1984 ਵਿੱਚ ਦਰਬਾਰ ਸਾਹਿਬ ਕੇ ਹਮਲੇ ਵੇਲੇ ਕਰਫਿਊ ਦੇ ਬਾਵਜੂਦ ਵਿਗਿਆਨ ਤਜ਼ਰਬੇ ਬਚਾਉਣ ਦਾ ਧਰਮ ਨਿਭਾਇਆ ਡਾਃ ਲ ਸ ਰੰਧਾਵਾ ਨੇ
ਲੁਧਿਆਣਾਃ 5 ਜੂਨ 2022 - ਜੂਨ 1984 ਚ ਦਰਬਾਰ ਸਾਹਿਬ ਤੇ ਹਮਲੇ ਵੇਲੇ ਕਰਫਿਊ ਦੇ ਬਾਵਜੂਦ ਕੁਝ ਖੇਤੀਬਾੜੀ ਵਿਗਿਆਨੀ ਅਜਿਹੇ ਵੀ ਸਨ, ਜਿੰਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਾਂ ਵਿੱਚ ਨਵੀਆਂ ਕਿਸਮਾਂ ਵਿਕਸਤ ਕਰਨ ਲਈ ਬੀਜੇ ਤਜ਼ਰਬੇ ਫੇਲ੍ਹ ਨਾ ਹੋਣ ਦਿੱਤੇ। ਉਨ੍ਹਾਂ ਵਿੱਚੋਂ ਵਰਤਮਾਨ ਸਮੇਂ ਅਮਰੀਕਾ ਦੇ ਪ੍ਰਮੁੱਖ ਵਿਗਿਆਨੀ ਡਾਃ ਲਖਵਿੰਦਰ ਸਿੰਘ ਰੰਧਾਵਾ ਵੀ ਹਨ ਜੋ 1984 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਵਿਭਾਗ ਵਿੱਚ ਨਰਮਾ ਵਿਗਿਆਨੀ ਸਨ। ਉਨ੍ਹਾਂ ਦੇ ਟੀਮ ਆਗੂ ਸੁਰਗਵਾਸੀ ਡਾਃ ਤੇਜਿੰਦਰ ਹਰਪਾਲ ਸਿੰਘ ਦੀ ਹਦਾਇਤ ਸੀ ਕਿ ਕਿਸੇ ਵੀ ਸੂਰਤ ਵਿੱਚ ਨਰਮੇ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ ਦੇ ਤਜ਼ਰਬੇ ਫੇਲ੍ਹ ਨਹੀਂ ਹੋਣੇ ਚਾਹੀਦੇ। ਉਦੋਂ ਦੇ ਨਿਰਦੇਸ਼ਕ ਖੋਜ ਡਾਃ ਖੇਮ ਸਿੰਘ ਗਿੱਲ ਜੀ ਦਾ ਵੀ ਇਹੀ ਹੁਕਮ ਸੀ।
ਇਹ ਜਾਣਕਾਰੀ ਅਮਰੀਕਾ ਤੋਂ ਲੁਧਿਆਣਾ ਆਏ ਡਾਃ ਲਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤੀ ਸੈਨਾ ਅਤੇ ਸੀ ਆਰ ਪੀ ਨੂੰ ਝਕਾਨੀ ਦੇ ਕੇ ਲਯਵੀ ਸਾਨੂੰ ਕੁਝ ਦਿਨ ਵਿਗਿਆਨਕ ਧਰਮ ਨਿਭਾਉਣਾ ਪਿਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਬੀਜੇ ਟਰਾਇਲਜ਼ ਵਿੱਚ ਨਰਮੇ ਦੀ ਕਰਾਮਾਤੀ ਕਿਸਮ ਐੱਲ ਐੱਚ 900 ਵੀ ਸੀ ਜੋ ਪੂਰੇ ਨਰਮਾ ਜਗਤ ਵਿੱਚ ਵੱਧ ਝਾੜ ਦੇਣ ਕਾਰਨ ਨਰਮੀ ਉਤਪਾਦਕਾਂ ਚ ਬੇਹੱਦ ਪ੍ਰਵਾਨ ਹੋਈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਚੋਣਵੇਂ ਮਿੱਤਰ ਦਾਇਰੇ ਨੂੰ ਇਹ ਗੱਲ ਦੱਸਦਿਆਂ ਡਾਃ.ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਕਿਹਾ ਕਿ ਭਾਵੇਂ ਦਰਬਾਰ ਸਾਹਿਬ ਹਮਲੇ ਕਾਰਨ 38 ਸਾਲ ਪਹਿਲਾਂ ਵੀ ਬੇਹੱਦ ਦਰਦ ਸੀ ਪਰ ਵਿਗਿਆਨਕ ਜੁੰਮੇਵਾਰੀਆਂ ਵੀ ਧਰਮ ਵਾਂਗ ਹੀ ਨਿਭਾਉਣੀਆਂ ਪੈਂਦੀਆਂ ਹਨ।
