ਜਗਦੇਵ ਸਿੰਘ ਜੱਸੋਵਾਲ ਦੇ ਜਨਮ ਦਿਨ ਮੌਕੇ ਉਦਘਾਟਨੀ ਭਾਸ਼ਨ ਕਰਨਗੇ ਸਾਬਕਾ ਕੇਂਦਰੀ ਮੰਤਰੀ
ਲੁਧਿਆਣਾ,27 ਅਪ੍ਰੈਲ,2021: ਪੰਜਾਬ ਵਿੱਚ ਸਭਿਆਚਾਰਕ ਮੇਲਿਆਂ ਤੇ ਵਿਰਾਸਤੀ ਥਾਵਾਂ, ਨਾਇਕਾਂ ਤੇ ਕਲਾਕਾਰਾਂ ਦੇ ਸਰਪ੍ਰਸਤ ਸੁਰਗਵਾਸੀ ਜਗਦੇਵ ਸਿੰਘ ਜੱਸੋਵਾਲ ਦੇ ਜਨਮ ਦਿਨ ਮੌਕੇ ਕਰਵਾਏ ਜਾ ਰਹੇ ਔਨਲਾਈਨ ਸਮਾਗਮ ਦਾ ਉਦਘਾਟਨੀ ਭਾਸ਼ਨ ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਤੇ ਸਾਬਕਾ ਕੇਂਦਰੀ ਮੰਤਰੀ ਡਾ: ਮਨੋਹਰ ਸਿੰਘ ਗਿੱਲ ਕਰਨਗੇ। ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਜਗਦੇਵ ਸਿੰਘ ਜੱਸੋਵਾਲ ਦੇ ਜੀਵਨ, ਸੇਵਾਵਾਂ ਤੇ ਯਾਦਾਂ ਬਾਰੇ ਮੁੱਖ ਭਾਸ਼ਨ ਬੀਰ ਦੇਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦੇਣਗੇ। ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਸ ਪ ਸਿੰਘ ਸ਼ਾਮਲ ਹੋ ਰਹੇ ਹਨ ਜਦ ਕਿ ਜਗਦੇਵ ਸਿੰਘ ਜੱਸੋਵਾਲ ਦੇ ਨਿੱਕੇ ਵੀਰ ਇੰਦਰਜੀਤ ਸਿੰਘ ਗਰੇਵਾਲ ਸਾਬਕਾ ਐਡੀਸ਼ਨਲ ਟਰਾਂਸਪੋਰਟਰ ਕਮਿਸ਼ਨਰ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਗੁਰਭਜਨ ਗਿੱਲ ਤੇ ਪ੍ਰੋ: ਜਸਬੀਰ ਸਿੰਘ ਸ਼ਾਇਰ ਨੇ ਦੱਸਿਆ ਕਿ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਲਫ਼ਜ਼ਾਂ ਦੀ ਦੁਨੀਆਂ ਸਾਹਿੱਤ ਸਭਾ ਨਕੋਦਰ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਔਨਲਾਈਨ ਟੈਲੀਕਾਸਟ ਕੀਤਾ ਜਾ ਰਿਹਾ ਹੈ ਜਿਸ ਵਿੱਚ ਜੱਸੋਵਾਲ ਦੇ ਲਾਏ ਬੂਟੇ ਡਾ: ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਨਿੰਦਰ ਘੁਗਿਆਣਵੀ, ਡਾ: ਸੁਖਨੈਨ, ਮਨਜੀਤ ਸਿੰਘ ਗਿੱਲ ਘੱਲ ਕਲਾਂ,ਜਗਤਾਰ ਸਿੰਘ ਸੰਘੇੜਾ, ਤਰਨਜੀਤ ਸਿੰਘ ਕਿੰਨੜਾ ਤੇ ਡਾ: ਨਿਰਮਲ ਜੌੜਾ ਯਾਦਾਂ ਦੀ ਪਟਾਰੀ ਖੋਲ੍ਹਣਗੇ।