ਗੁਰਭਜਨ ਗਿੱਲ
ਪਟਿਆਲਾ, 17 ਅਕਤੂਬਰ 2020 - ਬੜੀ ਦੁੱਖ ਭਰੀ ਖਬਰ ਮਿਲੀ ਹੈ ਕਿ ਡਾ. ਕੁਲਦੀਪ ਸਿੰਘ ਧੀਰ ਸਾਬਕਾ ਮੁਖੀ ਪੰਜਾਬੀ ਵਿਭਾਗ, ਡੀਨ ਅਕਾਦਮਿਕ ਅਫੇਅਰਜ਼,ਪੰਜਾਬੀ ਯੂਨੀਵਰਸਿਟੀ ਪਟਿਆਲਾ ਸਦੀਵੀ ਵਿਛੋੜਾ ਦੇ ਗਏ ਹਨ।
ਮੁਹੱਬਤੀ ਰੂਹ ਸਨ ਉਹ ਗੰਭੀਰ ਸਾਹਿਤ ਚਿੰਤਕ ਅਤੇ ਵਿਗਿਆਨ ਲੇਖਕ ਸਨ ਉਹ। ਪ੍ਰੋ. ਨਿਰੰਜਨ ਸਿੰਘ, ਪ੍ਰੋ: ਨਿਸ਼ਾਨ ਸਿੰਘ ਢਿੱਲੋਂ, ਡਾ, ਸ ਸ ਢਿੱਲੋਂ ਤੇ ਵਿਦਵਾਨ ਸਿੰਘ ਸੋਨੀ ਵਾਂਗ ਉਨ੍ਹਾਂ ਸਾਰੀ ਉਮਰ ਵਿਗਿਆਨ ਬਾਰੇ ਗਹਿਰ ਗੰਭੀਰੇ ਲੇਖ ਤੇ ਪੁਸਤਕਾਂ ਲਿਖੀਆਂ।
ਡਾ: ਧੀਰ ਬੁਨਿਆਦੀ ਤੌਰ ਤੇ ਇੰਜਨੀਅਰਿੰਗ ਤੇ ਵਿਗਿਆਨ ਵਿਦਿਆਰਥੀ ਸਨ। ਪੰਜਾਬੀ 'ਚ ਆ ਕੇ ਨਿਵੇਕਲੀਆਂ ਪੈੜਾਂ ਕੀਤੀਆਂ। ਅਕਸਰ ਆਖਦੇ ਗੁਰਬਖ਼ਸ ਸਿੰਘ ਪ੍ਰੀਤਲੜੀ ਵੀ ਇੰਜਨੀਅਰ ਸਨ ਤੇ ਪ੍ਰੋ: ਪੂਰਨ ਸਿੰਘ ਬਨਸਪਤੀ ਵਿਗਿਆਨੀ ਸ਼ਬਦ ਸਾਧਕ ਸਨ ਨਿਰੰਤਰ ਤੁਰਨ ਵਾਲੇ। ਜਦ ਮਿਲਦੇ ਇਹੀ ਆਖਦੇ, ਤੈਨੂੰ ਪਤੈ ਮੈਂ ਬਟਾਲੇ ਖਾਲਸਾ ਸਕੂਲ ਚ ਪੜ੍ਹਦਾ ਰਿਹਾਂ। ਪੰਜਾਬੀ ਕਵੀ ਦੀਵਾਨ ਸਿੰਘ ਮਹਿਰਮ ਮੇਰੇ ਪੰਜਾਬੀ ਅਧਿਆਪਕ ਸਨ। ਯਾਰ! ਉਹਦਾ ਕੁਝ ਕਰੀਏ। ਕੋਈ ਕਿਤਾਬ ਨਹੀਂ ਲੱਭਦੀ ਨਾ ਤਸਵੀਰ। ਆਪਾਂ ਕਿੰਨੇ ਗਰਕ ਗਏ ਹਾਂ।
ਉਨ੍ਹਾਂ ਦੇ ਕਹਿਣ ਬਾਦ ਮੈਂ ਸੱਜਣਾਂ ਪਿਆਰਿਆਂ ਤੋਂ ਪੰਦਰਾਂ ਕੁ ਕਵਿਤਾਵਾਂ ਸਵਿੰਦਰ ਸਿੰਘ ਭਾਗੋਵਾਲੀਆ ਤੇ ਹੋਰ ਸੋਮਿਆਂ ਤੋਂ ਲੱਭ ਲਈਆਂ। ਫੋਟੋ ਕਾਪੀਆਂ ਵੀ ਡਾ. ਧੀਰ ਨੂੰ ਭੇਜ ਦਿੱਤੀਆਂ।
ਕਾਦੀਆਂ ਵੀ ਮਹਿਰਮ ਜੀ ਪੜ੍ਹਾਉਂਦੇ ਰਹੇ ਸਨ। ਉਥੇ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਡਾ. ਨਰੇਸ਼ ਸ਼ਰਮਾ ਨੂੰ ਕਹਿ ਕੇ ਕਿਤਾਬਾਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਨਤੀਜਾ ਨਾ ਮਿਲਿਆ। ਡਾ. ਧੀਰ ਵਧੀਆ ਪ੍ਰੇਰਕ ਸਨ। ਕੰਮ ਦੇ ਮਗਰ ਟੁੱਟ ਕੇ ਪੈਣ ਵਾਲੇ। ਖਹਿੜਾ ਨਾ ਛੱਡਦੇ ,ਮੰਜ਼ਿਲ ਤੀਕ ਪਹੁੰਚਣ ਤੀਕ ਹਿੰਮਤੀ ਫ਼ਸਲ ਮੁੱਕ ਰਹੀ ਹੈ।
ਡਾ. ਕੁਲਦੀਪ ਸਿੰਘ ਧੀਰ ਆਪਣੇ ਸਹਿਪਾਠੀਆਂ ਦੀਆਂ ਪ੍ਰਾਪਤੀਆਂ ਚੇਤੇ ਕਰਕੇ ਸਵਾਦ ਲੈਂਦੇ। ਪੰਦਰਾਂ ਕੁ ਸਾਲ ਪਹਿਲਾਂ ਮੈਨੂੰ ਫੋਨ ਕਰਕੇ ਕਹਿਣ ਲੱਗੇ, ਮੇਰਾ ਯਾਰ ਤੇ ਸਹਿਪਾਠੀ ਡਾ. ਜੀ ਐੱਸ ਨੰਦਾ ਤੇਰੀ ਯੂਨੀਵਰਸਿਟੀ ਚ ਨਿਰਦੇਸ਼ਕ ਖੋਜ ਹੈ, ਮੈਂ ਮਿਲਣ ਆਉਣੈਂ। ਅੱਧਾ ਕੁ ਘੰਟਾ ਵਿਹਲਾ ਰੱਖੀਂ। ਕੁਝ ਦੋਸਤ ਬੁਲਾ ਲਵੀਂ। ਮਿਲ ਬੈਠਾਂਗੇ। ਹਸਨਪੁਰੀ,ਪੁਰਦਮਨ ਸਿੰਘ ਬੇਦੀ, ਨਿਰਮਲ ਜੌੜਾ ਨਾਲ ਹੱਸਦੇ ਖੇਡਦੇ ਰਹੇ।
ਪਿਛਲੇ ਸਾਲ ਮਿਲੇ ਤਾਂ ਪਹਿਲਾਂ ਤੋਂ ਲੰਮੇ ਲੱਗੇ। ਮੈਂ ਕਿਹਾ , ਭਾਜੀ ਤੁਸੀਂ ਤਾਂ ਪੁੰਗਰ ਪਏ ਲੱਗਦੇ ਓ। ਲੰਮੇ ਹੋ ਗਏ।
ਹੱਸ ਕੇ ਬੋਲੇ, ਨਹੀਂ ਯਾਰ, ਗੋਡੇ ਦੁਖਦੇ ਰਹਿੰਦੇ ਸਨ, ਨਵੇਂ ਪੁਆ ਲਏ। ਟਾਇਰਾਂ ਚ ਹੁਣ ਹਵਾ ਪੂਰੀ ਹੈ।
ਡਾ: ਨਰੇਸ਼ ਸ਼ਰਮਾ ਨੇ ਸੈਂਟਰਲ ਯੂਨੀਵਰਸਿਟੀ ਧਰਮਸਾਲਾ ਚ ਕੋਈ ਵਿਸ਼ੇਸ਼ ਭਾਸ਼ਨ ਕਰਵਾਉਣ ਲਈ ਡਾ. ਕੁਲਦੀਪ ਸਿੰਘ ਧੀਰ ਦਾ ਸੰਪਰਕ ਨੰਬਰ ਤੇ ਜੀਵਨ ਬਿਓਰਾ ਪਿਛਲੇ ਮਹੀਨੇ ਹੀ ਤਾਂ ਮੈਥੋਂ ਲਿਆ ਸੀ। ਪਤਾ ਨਹੀਂ ਭਾਸ਼ਨ ਹੋ ਗਿਆ ਜਾਂ ਨਹੀਂ।
