਾ। ਕਿੱਤੇ ਵਜੋਂ ਆਪ ਬਰਨਾਲਾ ਦੇ ਪੁਰਾਣੇ ਬਾਰ ਵਿਚ ਵੈਦਗੀ ਕਰਦੇ ਸਨ। ਉਨ੍ਹਾਂ ਦੀ ਸਾਹਿਤਕ ਪਰੰਪਰਾ ਤੇ ਵੈਦਗੀ ਦੇ ਕਾਰਜ ਨੂੰ ਉਨ੍ਹਾਂ ਦਾ ਹੋਣਹਾਰ ਬੇਟਾ ਰਾਹੁਲ ਰੁਪਾਲ ਅੱਗੇ ਤੋਰ ਰਿਹਾ ਹੈ। ਰਾਹੀ ਜੀ ਦੀ ਸ਼ਖਸੀਅਤ ਤੇ ਰਚਨਾ ਬਾਰੇ ਇਕ ਵਿਸ਼ੇਸ਼ ਅਭਿਨੰਦਨ ਗ੍ਰੰਥ ਵੀ ਪ੍ਰਕਾਸ਼ਤ ਹੋਇਆ। ਉਨ੍ਹਾਂ ਦੇ ਨਾਂ ਉੱਤੇ ਸਲਾਨਾ ਪੁਰਸਕਾਰ ਵੀ ਦਿੱਤਾ ਜਾਂਦਾ ਹੈ।
(ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ)