ਹਰੀਸ਼ ਕਾਲੜਾ
ਰੂਪਨਗਰ, 15 ਜੁਲਾਈ 2020 : ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਵਿੱਚੋਂ ਸੇਵਾਮੁਕਤ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਮੀਤ ਸਿੰਘ ਖੰਗੂੜਾ (75) ਅੱਜ ਸਵੇਰੇ ਸਵਰਗਵਾਸ ਹੋ ਗਏ। ਉਹ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ ਅਤੇ ਜ਼ੇਰੇ ਇਲਾਜ਼ ਸਨ ।ਉਨ੍ਹਾਂ ਦਾ ਮੋਹਾਲੀ ਦੇ ਇਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੱਜ ਦੁਪਿਹਰ ਇੱਥੇ ਦਰਿਆ ਸਤਲੁਜ ਕਿਨਾਰੇ ਹਵੇਲੀ ਕਲਾਂ ਦੇ ਸ਼ੰਮਸ਼ਾਨ ਘਾਟ ਵਿਖੇ ਅੰਤਮ ਸਸਕਾਰ ਕੀਤਾ ਗਿਆ ਅਤੇ ਚਿਤਾ ਨੂੰ ਅਗਣੀ ਉਨਾਂ ਦੇ ਸਪੁੱਤਰ ਸੁਖਬੀਰ ਸਿੰਘ ਵਲੋਂ ਵਿਖਾਈ ਗਈ। ਉਹ ਆਪਣੇ ਪਿਛੇ ਪਤਨੀ ਸੁਰਿੰਦਰ ਕੌਰ, ਬੇਟਾ ਤੇ ਦੋ ਬੇਟੀਆਂ ਦਾ ਭਰਿਆ ਪਰਿਵਾਰ ਛੱਡ ਗਏ ਹਨ। ਸੇਵਾਮੁਕਤ ਹੋਣ ਉਪਰੰਤ ਗਰਮੀਤ ਸਿੰਘ ਖੰਗੂੜਾ ਨੇ ਜਿੱਥੇ ਨਵਾਂ ਜਮਾਨਾ ਅਖ਼ਬਾਰ ਨਾਲ ਜੁੜੇ ਰਹੇ ਉਥੇ ਉਨ੍ਹਾਂ ਰੂਪਨਗਰ ਪ੍ਰੈਸ ਕਲੱਬ, ਸੀਨੀਅਰ ਸਿਟੀਜ਼ਨਜ਼ ਕੌਂਸਲ ਤੋਂ ਇਲਾਵਾ ਹਿਊਮਨ ਰਾਇਟਸ ਸੰਸਥਾ ਦੇ ਮੈਂਬਰਾਂ ਵਜੋਂ ਵੀ ਸੇਵਾ ਨਿਭਾਈ। ਅੰਤਿਮ ਸਸਕਾਰ ਮੌਕੇ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਸਾਬਕਾ ਏ.ਪੀ.ਆਰ.ੳ. ਰਾਜਿੰਦਰ ਸੈਣੀ, ਜ਼ਿਲ੍ਹਾ ਪ੍ਰੈਸ ਕਲੱਬਜ਼ ਐਸੋਸੀਏਸ਼ਨ ਰੂਪਨਗਰ ਵਲੋਂ ਪ੍ਰਧਾਨ ਬਹਾਦਰਜੀਤ ਸਿੰਘ, ਰੂਪਨਗਰ ਪ੍ਰੈਸ ਕਲੱਬ ਵਲੋਂ ਪ੍ਰਧਾਨ ਅਜੈ ਅਗਣੀਹੋਤਰੀ, ਸਤੀਸ਼ ਜਗੋਤਾ, ਸੁਰਜੀਤ ਸਿੰਘ ਗਾਂਧੀ, ਸਰਬਜੀਤ ਸਿੰਘ, ਰਾਕੇਸ ਕੁਮਾਰ ਨੇ ਸ਼ਾਲ ਭੇਟ ਕਰਦੇ ਸ਼ਰਧਾਜਲੀ ਭੇਟ ਕੀਤੀ। ਅੰਤਿਮ ਸਸਕਾਰ ਮੌਕੇ ਡੀ.ਐਫ.ੳ. ਗੁਰਅਮਨਪ੍ਰੀਤ ਸਿੰਘ ਬੈਂਸ, ਹਿਊਮਨ ਰਾਇਟਸ ਦੇ ਕਾਰਕੁੰਨ ਗੁਰਵਿੰਦਰ ਸਿੰਘ ਜੱਗੀ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾ ਜਥੇਦਾਰ ਭਾਗ ਸਿੰਘ ਉਇੰਦ, ਛੋਟੇ ਭਰਾ ਭੁਪਿੰਦਰ ਸਿੰਘ ਅਤੇ ਨਜ਼ਦੀਕੀ ਸੰਬੰਧੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ. ਖੰਗੂੜਾ ਨੇ ਵਿਭਾਗ ਵਿੱਚ 30 ਸਾਲ ਤੋਂ ਵੀ ਵਧ ਸਮੇਂ ਤੱਕ ਰਾਜ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੇਵਾ ਨਿਭਾਈ ਅਤੇ ਦਸੰਬਰ 2003 ਵਿਚ ਰੂਪਨਗਰ ਤੋਂ ਸੇਵਾਮੁਕਤ ਹੋਏ ਸਨ। ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਅਜੈ ਅਗਣੀਹੋਤਰੀ, ਸਤੀਸ਼ ਜਗੋਤਾ, ਜਨਰਲ ਸਕੱਤਰ ਸਤਨਾਮ ਸਿੰਘ ਸੱਤੀ, ਪੈਟਰਨ ਗੁਰਚਰਨ ਸਿੰਘ ਬਿੰਦਰਾ ਤੇ ਸਮੂਹ ਮੈਂਬਰਾਂ ਨੇ ਕਲੱਬ ਦੇ ਸੀਨੀਅਰ ਮੈਂਬਰ ਗਰਮੀਤ ਸਿੰਘ ਖੰਗੂੜਾ ਦੇ ਸਵਰਗਵਾਸ ਹੌਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਦੌਰਾਨ ਬਸਪਾ ਦੇ ਜੋਨਲ ਇੰਨਚਾਰਜ ਐਡਵੋਕੇਟ ਚਰਨਜੀਤ ਸਿੰਘ ਘਈ ਨੇ ਸ. ਖੰਗੂੜਾ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।