ਡਾਃ ਰੰਧਾਵਾ ਲਗਪਗ ਵੀਹ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸੇਵਾ ਵਿੱਚ ਰਹੇ ਜਿੱਥੇ ਉਨ੍ਹਾਂ ਨੇ ਐੱਲ ਐੱਚ 900 ਤੋਂ ਨਰਮੇ ਦੀਆਂ ਬਿਨਾ ਸੱਤ ਹੋਰ ਕਿਸਮਾਂ ਐੱਲ ਐੱਚ 886 ਤੇ 1134, ਐੱਫ 846 ਤੇ 1054,ਐੱਲ ਐੱਚ 1556, ਐੱਫ 1387 ਤੇ ਐੱਲ ਡੀ 327 ਕਿਸਮਾਂ ਵਿਕਸਤ ਕੀਤੀਆਂ। ਨਰਮੇ ਦੀ ਹਾਈਬਰਿਡ ਕਿਸਮ ਫਤਹਿ ਅਤੇ ਵਾਇਰਸ ਨਿਰੋਧਕ ਕਿਸਮ, ਐੱਲ ਐੱਚ ਐੱਚ 144 ਵੀ ਵਿਕਸਤ ਕੀਤੀਆਂ।
ਡਾਃ ਲਖਵਿੰਦਰ ਸਿੰਘ ਰੰਧਾਵਾ ਏਥੋਂ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਨਰਮਾ ਖੋਜ ਵਿਕਾਸ ਕੇਂਦਰ ਸਿਰਸਾ ਦੇ ਡਾਇਰੈਕਟਰ ਬਣ ਕੇ ਚਲੇ ਗਏ ਜਿੱਥੋਂ ਆਪ ਅਮਰੀਕਾ ਚਲੇ ਗਏ। ਉਸ ਮੁਲਕ ਵਿੱਚ ਵੀ ਆਪ ਨੇ ਨਰਮਾ, ਖਰਬੂਜਾ, ਖੀਰਾ, ਟਮਾਟਰ, ਮਿਰਚਾਂ ਦੀਆਂ ਲਗਪਗ 60 ਕਿਸਮਾਂ ਵਿਕਸਤ ਕੀਤੀਆਂ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਲੀਵਾਲ ਜੱਟਾਂ ਤੇ ਕਾਲਾ ਅਫਗਾਨਾ ਦੇ ਤੱਪੜ ਵਾਲੀਆਂ ਸੰਸਥਾਵਾਂ ਤੋਂ ਸਕੂਲ ਸਿੱਖਿਆ ਗ੍ਰਹਿਣ ਕਰਕੇ ਆਪ ਪਹਿਲਾਂ ਗੌਰਮਿੰਟ ਕਾਲਿਜ ਲੁਧਿਆਣਾ ਤੇ ਮਗਰੋਂ ਪੰਜਾਬ ਖੇਤੀ ਯੂਨੀਵਰਸਿਟੀ ਚ ਪੜ੍ਹਨ ਲੱਗ ਪਏ। ਇਥੋਂ ਹੀ ਆਪ ਨੇ ਡਾਕਟਰੇਟ ਤੀਕ ਦੀ ਪੜ੍ਹਾਈ ਕੀਤੀ।
ਅਨੇਕਾਂ ਪੁਰਸਕਾਰ ਜੇਤੂ ਡਾਃ ਰੰਧਾਵਾ ਆਪਣੀ 93 ਸਾਲਾਂ ਦੀ ਬਿਰਧ ਮਾਤਾ ਦੀ ਇੱਛਾ ਅਨੁਸਾਰ ਆਪਣੀ ਜੀਵਨ ਸਾਥਣ ਡਾਃ ਜਗਦੀਸ਼ ਕੌਰ ਰੰਧਾਵਾ ਸਮੇਤ ਵਤਨ ਪਰਤੇ ਹਨ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡਾਃ ਲਖਵਿੰਦਰ ਸਿੰਘ ਰੰਧਾਵਾ ਦੀਆਂ ਪ੍ਰਾਪਤੀਆਂ ਤੇ ਮਾਣ ਕਰਦਿਆਂ ਕਿਹਾ ਕਿ ਡਾਃ ਲਖਵਿੰਦਰ ਸਿੰਘ ਰੰਧਾਵਾ ਤੇ ਉਸ ਦੇ ਸਾਥੀਆਂ ਦੀ ਮਿਹਨਤ ਸਦਕਾ ਵਿਕਸਤ ਨਰਮੇ ਦੀ ਕਰਾਮਾਤੀ ਕਿਸਮ ਐੱਲ ਐੱਚ 900 ਬਾਰੇ 1988 ਵਿੱਚ ਮੇਰਾ ਲਿਖਿਆ ਤੇ ਨਰਿੰਦਰ ਬੀਬਾ ਜੀ ਦਾ ਗਾਇਆ ਗੀਤ ਨੌਂ ਸੌ ਵਾਲੇ ਨਰਮੇ ਦੀ ਗੱਲ ਸੁਣ ਹਾਣੀਆਂ। ਟੀਂਡਿਆਂ ਦੇ ਭਾਰ ਨਾਲ ਲਿਫੀਆਂ ਨੇ ਟਾਹਣੀਆਂ ਆਕਾਸ਼ਵਾਣੀ ਵੱਲੋਂ ਪਰਸਾਰਿਤ ਹੋਣ ਦਾ ਮਾਣ ਮਿਲਿਆ।