ਓਲੰਪਿਕਸ ਮੈਡਲ ਜਿੱਤਣ ਵਾਲੇ ਪੰਜਾਬ ਦੇ ਹਾਕੀ ਖਿਡਾਰੀਆਂ ਬਾਰੇ ਸੰਖੇਪ ਜਾਣਕਾਰੀ..ਨਵਦੀਪ ਸਿੰਘ ਗਿੱਲ ਦੇ Key-Board ਤੋਂ
*ਟੀਮ ਦੇ ਦੋ ਖਿਡਾਰੀ ਪੰਜਾਬ ਸਰਕਾਰ ਵਿੱਚ PCS ਅਫਸਰ ਹਨ ਤੇ ਚਾਰ DSP ਹਨ।*
*ਹਰਮਨਪ੍ਰੀਤ ਸਿੰਘ:* ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹਨ। ਹਰਮਨਪ੍ਰੀਤ ਸਿੰਘ ਆਪਣੀ ਤੀਜੀ ਓਲੰਪਿਕਸ ਖੇਡਿਆ। ਹਰਮਨਪ੍ਰੀਤ ਸਿੰਘ ਡਿਫੈਂਡਰ ਹੈ ਅਤੇ ਡਰੈਗ ਫਲਿੱਕਰ ਹੋਣ ਦੇ ਨਾਤੇ ਟੀਮ ਦੀ ਸਕੋਰਿੰਗ ਸ਼ਕਤੀ ਦਾ ਅਹਿਮ ਅੰਗ ਹੈ। 2021 ਵਿੱਚ ਟੋਕੀਓ ਓਲੰਪਿਕਸ ਵਿੱਚ ਭਾਰਤ ਨੇ ਹਾਕੀ ਵਿੱਚ 41 ਵਰ੍ਹਿਆਂ ਬਾਅਦ ਕੋਈ ਤਮਗ਼ਾ ਜਿੱਤਿਆ ਸੀ। ਹਰਮਨਪ੍ਰੀਤ ਸਿੰਘ ਛੇ ਗੋਲਾਂ ਨਾਲ ਭਾਰਤ ਦਾ ਟਾਪ ਸਕੋਰਰ ਸੀ। ਅੰਮ੍ਰਿਤਸਰ ਜ਼ਿਲੇ ਦੇ ਤਿੰਮੋਵਾਲ ਪਿੰਡ ਦਾ ਵਸਨੀਕ ਹਰਮਨਪ੍ਰੀਤ ਸਿੰਘ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਹੈ।ਸਰਪੰਚ ਆਖੇ ਜਾਂਦੇ ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ।
*ਹਾਰਦਿਕ ਸਿੰਘ:* ਹਾਰਦਿਕ ਸਿੰਘ ਭਾਰਟੀ ਟੀਮ ਦਾ ਉਪ ਕਪਤਾਨ ਹੈ ਜੋ ਆਪਣੀ ਦੂਜੀ ਓਲੰਪਿਕਸ ਖੇਡਿਆ। ਹਾਰਦਿਕ ਸਿੰਘ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦਾ ਵਾਰਸ ਹੈ ਜਿਸ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ ਓਲੰਪਿਕਸ ਵਿੱਚ ਸੋਨ ਤਮਗ਼ਾ ਜੇਤੂ ਹਨ, ਰਾਜਬੀਰ ਕੌਰ ਏਸ਼ਿਆਈ ਖੇਡਾਂ ਦੀ ਸੋਨ ਤਮਗ਼ਾ ਜੇਤੂ ਹੈ ਅਤੇ ਜੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹੈ। ਹਾਰਦਿਕ ਸਿੰਘ ਮਿਡਫੀਲਡ ਵਿੱਚ ਖੇਡਦਾ ਹੈ। ਉਹ ਪੰਜਾਬ ਸਰਕਾਰ ਵਿੱਚ ਪੀ.ਸੀ.ਐਸ. ਅਫਸਰ ਹੈ।