ਜੀਵਨ ਵੇਰਵਾ ਦੱਸਦਾ ਹੈ ਕਿ ਡਾ. ਕੁਲਦੀਪ ਸਿੰਘ ਧੀਰ ਜੀ ਦਾ ਜਨਮ ਮਾਤਾ ਕੁਲਵੰਤ ਕੌਰ ਦੀ ਕੁਖੋਂ ਸ: ਪ੍ਰੇਮ ਸਿੰਘ ਜੀ ਦੇ ਘਰ 15 ਨਵੰਬਰ 1943 ਨੂੰ ਮੰਡੀ ਬਹਾਉਦੀਨ (ਗੁਜਰਾਤ -ਪਾਕਿਸਤਾਨ)ਵਿੱਚ ਹੋਇਆ।
ਪਰਿਵਾਰ ਪੱਕੇ ਤੌਰ ਤੇ ਪਟਿਆਲੇ ਵੱਸ ਗਿਆ ਜਿੱਥੋਂ ਆਪ ਨੇ ਮਕੈਨੀਕਲ ਇੰਜੀਨਰਿੰਗ ਦੀ ਡਿਗਰੀ ਥਾਪਰ ਇੰਜੀਨੀਰਿੰਗ ਕਾਲਜ ਤੋਂ 1966 ਚ ਕੀਤੀ ਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਪੰਜਾਬੀ ਚ ਡਾਕਟਰੇਟ।
ਉਨ੍ਹਾਂ ਨੂੰ ਭਾਈ ਸੰਤੋਖ ਸਿੰਘ ਪੁਰਸਕਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ 1998, ਸਾਈਂ ਮੀਆਮੀਰ ਟਰੱਸਟ ਅਵਾਰਡ 2000, ਪੰਜਾਬ ਸਰਕਾਰ ਦਾ 1 ਲੱਖ ਕੈਸ਼ ਇਨਾਮ ਸ਼੍ਰੋਮਣੀ ਪੰਜਾਬੀ ਲੇਖਕ1999,ਐਮ ਐਸ ਰੰਧਾਵਾ ਭਾਸ਼ਾ ਵਿਭਾਗ ਇਨਾਮ 2003, ਐਮ ਐਸ ਰੰਧਾਵਾ ਗਿਆਨ ਵਿਗਿਆਨ ਇਨਾਮ ਪੰਜਾਬ ਖੇਤੀ ਯੂਨੀਵਰਸਿਟੀ ਚ 2004 ਵੇਲੇ ਹੋਈ ਪੰਜਾਬ ਵਿਗਿਆਨ ਕਾਂਗਰਸ ਚ ਮਿਲਿਆ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਉਹ ਜੀਵਨ ਮੈਂਬਰ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਰਾਂ ਵਜੇ ਬੀਰਜੀ ਸ਼ਮਸ਼ਾਨ ਭੂਮੀ ਪਟਿਆਲਾ ਵਿੱਚ ਹੋਵੇਗਾ।
ਅਲਵਿਦਾ ਸੁਰਾਂਗਲੇ ਸੱਜਣਾ!
ਡਾ: ਜਗਤਾਰ ਦਾ ਸ਼ਿਅਰ ਚੇਤੇ ਆ ਰਿਹੈ
ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ
ਯਾਦ ਤੇਰੀ ਦਿਲ ਚੋਂ ਪਰ ਜਾਣੀ ਨਹੀਂ।