ਪੰਜਾਬ ਕਲਾ ਪਰਿਸ਼ਦ ਨੇ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਕੀਤਾ ਯਾਦ
ਚੰਡੀਗੜ, 28 ਜੂਨ 2021 - ਪੰਜਾਬ ਦੇ ਸ਼੍ਰੋਮਣੀ ਕਵੀਸ਼ਰ ਸ੍ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਅਜ ਜਨਮ ਦਿਨ ਹੈ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਨੇ ਪਾਰਸ ਪਰਿਵਾਰ ਨੂੰ ਵਧਾਈ ਦਿਤੀ ਹੈ ਤੇ ਪਾਰਸ ਜੀ ਪੰਜਾਬ ਦੀ ਕਵੀਸ਼ਰੀ ਤੇ ਢਾਡੀ ਕਲਾ ਨੂੰ ਦਿਤੀ ਅਣਮੁੱਲੀ ਦੇਣ ਨੂੰ ਸਲਾਹਿਆ ਹੈ। ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸੰਦੇਸ਼ ਵਿਚ ਆਖਿਆ ਹੈ ਕਿ ਪਾਰਸ ਲੋਕ ਮਨਾਂ ਅੰਦਰ ਵਸਿਆ ਹੋਇਆ ਉਘਾ ਕਵੀਸ਼ਰ ਤੇ ਢਾਡੀ ਸੀ, ਉਸਦੀ ਕਵੀਸ਼ਰੀ ਦੇ ਬੋਲ ਬੱਚੇ ਬੱਚੇ ਦੀ ਜੁਬਾਨ ਉਤੇ ਚੜ ਗਏ। ਡਾ ਪਾਤਰ ਨੇ ਆਖਿਆ ਕਿ ਪਾਰਸ ਜੀ ਆਪਣੇ ਆਪ ਵਿਚ ਇਕ ਤਰਕਸ਼ੀਲ, ਜਗਿਆਸੂ ਤੇ ਚੇਤੰਨ ਸ਼ਖਸੀਅਤ ਦੇ ਮਾਲਕ ਸਨ। ਉਨਾ ਦੀ ਲਿਖੀ ਤੇ ਗਾਈ ਕਵੀਸ਼ਰੀ ਅਣਗਿਣਤ ਕਲਾਕਾਰਾਂ ਵਾਸਤੇ ਰਾਹ ਦਸੇਰਾ ਬਣੀ।
ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗ ਰਾਜ ਨਾ ਆਖਿਆ ਕਿ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਪੰਜਾਬ ਦੀ ਕਲਾ ਦੇ ਖੇਤਰ ਵਿਚ ਇਕ ਮਿਥ ਬਣ ਗਏ। ਉਨਾ ਧਾਰਮਿਕ, ਸਮਾਜਿਕ, ਦੇਸ਼ ਭਗਤੀ ਦੇ ਵਿਸ਼ਿਆਂ ਦੇ ਨਾਲ ਨਾਲ ਲੋਕ ਕਿੱਸਿਆਂ ਨੂੰ ਅਧਾਰ ਬਣਾ ਕੇ ਖੂਬ ਰਚਨਾ ਕੀਤੀ। ਡਾ ਯੋਗਰਾਜ ਨੇ ਆਖਿਆ ਕਿ ਪਾਰਸ ਜੀ ਦਾ ਮਾਂ ਬੋਲੀ ਤੇ ਵਿਰਸੇ ਪ੍ਰਤੀ ਪ੍ਰੇਮ ਤੇ ਲਗਨ ਦਾ ਕੋਈ ਜੁਆਬ ਨਹੀਂ। ਉਨਾ ਆਖਿਆ ਕਿ ਪਾਰਸ ਦੇ ਪਰਿਵਾਰ ਚੋਂ ਉਨਾ ਦੇ ਹੋਣਹਾਰ ਸਪੁੱਤਰਾਂ ਸ਼੍ਰੀ ਇਕਬਾਲ ਰਾਮੂਵਾਲੀਆ ਤੇ ਰਛਪਾਲ ਰਾਮੂਵਾਲੀਆ ਨੇ ਪਾਰਸ ਦੀ ਸਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਇਆ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸੰਦੇਸ਼ ਵਿਚ ਆਖਿਆ ਕਿ ਪਾਰਸ ਜੀ ਦੀ ਕਾਵਿ ਕਲਾ ਨਿਵੇਕਲੀ ਤੇ ਗੂੜੀ ਪਛਾਣ ਵਾਲੀ ਸਾਬਤ ਹੋਈ। ਉਨਾ ਨੇ ਨਵੇਂ ਵਿਸ਼ੇ ਤੇ ਬਿੰਬ ਕਵੀਸ਼ਰੀ ਵਿਚ ਸਿਰਜੇ। ਡਾ ਜੌਹਲ ਅਨੁਸਾਰ ਕਿ ਪਾਰਸ ਜੀ ਨੂੰ ਇਸੇ ਕਾਰਨ ਹੀ ਅੱਜ ਵੀ ਪੜਿਆ, ਗਾਇਆ ਤੇ ਯਾਦ ਕੀਤਾ ਜਾਂਦਾ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਪਾਰਸ ਜੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨਾ ਪਾਰਸ ਜੀ ਦੇ ਜੀਵਨ ਤੇ ਕਲਾ ਬਾਬਤ ਤਿੰਨ ਪੁਸਤਕਾਂ ਦੀ ਸਿਰਜਣਾ ਕੀਤੀ। ਪਾਰਸ ਜੀ ਨੂੰ ਬੜੀ ਨੇੜ ਤੋਂ ਦੇਖਿਆ। ਉਹ ਸੰਵੇਦਨਸ਼ੀਲ ਤੇ ਮਿਲਾਪੜੇ ਮਨੁੱਖ ਸਨ। ਉਨਾ ਅਜ ਦੇ ਦਿਨ ਸੰਨ 1916 ਨੂੰ ਆਪਣੇ ਨਾਨਕੇ ਪਿੰਡ ਮਰਾਝ ਲਿਖੇ ਜਨਮ ਲਿਆ ਤੇ ਆਪਣੇ ਜੱਦੀ ਪਿੰਡ ਰਾਮੂਵਾਲੇ ਪੂਰੇ ਹੋਏ। ਅਜ ਪੰਜਾਬ ਕਲਾ ਪਰਿਸ਼ਦ ਉਨਾ ਦੇ ਜਨਮ ਦਿਨ ਮੌਕੇ ਉਨਾ ਦੀ ਘਾਲਣਾ ਤੇ ਸੇਵਾ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।