ਅੱਜ ਭੋਗ ਤੇ ਵਿਸ਼ੇਸ਼: ਬਿੱਖੜੇ ਰਾਹਾਂ ਦਾ ਪਾਂਧੀ ਕਾਮਰੇਡ ਦਵਿੰਦਰ ਸਿੰਘ ਸੰਧੂ ਵਕੀਲ
ਜ਼ਿੰਦਗੀ ਅਤੇ ਮੌਤ ਇੱਕ ਕੁਦਰਤੀ ਵਤਾਰਾ ਹੈ ਅਤੇ ਕੋਈ ਵੀ ਪ੍ਰਣੀ ਇਸ ਵਰਤਾਰੇ ਤੋਂ ਬਾਹਰ ਨਹੀਂ ਹੈ। ਗਿਆਨ ਅਤੇ ਵਿਗਿਆਨ ਦੀ ਸੂਝ ਨਾਲ ਸਮਾਜ ਨੂੰ ਚੰਗਿਓਂ ਚੰਗੇਰਾ ਬਣਾਉਂਣ ਲਈ ਯਤਨਸ਼ੀਲ ਮਨੁੱਖ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਅਜਿਹੇ ਯਤਨਸ਼ੀਲ ਮਨੁੱਖਾਂ ਵਿੱਚੋਂ ਇੱਕ ਸੀ ਕਾਮਰੇਡ ਦਵਿੰਦਰ ਸਿੰਘ ਸੰਧੂ। ਪਿਤਾ ਕਿਰਪਾਲ ਸਿੰਘ ਦੇ ਘਰ, ਮਾਤਾ ਸੰਤ ਕੌਰ ਦੇ ਕੁੱਖੋਂ ਛੇ ਜਨਵਰੀ 1951 ਨੂੰ ਜਨਮੇਂ ਸੰਧੂ ਨੂੰ ਲੋਕ ਸੇਵਾ ਵਿਰਸੇ ਵਿੱਚ ਮਿਲੀ। ਕੱਟੜ ਕਮਿਊਨਿਸਟ ਬਾਪ ਅਤੇ ਫ੍ਰੀਡਮ-ਫਾਈਟਰ ਤਾਇਆ ਉਜਾਗਰ ਸਿੰਘ ਬੀਰ, ਜਿੰਨ੍ਹਾਂ ਦੇ ਜੀਵਨ ਦਾ ਪ੍ਰਭਾਵ ਕਾਮਰੇਡ ਦਵਿੰਦਰ ਸਿੰਘ ਸੰਧੂ ਨੇ ਬਚਪਨ ਵਿੱਚ ਹੀ ਕਬੂਲ ਲਿਆ।
ਅਸਲ ਵਿੱਚ ਦਵਿੰਦਰ, ਕਾਮਰੇਡ ਬੀਰ ਜੀ ਨੂੰ ਆਪਣਾ ਸਿਆਸੀ ਗੁਰੂ ਮੰਨਦਾ ਸੀ। ਉਹਨਾਂ ਨੇ ਹੀ ਕਾਮਰੇਡ ਸੰਧੂ ਦੀ ਪੜ੍ਹਈ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਸਕੂਲੀ ਸਲੇਬਸ ਤੋਂ ਇਲਾਵਾ ਕਾਮਰੇਡ ਬੀਰ ਜੀ ਨੇ ਮਾਰਕਸਵਾਦ ਦੇ ਮੁੱਢਲੇ ਗਿਆਨ ਨੂੰ ਵੀ ਸੰਧੂ ਦੀ ਸੋਚ ਦਾ ਹਿੱਸਾ ਬਣਾਇਆ। ਸਾਹਿਤਿਕ ਰੂਚੀਆ ਨੇ ਜਜ਼ਬਾਤਾਂ ਨੂੰ ਕਲਮ ਰਾਹੀਂ ਸ਼ਬਦੀ ਰੂਪ ਦੇਣਾ ਸ਼ੁਰੂ ਕਰ ਦਿੱਤਾ। ਉਹ ਲੋਕ-ਪੱਖੀ ਰਚਨਾਵਾਂ ਦਾ ਕਲਮਕਾਰ ਬਣ ਗਿਆ, ਆਪਣੀਆਂ ਰਚਨਾਵਾਂ ਨੂੰ ਕਾਲਜ ਦੀਆਂ ਸਟੇਜਾਂ ਤੇ ਪੇਸ਼ ਕਰਕੇ ਉਹ ਇੱਕ ਗਾਇਕ ਦੇ ਰੂਪ ਵਿੱਚ ਉੱਭਰਿਆ।
“ਔਹ ਸਵੇਰਾ ਆ ਗਿਆ, ਹਨੇਰਿਆਂ ਨੂੰ ਚੀਰਦਾ,
ਹੁਣ ਨਹੀਂ ਖੇੜੇ ਖੋਹਣਗੇ, ਰਾਂਝੇ ਤੋਂ ਡੋਲਾ ਹੀਰ ਦਾ”
ਕਾਮਰੇਡ ਸੰਧੂ ਇਹ ਗੀਤ ਜਦੋਂ ਤਰੰਨੁੰਮ ਵਿੱਚ ਗਾਉਂਦਾ ਤਾਂ ਸਰੋਤੇ ਇਕਲਾਬੀ ਜਜ਼ਬਾਤਾਂ ਵਿੱਚ ਝੂਮ ਉੱਠਦੇ। ਜ਼ੀਰੇ ਕਾਲਜ ਵਿੱਚ ਉਸ ਦੇ ਲੇਖ “ਕ੍ਰਾਂਤੀਕਾਰੀ ਗੁਰੂ ਨਾਨਕ” ਨੂੰ ਪਹਿਲਾ ਇਨਾਮ ਮਿਲਿਆ। ਵਿਦਿਆਰਥੀ ਹੱਕਾਂ ਦੀ ਖਾਤਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵਿੱਚ ਉਹ ਮੋਹਰੀ ਸਾਥੀਆਂ ਵਿੱਚ ਸੀ, ਜਿਸ ਕਾਰਨ ਪ੍ਰਿੰਸੀਪਲ ਨੇ ਅਗਲੇ ਸਾਲ ਕਾਲਜ ਵਿੱਚ ਦਾਖਿਲਾ ਨਾ ਦਿੱਤਾ ਤਾਂ ਸੰਧੂ ਲੁਧਿਆਣੇ ਪੁੱਜ ਗਿਆ ਅਤੇ ਬਾਅਦ ਵਿੱਚ ਲੰਬੀ ਕਾਲਜ ਵਿੱਚ ਪੜ੍ਹਾਈ ਕੀਤੀ। ਇਸ ਸਮੇਂ ਪਾਰਟੀ ਵੱਲੋਂ ਜ਼ਖੀਰੇਬਾਜਾਂ ਖਿਲਾਢ ਮੁਹਿੰਮ ਚਲਾਈ ਗਈ, ਜਿਸ ਵਿੱਚ ਸੰਧੂ ਦੇ ਡੱਬਵਾਲੀ ਵਿਖੇ ਭਾਗ ਲੈਣ ਕਰਕੇ ਉਸ ਤੇ ਹਿਸਾਰ ਵਿਖੇ ਸੱਤ ਸਾਲ ਮੁਕੱਦਮਾ ਚੱਲਿਆ ਬਾਅਦ ਵਿੱਚ ਕੋਰਟ ਵੱਲੋਂ ਉਸ ਨੂੰ ਬਰੀ ਕੀਤਾ ਗਿਆ। 1975 ਵਿੱਚ ਐੱਮ.ਏ. ਪੰਜਾਬੀ ਕਰਨ ਵਾਸਤੇ ਫਰੀਦਕੋਟ ਪਹੁੰਚੇ ਤਾਂ ਸੰਣੋਗ ਵੱਸ ਜ਼ੀਰੇ ਕਾਲਜ ਵਿੱਚ ਦਾਖਿਲੇ ਤੇ ਰੋਕ ਲਗਾਉਂਣ ਵਾਲਾ ਪ੍ਰਿੰਸੀਪਲ ਪ੍ਰਮੋਟ ਹੋਕੇ ਫਰੀਦਕੋਟ ਆ ਗਿਆ ਸੀ। ਉਸਨੇ ਫਿਰ ਕਾਰਮੇਡ ਉੱਤੇ ਪੁਰਾਣੇ ਤਰਾਜਾਂ ਕਰਕੇ ਦਾਖਿਲੇ ਤੋਂ ਨਾਂਹ ਕਰ ਦਿੱਤੀ। ਪਿਤਾ ਅਤੇ ਤਾਇਆ ਬਿਰ ਡੀ.ਸੀ. ਕੋਲ ਗਏ, ਖੇਡਾਂ ਵਿੱਚ ਅੱਵਲ ਆਏ ਸੰਧੂ ਦੇ ਸਰਟੀਫਿਕੇਟ, ਸਾਹਿਤਿਕ ਰੂਚੀਆ ਦੇ ਸਰਟੀਫਿਕੇਟ ਡੀ.ਸੀ. ਨੂੰ ਦਿਖਾਏ ਤਾਂ ਡੀ.ਸੀ. ਦੇ ਦਖਲ ਦੇਣ ਤੇ ਦਾਖਿਲਾ ਮਿਲਿਆ। ਇਸੇ ਸਾਲ ਕੋਟਕਪੂਰਾ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੀ ਕਾਂਨਫਰੰਸ ਹੋਈ। ਕਾਂਨਫਰੰਸ ਦੇ ਪ੍ਰਬੰਧਾਂ ਵਿੱਚ ਪਾਰਟੀ ਨੇ ਵਿਸ਼ੇਸ਼ ਡਿਊਟੀ ਲਗਾਈ ਜੋ ਸੰਧੂ ਨੇ ਬਾਖੂਬੀ ਨਿਭਾਈ।
1977 ਵਿੱਚ ਕਾਮਰੇਡ ਨਾਜਰ ਸਿੰਘ ਗਿੱਲ ਨੇ ਸੰਧੂ ਦੀ ਸ਼ਾਦੀ ਕਾਮਰੇਡ ਅਮ੍ਰਿਤ ਕੌਰ ਨਾਲ ਕਰਵਾਈ, ਕਿਉਂਕਿ ਤਲਵੰਡੀ ਭਾਈ ਵਾਲੇ ਸਿੱਧੂ ਪਰਿਵਾਰ ਨਾਲ ਉਹਨਾਂ ਦੇ ਨਿੱਘੇ ਸਬੰਧ ਸਨ। ਫਰੀਦਕੋਟ ਸਟੂਡੈਂਟ ਮੂਵਮੈਂਟ ਦੌਰਾਨ ਤਿੰਨ ਮਹੀਨੇ ਦੀ ਜੇਲ੍ਹ ਕੱਟੀ ਅਤੇ ਨੌਜਵਾਨਾਂ ਦੇ ਅੰਨਦੋਲਣ ਦੌਰਾਨ ਤਿਹਾੜ ਜੇਲ੍ਹ ਦੇ ਪ੍ਰਸ਼ਾਦੇ ਵੀ ਸ਼ਕੇ। 1978 ਵਿੱਚ ਪਾਰਟੀ ਵੱਲੋਂ ਬਿਹਾਰ ਦੀ ਰਣਬੀਰ ਸੈਨਾ ਦੇ ਖਿਲਾਫ ਮੁਹਿੰਮ ਵਿੱਢੀ ਗਈ ਕਿ, “ਦਲਿਤਾਂ ਉੱਪਰ ਅੱਤਿਆਚਾਰ ਬੰਦ ਕਰੋ”। ਇਸ ਮੁਹਿੰਮ ਵਿੱਚ ਕਾਮਰੇਡ ਸੰਧੂ ਨੇ ਆਪਣੇ ਤਾਏ ਗੁਰੂ ਉਜਾਗਰ ਸਿੰਘ ਬੀਰ ਦੀ ਅਗਵਾਈ ਵਿੱਚ ਹਿੱਸਾ ਲਿਆ, ਲੇਖਕ ਉਸਦਾ ਚਸ਼ਮਦੀਦ ਗਵਾਹ ਹੈ। ਸਮੇਂ ਦੀ ਸਰਕਾਰ ਨੇ ਸੱਤਿਆਗ੍ਰਾਈਆਂ ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਤਾਂ ਕਰਮਰੇਡ ਸੰਧੂ ਦੀ ਸੱਜੀ ਬਾਂਹ ਟੁੱਟ ਗੲ ਅਤੇ ਮੈਡੀਕਲ ਦੌਰਾਨ ਉਸ ਦੇ ਸ਼ਰੀਰ ਤੇ ਪੰਜਾਹ ਡਾਂਗਾਂ ਦੇ ਨਿਸ਼ਾਨ ਹੋਰ ਪਾਏ ਗਏ। ਫਿਰੋਜ਼ਪੁਰ ਹਸਪਤਾਲ ਵਿੱਚ ਦਾਖਿਲ ਜ਼ਖਮੀ ਕਾਮਰੇਡ ਸੰਧੂ ਦੇ ਪੈਰੀਂ ਬੇੜੀਆਂ ਪਾਈਆ ਗਈਆਂ ਜਿਸ ਦੇ ਵਿਰੋਧ ਵਿੱਚ ਉਸ ਨੇ ਭੁੱਖ-ਹੜਤਾਲ ਰੱਖੀ ਅਤੇ ਪਾਰਟੀ ਲੀਡਰਾਂ ਨੇ ਡੀ.ਸੀ. ਫਿਰੋਜ਼ਪੁਰ ਕੋਲ ਪ੍ਰੋਟੈੱਸਟ ਕਰਕੇ ਬੇੜੀਆਂ ਉਤਰਵਾਈਆਂ। ਜਿਕਰਯੋਗ ਗੱਲ ਹੈ ਕਿ ਜਦ ਕਾਮਰੇਡ ਸੰਧੂ ਜੇਲ੍ਹ ਵਿੱਚ ਸੀ ਤਾਂ ਉਸ ਦਾ ਬੇਟਾ ਅਮਨ ਕੇਵਲ ਦੋ ਮਹੀਨੇ ਦਾ ਸੀ। 1981 ਵਿੱਚ ਦੁੱਧ ਦੇ ਅੰਦੋਲਣ ਦੌਰਾਨ ਸੰਧੂ ਦੀ ਗ੍ਰਿਫਤਾਰੀ ਉਹਨਾਂ ਦੇ ਸਹੂਰਾ ਸਾਹਿਬ ਸ. ਕਰਨੈਲ ਸਿੰਘ ਸਿੱਧੂ, ਤਲਵੰਡੀ ਭਾਈ ਨਾਲ ਹੋਈ। ਬੇਟੀ ਸਪਨਦੀਪ ਨੇ ਜਨਮ ਦੀ ਸੂਚਨਾ ਇਸ ਦੌਰਾਨ ਉਹਨਾਂ ਨੂੰ ਜੇਲ੍ਹ ਵਿੱਚ ਹੀ ਮਿਲੀ। 1982-83 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਬੱਸਾਂ ਦੇ ਕਿਰਾਏ ਵਧਾਏ ਗਏ ਤਾਂ ਪਾਰਟਿ ਨੇ ਫਿਰ ਜਨਤਕ ਅੰਦੋਲਣ ਕਰ ਦਿੱਤਾ ਤਾਂ ਕਾਮਰੇਡ ਸੰਧੂ ਦੀ ਫਿਰ ਗ੍ਰਿਫਤਾਰੀ ਹੋਈ। ਗੰਗਾਨਗਰ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੋਣ ਕਰਕੇ ਜ਼ੀਰਾ ਕਚਹਿਰੀ ਵਿੱਚ ਵਕਾਲਤ ਸ਼ੁਰੂ ਕਰ ਦਿੱਤੀ। ਆਪਣੇ ਕਰਮਕਿੱਤੇ ਵਿੱਚ ਵਿ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ। 1995 ਵਿੱਚ ਮੋਗਾ ਜ਼ਿਲ੍ਹਾ ਬਣਿਆ ਤਾਂ 2002 ਮੋਗੇ ਆ ਵਸੇ ਅਤੇ ਏਥੇ ਵਕਾਲਤ ਸ਼ੁਰੂ ਕਰ ਦਿੱਤੀ। ਏਥੇ 2017 ਵਿੱਚ ਬਾਰ ਐਸੋਸਿਏਸ਼ਨ ਦੇ ਪ੍ਰਧਾਨ ਚੁਣੇ ਗਏ। 2020 ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਵਿੱਚ ਚੱਲੇ ਕਿਸਾਨ ਅੰਦੋਲਣ ਦੇ ਵਿੱਚ ਉਹਨਾਂ ਨੇ ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ਤੇ ਵੀ ਹਿੱਸਾ ਲਿਆ ਅਤੇ ਸੁਰਜੀਤ ਪਾਤਰ ਦੀ ਨਜ਼ਮ “ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨ੍ਹੇਰਾ, ਫਿਰ ਵੀ ਅਸੀਂ ਰੁਕੇ ਨਾਂ, ਸਾਡਾ ਵੀ ਵੇਖ ਜੇਰਾ” ਤਰੰਨੁਮ ਵਿੱਚ ਗਾ ਕੇ ਦਰਸ਼ਕਾਂ ਵਿੱਚ ਜੋਸ਼ ਭਰਿਆ। ਅੱਜ-ਕੱਲ ਉਹ AIPSO ਦੇ ਮੈਂਬਰ ਸਨ। ਇਸ ਸੰਸਥਾ ਦੀ 4-5 ਮਾਰਚ 2023 ਨੂੰ ਚੰਡੀਗੜ੍ਹ ਵਿਖੇ ਦੇਸ਼-ਪੱਧਰੀ ਕਾਂਨਫਰੰਸ ਵਿੱਚ ਵੀ ਸੰਧੂ ਨੇ ਹਿੱਸਾ ਲਿਆ।
ਤਾ-ਹਯਾਤੀ ਆਪਣੇ ਸਵਾਸਾਂ ਦਾ ਦਸਵੰਧ ਲੋਕ-ਸੇਵਾ ਦੇ ਲੇਖੇ ਲਗਾਉਂਣ ਵਾਲਾ, ਸਮਾਜ ਦੀ ਉਲਝੀ ਤਾਣੀ ਨੂੰ ਸੁਲਝਾਉਨਣ ਵਾਸਤੇ ਵਧੀਆ ਸਮਾਜ ਦੀ ਸਿਰਜਨਾਂ ਲਈ ਯਤਨਸ਼ੀਲ ਕਾਮਰੇਡ ਦਵਿੰਦਰ ਸਿੰਘ ਸੰਧੂ 25-08-2023 ਨੂੰ ਸਾਥੋਂ ਸਦਾ ਲਈ ਵਿੱਛੜ ਗਿਆ। ਉਹਨਾਂ ਦੀ ਮ੍ਰਿਤਕ ਦੇਹ ਤੇ ਕਾਮਰੇਡ ਬੰਤ ਸਿੰਘ ਬਰਾਰ, ਸੂਬਾ ਸਕੱਤਰ ਸੀ.ਪੀ.ਆਈ. ਨੇ ਝੰਡਾ ਪਾਇਆ। ਅੰਤਿਮ ਯਾਤਰਾ ਸਮੇਂ ਸਾਥੀਆਂ ਨੇ ਇੰਨਕਲਾਬੀ ਨਾਰ੍ਹਿਆਂ ਨਾਲ ਵਿਦਾ ਕੀਤਾ।
ਆਓ ਉਸ ਦੇ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹਣ ਲਈ, ਅੱਜ 3 ਸਤੰਬਰ 2023, ਦਿਨ ਐਤਵਾਰ ਗੁਰਦਵਾਰਾ ਬੀਬੀ ਕਾਨ੍ਹ ਕੌਰ ਵਿੱਚ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਕੇ, ਸੰਘਰਸ਼-ਸ਼ੀਲ ਸਾਥੀ ਨੂੰ ਸ਼ਰਧਾਂਜਲੀ ਭੇਂਟ ਕਰੀਏ।
“ਕੋਈ ਬਿਛੜਾ ਇਸ ਕਦਰ ਕਿ ਮੌਸਮ ਬਦਲ ਗਏ, ਇਕ ਸ਼ਖਸ ਸਾਰੇ ਸ਼ਹਿਰ ਕੋ ਤਨਹਾ ਕਰ ਗਯਾ”
ਵੱਲੋਂ: ਕਾਮਰੇਡ ਸੂਰਤ ਸਿੰਘ, ਬੀਰ ਭਵਨ, ਧਰਮਕੋਟ ਅਤੇ ਬੇਟੀ ਸਪਨਦੀਪ
02-09-2023