ਜਗਦੀਸ਼ ਥਿੰਦ
ਗੁਰੂ ਹਰਸਹਾਏ , 1 ਜੁਲਾਈ ;
ਇਸ ਸਮਾਜ ਵਿੱਚ ਕੁਝ ਅਜਿਹੇ ਕਰਮਯੋਗੀ ਪੈਦਾ ਹੁੰਦੇ ਹਨ ਜੋ ਕਿ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਦੇ ਨਾਲ - ਨਾਲ ਸਮਾਜ ਵਿੱਚ ਅਜਿਹੀਆਂ ਪੈੜਾਂ ਛੱਡ ਜਾਂਦੇ ਹਨ ਜੋ ਕਿ ਲੰਬੇ ਅਰਸੇ ਤਕ ਯਾਦ ਰਹਿੰਦੀਆਂ ਹਨ ।
ਅਜਿਹੇ ਹੀ ਸ਼ਖ਼ਸੀਅਤ ਦੇ ਮਾਲਕ ਸਨ ਸ੍ਰੀ ਦੀਵਾਨ ਚੰਦ ਪੰਧੂ ਜਿਨ੍ਹਾਂ ਇਕ ਸਦੀ ਦੇ ਅਰਸੇ ਦਾ ਜੀਵਨ ਜਿਉਂਦਿਆਂ ਜਿੱਥੇ ਆਪਣੇ ਸਮਾਜਿਕ ਫ਼ਰਜ਼ਾਂ ਨੂੰ ਪੂਰਾ ਕੀਤਾ , ਉੱਥੇ ਸਮੇਂ - ਸਮੇਂ ਤੇ ਆਈਆਂ ਬਿਪਤਾਵਾਂ ਮੌਕੇ ਰਾਹ ਦਸੇਰਾ ਸਾਬਤ ਹੋਏ ।
ਦੀਵਾਨ ਚੰਦ ਪੰਧੂ ਦਾ ਜਨਮ ਪਿਤਾ ਚੌਧਰੀ ਘਨੱਈਆ ਰਾਮ ਪੰਧੁ ਘਰ 1922 ਨੂੰ ਹੋਇਆ ।
ਪਿੰਡ ਲਾਲੇਵਾਲਾ ਤਹਿਸੀਲ ਦੀਪਾਲਪੁਰ ਜ਼ਿਲ੍ਹਾ ਓਕਾੜਾ ( ਪਾਕਿਸਤਾਨ ) ਵਿਚ ਜਨਮੇ ਦੀਵਾਨ ਚੰਦ ਪੰਧੂ ਨੇ ਪੰਜ ਜਮਾਤਾਂ ਪਾਸ ਕਰਕੇ ਅੰਗਰੇਜ਼ਾਂ ਦੇ ਰਾਜ ਵਿੱਚ ਵਜ਼ੀਫ਼ਾ ਪ੍ਰਾਪਤ ਕੀਤਾ ।
ਦੇਸ਼ ਦੀ ਵੰਡ ਮੌਕੇ ਦੀਵਾਨ ਚੰਦ ਪੰਧੂ ਪੱਚੀ ਵਰ੍ਹਿਆਂ ਦੇ ਜਵਾਨ ਵਿਅਕਤੀ ਸਨ ।
ਪੰਧੁ ਪਰਵਾਰ ਦਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਉੱਘੇ ਪਿੰਡ ਗੋਲੂ ਕਾ ਮੋਡ਼ ਵਿਖੇ ਵਸੇਬਾ ਹੋਇਆ ਤਾਂ ਇਨ੍ਹਾਂ ਲਾਲੇ ਵਾਲਾ ਵਿਖੇ ਸਥਿਤ ਡੇਰਾ ਭਜਨਗੜ੍ਹ ਸਾਹਿਬ ਦੀ ਸਥਾਪਨਾ ਗੋਲੂ ਕਾ ਮੋਡ਼ ਵਿਖੇ ਹੋਣ ਤੇ ਇਨ੍ਹਾਂ ਜਿੱਥੇ ਡੇਰੇ ਦੇ ਕੰਮਾਂ ਵਿੱਚ ਸ਼ੁਰੂ ਤੋਂ ਹੀ ਵਧ ਚਡ਼੍ਹ ਕੇ ਹਿੱਸਾ ਲਿਆ , ਉੱਥੇ ਸਮਾਜਿਕ ਜੀਵਨ ਜੀਣ ਨੂੰ ਤਰਜੀਹ ਦਿੱਤੀ ।