*ਮਨਪ੍ਰੀਤ ਸਿੰਘ:* ਭਾਰਤੀ ਹਾਕੀ ਟੀਮ ਦਾ ਸਭ ਤੋਂ ਤਜ਼ਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ ਚੌਥੀ ਓਲੰਪਿਕ ਖੇਡਿਆ। ਮਨਪ੍ਰੀਤ ਤੇ ਸ੍ਰੀਜੇਸ਼ ਸਣੇ ਭਾਰਤ ਵੱਲੋਂ ਚਾਰ ਓਲੰਪਿਕਸ ਖੇਡਣ ਵਾਲੇ ਸਿਰਫ ਪੰਜ ਖਿਡਾਰੀ ਹੀ ਹਨ। ਮਿੱਠਾਪੁਰ ਪਿੰਡ ਦਾ ਵਸਨੀਕ ਮਨਪ੍ਰੀਤ ਸਿੰਘ ਟੋਕੀਓ ਓਲੰਪਿਕਸ ਵਿੱਚ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਸੀ। ਮਿਡਫੀਲਡ ਵਿੱਚ ਇਹ ਭਾਰਤੀ ਟੀਮ ਦੀ ਜਿੰਦ-ਜਾਨ ਹੈ ਜੋ ਡਿਫੈਂਸ ਤੇ ਅਟੈਕ ਵਿਚਕਾਰ ਤਾਲਮੇਲ ਦਾ ਕੰਮ ਕਰਦਾ ਹੈ। 350 ਤੋਂ ਵੱਧ ਮੈਚ ਖੇਡਣ ਦਾ ਤਜ਼ਰਬਾ ਰੱਖਣ ਵਾਲਾ ਮਨਪ੍ਰੀਤ ਸਿੰਘ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਹੈ।
*ਮਨਦੀਪ ਸਿੰਘ:* ਮਨਪ੍ਰੀਤ ਸਿੰਘ ਦਾ ਗਰਾਈਂ ਮਨਦੀਪ ਸਿੰਘ ਇਸ ਵਾਰ ਆਪਣੀ ਦੂਜੀ ਓਲੰਪਿਕਸ ਖੇਡਿਆ। ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਤਜ਼ਰਬੇਕਾਰ ਖਿਡਾਰੀ ਮਨਦੀਪ ਸਿੰਘ 250 ਦੇ ਕਰੀਬ ਮੈਚਾਂ ਵਿੱਚ ਹੁਣ ਤੱਕ 100 ਤੋਂ ਵੱਧ ਗੋਲ ਕਰ ਚੁੱਕਾ ਹੈ। ਉਹ ਵੀ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਹੈ।
*ਗੁਰਜੰਟ ਸਿੰਘ:* ਅੰਮ੍ਰਿਤਸਰ ਜ਼ਿਲੇ ਦੇ ਪਿੰਡ ਖਲਿਹਾਰਾ ਦਾ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਹੈ ਜੋ ਕਿ ਆਪਣੀ ਤੇਜ਼ ਤਰਾਰ ਖੇਡ ਲਈ ਜਾਣਿਆ ਜਾਂਦਾ ਹੈ। ਹਾਲੈਂਡ ਖਿਲਾਫ ਇਕ ਮੈਚ ਵਿੱਚ 13 ਸਕਿੰਟ ਵਿੱਚ ਗੋਲ ਕਰਕੇ ਸਭ ਤੋਂ ਤੇਜ਼ ਗੋਲ ਕਰਨ ਵਾਲਾ ਭਾਰਤੀ ਸਟਰਾਈਕਰ ਗੁਰਜੰਟ ਸਿੰਘ ਵੀ ਆਪਣੀ ਦੂਜੀ ਓਲੰਪਿਕਸ ਖੇਡਿਆ। ਉਹ ਪੰਜਾਬ ਸਰਕਾਰ ਵਿੱਚ ਪੀ.ਸੀ.ਐਸ. ਅਫਸਰ ਹੈ।
*ਸ਼ਮਸ਼ੇਰ ਸਿੰਘ:* ਸਰਹੱਦੀ ਪਿੰਡ ਅਟਾਰੀ ਦਾ ਵਸਨੀਕ ਸ਼ਮਸ਼ੇਰ ਸਿੰਘ ਪਿਛਲੀ ਵਾਰ ਟੋਕੀਓ ਓਲੰਪਿਕਸ ਵਿੱਚ ਸਭ ਤੋਂ ਘੱਟ ਤਜ਼ਰਬੇਕਾਰ ਖਿਡਾਰੀ ਸੀ ਅਤੇ ਹੁਣ ਉਹ ਭਾਰਤੀ ਫਾਰਵਰਡ ਲਾਈਨ ਦੇ ਤਜ਼ਰਬੇਕਾਰ ਖਿਡਾਰੀਆਂ ਵਿੱਚੋਂ ਇਕ ਹੈ। ਉਹ ਟੀਮ ਖੇਡ ਦਾ ਅਹਿਮ ਹਿੱਸਾ ਹੈ ਜੋ ਖੇਡ ਮੈਦਾਨ ਵਿੱਚ ਸ਼ਾਂਤਚਿੱਤ ਸੁਭਾਅ ਲਈ ਜਾਣਿਆ ਜਾਂਦਾ ਹੈ। ਸ਼ਮਸ਼ੇਰ ਸਿੰਘ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਹੈ।
*ਜਰਮਨਪ੍ਰੀਤ ਸਿੰਘ ਬੱਲ:* ਅੰਮ੍ਰਿਤਸਰ ਜ਼ਿਲੇ ਦੇ ਪਿੰਡ ਰਾਜ਼ਦਾਨ ਦਾ ਵਸਨੀਕ ਜਰਮਨਪ੍ਰੀਤ ਸਿੰਘ ਆਪਣੀ ਸਾਬਤ ਸੂਰਤ ਦਿੱਖ ਅਤੇ ਉਚ ਲੰਬੇ ਕੱਦ ਕਾਰਨ ਹਾਕੀ ਫੀਲਡ ਵਿੱਚ ਵੱਖਰੀ ਹੀ ਪਛਾਣ ਰੱਖਦਾ ਹੈ। ਭਾਰਤੀ ਡਿਫੈਂਸ ਲਾਈਨ ਵਿੱਚ ਖੇਡਦਾ ਇਹ ਖਿਡਾਰੀ ਆਪਣੇ ਲੰਬੇ ਸਲੈਪ ਸ਼ਾਟ ਕਰਕੇ ਫਾਰਵਰਡ ਲਾਈਨ ਲਈ ਫੀਡਰ ਦਾ ਕੰਮ ਵੀ ਕਰਦਾ ਹੈ। ਉਹ ਭਾਰਤੀ ਆਮਦਨ ਕਰ ਵਿਭਾਗ ਵਿੱਚ ਸਰਵਿਸ ਕਰਦਾ ਹੈ।
*ਸੁਖਜੀਤ ਸਿੰਘ:* ਅੰਮ੍ਰਿਤਸਰ ਜ਼ਿਲੇ ਦੇ ਜੱਦੀ ਪਿਛੋਕੜ ਵਾਲਾ ਸੁਖਜੀਤ ਸਿੰਘ ਜਲੰਧਰ ਸ਼ਹਿਰ ਦਾ ਵਸਨੀਕ ਹੈ। ਭਾਰਤੀ ਫਾਰਵਰਡ ਲਾਈਨ ਵਿੱਚ ਸ਼ਾਮਲ ਨਵੇਂ ਖਿਡਾਰੀਆਂ ਵਿੱਚੋਂ ਇਕ ਸੁਖਜੀਤ ਸਿੰਘ ਹਾਲ ਹੀ ਵਿੱਚ ਏਸ਼ਿਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਸੋਨ ਤਮਗ਼ਾ ਜੇਤੂ ਖਿਡਾਰੀ ਹੈ। ਡੀ ਅੰਦਰ ਉਹ ਬਹੁਤ ਕਾਰਗਾਰ ਸਾਬਤ ਹੁੰਦਾ ਹੈ। ਉਹ ਪੰਜਾਬ ਨੈਸ਼ਨਲ ਬੈਂਕ ਵਿੱਚ ਸਰਵਿਸ ਕਰਦਾ ਹੈ।
ਉਕਤ ਅੱਠ ਖਿਡਾਰੀਆਂ ਤੋਂ ਇਲਾਵਾ ਕਪੂਰਥਲਾ ਦਾ ਗੋਲਚੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਮਾਝੇ ਦਾ ਡਰੈਗ ਫਲਿੱਕਰ ਜੁਗਰਾਜ ਸਿੰਘ ਭਾਰਤੀ ਟੀਮ ਵਿੱਚ ਰਾਖਵੇਂ ਖਿਡਾਰੀ ਵਜੋਂ ਸ਼ਾਮਲ ਸਨ।
@ਨਵਦੀਪ ਸਿੰਘ ਗਿੱਲ
ਲੇਖਕ