ਹਾਲਾਂਕਿ ਇਨ੍ਹਾਂ ਦੇ ਸਹਿਪਾਠੀ ਸਾਥੀ ਸਰਕਾਰੀ ਨੌਕਰੀਆਂ ਤੇ ਚਲੇ ਗਏ ਅਤੇ ਇਨ੍ਹਾਂ ਨੂੰ ਵੀ ਸਰਕਾਰੀ ਜੌਬ ਦੀ ਆਫਰ ਸੀ ਪਰ ਇਨ੍ਹਾਂ ਸਮਾਜਿਕ ਜੀਵਨ ਜੀਣ ਨੂੰ ਤਰਜੀਹ ਦਿੱਤੀ ।
ਆਪ 1960 ਵਿੱਚ ਪਿੰਡ ਦੇ ਮੈਂਬਰ ਪੰਚਾਇਤ ਚੁਣੇ ਗਏ ਅਤੇ 1966 ਵਿੱਚ ਸਰਪੰਚ ਦੀ ਚੋਣ ਵੋਟਾਂ ਬਰਾਬਰ ਹੋਣ ਤੇ ਟਾਸ ਤੇ ਹਾਰ ਗਏ ।
ਇਨ੍ਹਾਂ ਦੀ ਸ਼ਰਾਫ਼ਤ ਇਸ ਮੌਕੇ ਵੀ ਉਸ ਸਮੇਂ ਪ੍ਰਗਟ ਹੋਈ ਜਦਕਿ ਕੁੱਝ ਪੋਲ ਹੋਏ ਵੋਟ ਇਨ੍ਹਾਂ ਦੇ ਕੋਲ ਹੀ ਸਨ ।
ਇਸ ਤੋਂ ਬਾਅਦ 1992 ਵਿੱਚ ਆਪ ਗੋਲੂ ਕਾ ਮੋਡ਼ ਵਾਸਲ ਮੋਹਨਕੇ ਦੇ ਸਰਪੰਚ ਬਣੇ ।
ਇਨ੍ਹਾਂ ਦੇ ਵੱਡੇ ਪੁੱਤਰ ਅਮੀਰ ਚੰਦ ਪੰਧੂ ਨੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਨੂੰ ਚੁਣਿਆ ।
ਇਨ੍ਹਾਂ ਦਾ ਛੋਟਾ ਬੇਟਾ ਤਿਲਕ ਰਾਜ ਪੰਧੂ 2002 ਵਿੱਚ ਵਾਸਲ ਮੋਹਨ ਕਾ ( ਗੋਲੂ ਕਾ ਮੋੜ ) ਦੇ ਸਰਪੰਚ ਬਣੇ ।
ਤਿਲਕ ਰਾਜ ਪੰਧੂ ਯੂਥ ਕੰਬੋਜ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਵੀ ਚੁਣੇ ਗਏ ।
ਬੀਤੀ 27 ਜੂਨ ਨੂੰ ਚੌਧਰੀ ਦੀਵਾਨ ਚੰਦ ਬੰਧੂ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਹਨ ।
ਉਹਨਾਂ ਨਮਿਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਗਮ 2 ਜੁਲਾਈ 2021ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਡੇਰਾ ਭਜਨਗੜ੍ਹ ਸਾਹਿਬ ਗੋਲੂ ਕਾ ਮੋਡ਼ ਵਿਖੇ ਹੋ ਰਿਹਾ ਹੈ ।
ਇਸ ਮੌਕੇ ਸਾਕ ਸਬੰਧੀਆਂ ਤੋਂ ਇਲਾਵਾ ਸਮਾਜਿਕ , ਰਾਜਨੀਤਕ ਅਤੇ ਹੋਰ ਵਰਗਾਂ ਨਾਲ ਜੁੜੀਆਂ ਅਹਿਮ ਸ਼ਖ਼ਸੀਅਤਾਂ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ ।